ਇਸਲਾਮਾਬਾਦ, (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੇ ਪਹਿਲੇ ਸਿੱਖ ਪੁਲਸ ਅਫਸਰ ਗੁਲਾਬ ਸਿੰਘ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਜ਼ਬਰਦਸਤੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਦੇਸ਼ 'ਚੋਂ ਬਾਹਰ ਕੱਢਣਾ ਚਾਹੁੰਦੀ ਹੈ। ਗੁਲਾਬ ਸਿੰਘ ਵੱਲੋਂ ਇਹ ਵੀ ਦਾਅਵਾ ਉਸ ਨਾਲ ਕੁੱਟਮਾਰ ਕੀਤੇ ਜਾਣ ਅਤੇ ਪੂਰੇ ਪਰਵਾਰ ਨੂੰ ਘਰੋਂ ਬਾਹਰ ਕੱਢੇ ਜਾਣ ਦੇ ਇੱਕ ਦਿਨ ਬਾਅਦ ਕੀਤਾ ਗਿਆ ਹੈ।
ਸਮਾਚਾਰ ਏਜੰਸੀਆਂ ਮੁਤਾਬਿਕ ਗੁਲਾਬ ਸਿੰਘ ਨੇ ਕਿਹਾ ਕਿ 1947 ਤੋਂ ਮੇਰਾ ਪਰਵਾਰ ਪਾਕਿਸਤਾਨ 'ਚ ਰਹਿੰਦਾ ਆ ਰਿਹਾ ਹੈ। ਦੰਗਾ ਹੋਣ ਦੇ ਬਾਵਜੂਦ ਅਸੀਂ ਪਾਕਿਸਤਾਨ ਨਹੀਂ ਛੱਡਿਆ, ਪਰ ਹੁਣ ਸਾਡੇ ਨਾਲ ਜ਼ਬਰਦਸਤੀ ਕਰਕੇ ਸਾਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਮੇਰੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਮੇਰੇ ਸਾਰੇ ਸਾਮਾਨ ਇੱਥੋਂ ਤੱਕ ਕਿ ਮੇਰੀ ਚੱਪਲ ਵੀ ਉਸ ਦੇ ਅੰਦਰ ਹੀ ਬੰਦ ਕਰ ਦਿੱਤੀ। ਹਾਲਾਤ ਇਹ ਹੈ ਕਿ ਮੇਰੇ ਸਿਰ 'ਤੇ ਬੰਨ੍ਹੀ ਪੱਗ ਵੀ ਪੁਰਾਣੀ ਹੈ। ਮੈਨੂੰ ਪ੍ਰੇਸ਼ਾਨ ਕੀਤਾ ਗਿਆ, ਕੁੱਟਿਆ ਗਿਆ ਅਤੇ ਮੇਰੇ ਵਿਸ਼ਵਾਸ ਦਾ ਅਪਮਾਨ ਕੀਤਾ ਗਿਆ।
ਇਸ ਘਟਨਾ ਦੇ ਬਾਅਦ ਗੁਲਾਬ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੂੰ ਜ਼ਬਰਦਸਤੀ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈ ਟੀ ਪੀ ਬੀ) ਵੱਲੋਂ ਕੀਤਾ ਗਿਆ ਹੈ। ਇੱਥੇ ਇਹ ਦੱਸਣਾ ਬੇਹੱਦ ਜ਼ਰੂਰੀ ਹੈ ਕਿ ਈ ਟੀ ਪੀ ਬੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ ਐੱਸ ਜੀ ਪੀ ਸੀ) ਦੀ ਇੱਕ ਮਹੱਤਵਪੂਰਨ ਇਕਾਈ ਹੈ। ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ ਜੀ ਪੀ ਸੀ) ਦੇ ਨਾਲ ਇਕਰਾਰਨਾਮਾ ਹੋਇਆ, ਜਿਸ 'ਚ ਕਿਹਾ ਗਿਆ ਕਿ ਪਾਕਿਸਤਾਨ 'ਚ ਸਿੱਖਾਂ ਦੇ ਨਾਲ ਦੁਰਵਿਵਹਾਰ ਨਹੀਂ ਕੀਤਾ ਜਾਵੇਗਾ। ਉਸ ਦੇ ਬਾਵਜੂਦ ਸਾਨੂੰ ਕੱਢਿਆ ਜਾ ਰਿਹਾ ਹੈ।