Latest News
ਪਾਕਿ ਗੋਲੀਬਾਰੀ 'ਚ ਸਹਾਇਕ ਕਮਾਂਡੈਂਟ ਸਮੇਤ ਚਾਰ ਸ਼ਹੀਦ, 5 ਜ਼ਖ਼ਮੀ

Published on 13 Jun, 2018 11:25 AM.

ਜੰਮੂ (ਨਵਾਂ ਜ਼ਮਾਨਾ ਸਰਵਿਸ)
ਸਰਹੱਦ 'ਤੇ ਇੱਕ ਵਾਰ ਫਿਰ ਪਾਕਿਸਤਾਨ ਨੇ ਨਾਪਾਕ ਹਰਕਤ ਕਰਦਿਆਂ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਜੰਮੂ ਦੇ ਰਾਮਗੜ੍ਹ ਸੈਕਟਰ 'ਚ ਹੋਈ ਇਹ ਗੋਲੀਬਾਰੀ 'ਚ ਬੀ ਐੱਸ ਐੱਫ਼ ਦੇ ਤਿੰਨ ਅਧਿਕਾਰੀ ਤੇ ਇੱਕ ਜਵਾਨ ਸ਼ਹੀਦ ਹੋ ਗਏ। ਜੰਮੂ ਦੇ ਰਾਮਗੜ੍ਹ ਸੈਕਟਰ ਦੀ ਚਮਲਿਆਲ ਚੌਕੀ 'ਤੇ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਬੀ ਐੱਸ ਐਫ਼ ਦੇ ਇੱਕ ਸਹਾਇਕ ਕਮਾਂਡੈਂਟ ਵੀ ਸ਼ਹੀਦ ਹੋ ਗਏ। ਮੰਗਲਵਾਰ ਦੇਰ ਰਾਤ ਹੋਈ ਇਸ ਫਾਇਰਿੰਗ 'ਚ 5 ਹੋਰ ਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਓਧਰ ਸਰਹੱਦ 'ਤੇ ਭਾਰਤੀ ਜਵਾਨ ਪਾਕਿਸਤਾਨੀ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦੇ ਰਹੇ ਹਨ।
ਗੋਲੀਬੰਦੀ 'ਤੇ ਜੰਮੂ ਸਰਹੱਦੀ ਖੇਤਰ ਦੇ ਬੀ ਐੱਸ ਐੱਫ਼ ਏ ਡੀ ਜੀ ਕਮਲ ਨਾਥ ਚੌਬੇ ਨੇ ਦੱਸਿਆ ਕਿ ਗੋਲੀਬੰਦੀ ਹਮੇਸ਼ਾ ਦੁਵੱਲਾ ਫ਼ੈਸਲਾ ਹੁੰਦਾ ਹੈ। ਅਸੀਂ ਹਮੇਸ਼ਾ ਗੋਲੀਬੰਦੀ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ, ਪ੍ਰੰਤੂ ਪਾਕਿਸਤਾਨ ਨੇ ਇਸ ਦਾ ਉਲੰਘਣ ਕੀਤਾ ਹੈ। ਉਨ੍ਹਾਂ ਕਿਹਾ ਕਿ ਗੋਲੀਬੰਦੀ ਹੋਵੇ ਜਾਂ ਨਾ ਹੋਵੇ, ਅਸੀਂ ਹਮੇਸ਼ਾ ਤਿਆਰ ਰਹਿੰਦੇ ਹਾਂ।
ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਮੰਗਲਵਾਰ ਰਾਤ ਪੌਣੇ ਦਸ ਵਜੇ ਪਹਿਲਾਂ ਸਾਂਬਾ ਸੈਕਟਰ ਦੇ ਰਾਮਗੜ੍ਹ 'ਚ ਨਰਾਇਣਪੁਰ ਦੀ ਚਮਲਿਆਲ ਚੌਕੀ 'ਤੇ ਪੈਟਰੋਲਿੰਗ ਕਰ ਰਹੀ ਬੀ ਐੱਸ ਐੱਫ਼ ਦੀ ਟੁਕੜੀ'ਤੇ ਸਨਾਇਪਰ ਫਾਇਰ ਕੀਤਾ ਅਤੇ ਇਸ ਤੋਂ ਬਾਅਦ ਜ਼ਖ਼ਮੀਆਂ ਦੇ ਬਚਾਓ 'ਚ ਆਈ ਟੀਮ ਨੂੰ ਨਿਸ਼ਾਨਾ ਬਣਾਉਂਦਿਆਂ ਮੋਰਟਾਰ ਦੇ ਗੋਲੇ ਦਾਗੇ। ਇਹ ਹਮਲਾ ਜੰਮੂ 'ਚ ਬੀ ਐੱਸ ਐੱਫ਼ ਅਤੇ ਪਾਕਿ ਰੇਂਜਰ ਦੇ ਸੈਕਟਰ ਕਮਾਂਡਰ ਦੇ ਪੱਧਰ 'ਤੇ ਹੋਈ ਫਲੈਗ ਮੀਟਿੰਗ ਦੇ ਇੱਕ ਹਫ਼ਤੇ ਤੋਂ ਬਾਅਦ ਹੋਇਆ ਹੈ। ਸ਼ਹੀਦਾਂ ਦੀ ਪਛਾਣ ਬੀ ਐੱਸ ਐੱਫ਼ ਦੀ 62ਵੀਂ ਬਟਾਲੀਅਨ ਦੇ ਸਹਾਇਕ ਕਮਾਂਡੈਂਟ ਜਤਿੰਦਰ ਸਿੰਘ, ਸਬ. ਇੰਸਪੈਕਟਰ ਰਜਨੀਸ਼, ਏ ਐੱਸ ਆਈ ਰਾਮ ਨਿਵਾਸ ਅਤੇ ਕਾਂਸਟੇਬਲ ਹੰਸ ਰਾਜ ਦੇ ਰੂਪ 'ਚ ਹੋਈ ਹੈ। ਜਤਿੰਦਰ ਸਿੰਘ ਰਾਜਸਥਾਨ ਦੇ ਜੈਪੁਰ ਦੇ ਨਿਵਾਸੀ ਹਨ।
ਬੀ ਐੱਸ ਐੱਫ਼ ਨੇ ਇਸ ਨੂੰ ਪਾਕਿਸਤਾਨੀ ਰੇਂਜਰਸ ਦੀ ਹਰਕਤ ਕਰਾਰ ਦਿੰਦਿਆਂ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਦਾ ਹਮਲਾ ਹੋਣ ਤੋਂ ਇਨਕਾਰ ਕੀਤਾ ਹੈ। ਬੀ ਐੱਸ ਐੱਫ਼ ਦੇ ਤਿੰਨ ਜਵਾਨ ਮੰਗਲਵਾਰ ਦੇਰ ਰਾਤ ਹੀ ਸ਼ਹੀਦ ਹੋ ਗਏ, ਜਦੋਂਕਿ ਇੱਕ ਜ਼ਖ਼ਮੀ ਰਜਨੀਸ਼ ਨੇ ਜੰਮੂ ਦੇ ਮਿਲਟਰੀ ਹਸਪਤਾਲ 'ਚ ਦਮ ਤੋੜਿਆ, ਜਿਸ ਇਲਾਕੇ 'ਚ ਪਾਕਿਸਤਾਨ ਨੇ ਹਮਲਾ ਕੀਤਾ ਹੈ, ਉਥੇ 28 ਜੂਨ ਨੂੰ ਬਾਬਾ ਦਲੀਪ ਸਿੰਘ ਦੀ ਮਜ਼ਾਰ 'ਤੇ ਸਰਹੱਦ ਦੇ ਦੋਵੇਂ ਪਾਸੇ ਬਾਬਾ ਚਮਲਿਆਲ ਦਾ ਸਾਲਾਨਾ ਮੇਲਾ ਲੱਗਣਾ ਸੀ।
ਸੂਤਰਾਂ ਅਨੁਸਾਰ ਪਾਕਿਸਤਾਨ ਨੇ ਆਪਣੀ ਅਸ਼ਰਫ਼ ਅਤੇ ਸਦਨਵਾਲਾ ਚੌਂਕੀਆਂ ਤੋਂ ਗੋਲੀਬਾਰੀ ਕੀਤੀ, ਜਿਥੇ ਚਿਨਾਬ ਰੇਂਜਰਸ ਤਾਇਨਾਤ ਹਨ। ਬੀ ਐੱਸ ਐੱਫ਼ ਨੇ ਵੀ ਪਾਕਿਸਤਾਨ ਨੂੰ ਢੁੱਕਵਾਂ ਜਵਾਬ ਦਿੱਤਾ। ਇਸ ਘਟਨਾ ਤੋਂ ਬਾਅਦ ਘੁਸਪੈਠ ਦੀ ਸੰਭਾਵਨਾ ਨੂੰ ਵੇਖਦਿਆਂ ਬੀ ਐੱਸ ਐੱਫ ਨੇ ਸਰਹੱਦ 'ਤੇ ਚੌਕਸੀ ਵਧਾ ਦਿੱਤੀ ਹੈ। ਦੇਰ ਰਾਤ ਤੱਕ ਸਰਹੱਦ 'ਤੇ ਰੁਕ-ਰੁਕ ਕੇ ਗੋਲੀਬਾਰੀ ਜਾਰੀ ਰਹੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਪਿਛਲੇ ਕੁਝ ਸਮੇਂ 'ਚ ਗੋਲੀਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ 'ਚ ਕਾਫ਼ੀ ਤੇਜ਼ੀ ਆਈ ਹੈ।
ਪਾਕਿ ਰੇਂਜਰਸ ਦੇ ਜਵਾਨਾਂ ਨੇ ਸ਼ਨੀਵਾਰ ਨੂੰ ਵੀ ਅਖਨੂਰ ਦੇ ਪਰਗਵਾਲ 'ਚ ਭਾਰੀ ਗੋਲੀਬਾਰੀ ਕੀਤੀ, ਜਿਸ ਕਾਰਨ ਬੀ ਐੱਸ ਐੱਫ਼ ਦੇ ਦੋ ਜਵਾਨ ਜਵਾਬੀ ਕਾਰਵਾਈ 'ਚ ਸ਼ਹੀਦ ਹੋ ਗਏ ਸਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਉਸ ਸਮੇਂ ਹੋ ਰਹੀਆਂ ਹਨ, ਜਦੋਂ ਪਿਛਲੇ ਦਿਨੀਂ ਭਾਰਤ-ਪਾਕਿ ਵਿਚਕਾਰ ਡੀ ਜੀ ਐੱਮ ਓ ਪੱਧਰ 'ਤੇ ਸਰਹੱਦ 'ਤੇ ਸ਼ਾਂਤੀ ਬਹਾਲ ਕਰਨ ਦੀ ਦਿਸ਼ਾ 'ਚ ਕਦਮ ਚੁੱਕਣ ਦਾ ਫ਼ੈਸਲਾ ਲਿਆ ਗਿਆ ਸੀ।

338 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper