Latest News
'ਹਿੰਦੂ ਪਾਕਿਸਤਾਨ' ਵਾਲੇ ਬਿਆਨ 'ਤੇ ਸ਼ਸ਼ੀ ਥਰੂਰ ਨੂੰ ਕਾਂਗਰਸ ਨੇ ਵਰਜਿਆ

Published on 12 Jul, 2018 11:33 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਨੇ ਆਪਣੇ ਨੇਤਾ ਸ਼ਸ਼ੀ ਥਰੂਰ ਦੇ ਉਸ ਬਿਆਨ ਨੂੰ ਖਾਰਜ ਕੀਤਾ ਹੈ, ਜਿਸ 'ਚ ਉਨ੍ਹਾ ਕਿਹਾ ਸੀ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਜਿੱਤੀ ਤਾਂ ਭਾਰਤ 'ਹਿੰਦੂ ਪਾਕਿਸਤਾਨ' ਬਣ ਜਾਵੇਗਾ। ਨਾਲ ਹੀ ਕਾਂਗਰਸ ਨੇ ਸ਼ਸ਼ੀ ਥਰੂਰ ਨੂੰ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਵਰਜਿਆ ਹੈ। ਕਾਂਗਰਸ ਨੇ ਇਹ ਵੀ ਕਿਹਾ ਕਿ ਭਾਰਤ ਦਾ ਲੋਕਤੰਤਰ ਏਨਾ ਮਜ਼ਬੂਤ ਹੈ ਕਿ ਇਹ ਦੇਸ਼ ਕਦੀ ਪਾਕਿਸਤਾਨ ਨਹੀਂ ਬਣ ਸਕਦਾ। ਸ਼ਸ਼ੀ ਥਰੂਰ ਨੇ ਕਿਹਾ, 'ਮੈਨੂੰ ਕਿਉਂ ਮੁਆਫ਼ੀ ਮੰਗਣੀ ਚਾਹੀਦੀ, ਜਦ ਉਹ ਖੁਦ ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ਨੂੰ ਮੰਨਦੇ ਹਨ.' ਇਸ ਤੋਂ ਪਹਿਲਾਂ ਸ਼ਸ਼ੀ ਥਰੂਰ ਨੇ ਥਿਰੂਵਨੰਥਾਪੁਰਮ 'ਚ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਜੇਕਰ 2019 'ਚ ਜਿੱਤਦੀ ਹੈ ਤਾਂ ਉਹ ਨਵਾਂ ਸੰਵਿਧਾਨ ਲਿਖੇਗੀ, ਜਿਸ 'ਚ ਇਹ ਦੇਸ਼ ਪਾਕਿਸਤਾਨ ਦੀ ਰਹ 'ਤੇ ਚੱਲ ਪਵੇਗਾ, ਜਿੱਥੇ ਘੱਟ ਗਿਣਤੀਆਂ ਦੇ ਅਧਿਕਾਰਾਂ ਦਾ ਕੋਈ ਸਨਮਾਨ ਨਹੀਂ ਕੀਤਾ ਜਾਂਦਾ। ਜਾਣਕਾਰੀ ਹੈ ਕਿ ਭਾਜਪਾ ਨੇ ਬੁੱਧਵਾਰ ਨੂੰ ਸ਼ਸ਼ੀ ਥਰੂਰ ਦੇ ਬਿਆਨ ਦੀ ਆਲੋਚਨਾ ਕੀਤੀ ਸੀ ਅਤੇ ਮੁਆਫ਼ੀ ਮੰਗਣ ਦੀ ਗੱਲ ਵੀ ਕਹੀ ਸੀ।
ਕਾਂਗਰਸ ਨੇਤਾ ਜੈਵੀਰ ਸ਼ੇਰਗਿੱਲ ਨੇ ਕਿਹਾ, 'ਭਾਰਤ ਦਾ ਲੋਕਤੰਤਰ ਏਨਾ ਮਜ਼ਬੂਤ ਹੈ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਇਹ ਦੇਸ਼ ਕਦੀ ਪਾਕਿਸਤਾਨ ਨਹੀਂ ਬਣ ਸਕਦਾ। ਭਾਰਤ ਇੱਕ ਬਹੁਭਾਸ਼ੀ ਦੇਸ਼ ਹੈ।' ਉਨ੍ਹਾ ਨੇ ਕਿਹਾ, ਮੈਂ ਇਸ ਮੰਚ ਤੋਂ ਕਾਂਗਰਸ ਦੇ ਹਰ ਨੇਤਾ ਅਤੇ ਵਰਕਰ ਨੂੰ ਬੇਨਤੀ ਕਰਦਾ ਹੈ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਕਿਸ ਤਰ੍ਹਾਂ ਦੇ ਬਿਆਨ ਦੇਣ ਹਨ। ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਚਾਹੇ ਭਾਜਪਾ ਆਪਣੇ ਨੇਤਾਵਾਂ ਦੇ ਵਿਵਾਦਤ ਬਿਆਨਾਂ 'ਤੇ ਚੁੱਪ ਰਹਿੰਦੀ ਹੈ, ਚਾਹੇ ਭਾਜਪਾ ਆਈ ਐੱਸ ਆਈ ਨੂੰ ਭਾਰਤ ਬੁਲਾਏ, ਚਾਹੇ ਭਾਜਪਾ ਜੰਮੂ-ਕਸ਼ਮੀਰ ਚੋਣਾਂ ਲਈ ਪਾਕਿਸਤਾਨ ਦਾ ਸ਼ੁਕਰੀਆ ਅਦਾ ਕਰੇ, ਚਾਹੇ ਭਾਜਪਾ ਦੇ ਮੰਤਰੀ ਅਪਰਾਧੀਆਂ ਨੂੰ ਹਾਰ ਪਹਿਨਾ ਕੇ ਦੇਸ਼ ਦੇ ਸੰਵਿਧਾਨ ਨੂੰੰ ਹਰਾ ਦੇਣ, ਪਰ ਸਾਨੂੰ ਬੋਲਣ ਲੱਗੇ ਸਾਵਧਾਨੀ ਵਰਤਣੀ ਚਾਹੀਦੀ ਹੈ।
ਭਾਰਤੀ ਲੋਕਤੰਤਰ ਅਤੇ ਧਰਮ-ਨਿਰਪੱਖਤਾ 'ਤੇ ਖਤਰੇ ਦੇ ਵਿਸ਼ੇ 'ਤੇ ਬੋਲਦੇ ਹੋਏ ਸ਼ਸ਼ੀ ਥਰੂਰ ਨੇ ਕਿਹਾ, 'ਜੇਕਰ ਭਾਜਪਾ ਲੋਕ ਸਭਾ ਚੋਣਾਂ 'ਚ ਦੋਬਾਰਾ ਜਿੱਤ ਦੁਹਰਾਉਂਦੀ ਹੈ ਤਾਂ ਇਸ ਨਾਲ ਭਾਰਤ ਦਾ ਸੰਵਿਧਾਨ ਖ਼ਤਰੇ 'ਚ ਪੈ ਜਾਵੇਗਾ। ਸਾਡਾ ਲੋਕਤੰਤਰਿਕ ਸੰਵਿਧਾਨ ਖ਼ਤਮ ਹੋ ਜਾਵੇਗਾ, ਕਿਉਂਕਿ ਉਨ੍ਹਾਂ ਕੋਲ ਭਾਰਤੀ ਸੰਵਿਧਾਨ ਦੀ ਧੱਜੀਆਂ ਉਡਾਉਣ ਅਤੇ ਇੱਕ ਨਵਾਂ ਸੰਵਿਧਾਨ ਲਿਖਣ ਵਾਲੇ ਸਾਰੇ ਤੱਤ ਮੌਜੂਦ ਹਨ।' ਇਸ ਵਿਵਾਦ 'ਤੇ ਥਰੂਰ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਭਾਜਪਾ ਹਿੰਦੂ ਰਾਸ਼ਟਰ ਲਈ ਸਟੈਂਡ 'ਤੇ ਖੜ੍ਹੀ ਹੈ। ਇਹ ਪਾਰਟੀ ਦੀ ਅਧਿਕਾਰਤ ਵਿਚਾਰਧਾਰਾ ਹੈ। ਪ੍ਰਧਾਨ ਮੰਤਰੀ ਨੇ ਪਾਰਟੀ ਨੂੰ ਦੀਨ ਦਿਆਲ ਉਪਧਿਆਏ ਦੇ ਵਿਚਾਰਾਂ ਬਾਰੇ ਪੜ੍ਹਨ ਲਈ ਕਿਹਾ ਹੈ, ਜੋ ਸੰਵਿਧਾਨ ਨੂੰ ਨਹੀਂ ਮੰਨਦੇ ਸਨ। ਭਾਜਪਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਥਰੂਰ ਦੇ ਬਿਆਨ ਬਾਰੇ ਮੁਆਫ਼ੀ ਮੰਗਣ ਲਈ ਕਿਹਾ ਸੀ। ਭਾਜਪਾ ਬੁਲਾਰੇ ਸੰਬਤ ਪਾਤਰਾ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਸ਼ਸ਼ੀ ਥਰੂਰ ਦੇ ਬਿਆਨ 'ਤੇ ਮੁਆਫ਼ੀ ਮੰਗਣ ਚਾਹੀਦੀ ਹੈ। ਪਾਕਿਸਤਾਨ ਬਣਾਉਣ ਲਈ ਕਾਂਗਰਸ ਜ਼ਿੰਮੇਵਾਰ ਸੀ, ਕਿਉਂਕਿ ਇੱਕ ਵਾਰ ਉਹ ਭਾਰਤ ਨੂੰ ਨੀਵਾਂ ਦਿਖਾਉਣ ਅਤੇ ਭਾਰਤ ਦੇ ਹਿੰਦੂਆਂ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੀ ਹੈ। ਪਾਤਰਾ ਨੇ ਟਵੀਟ 'ਤੇ ਵੀ ਜੰਮ ਕੇ ਆਲੋਚਨਾ ਕੀਤੀ। ਉਨ੍ਹਾ ਕਿਹਾ ਕਿ ਕਾਂਗਰਸ ਭਾਰਤ ਅਤੇ ਭਾਰਤ ਦੇ ਹਿੰਦੂਆਂ ਨੂੰ ਬਦਨਾਮ ਕਰਨ ਦਾ ਇੱਕ ਵੀ ਮੌਕਾ ਨਹੀਂ ਗਵਾਉਣਾ ਚਾਹੁੰਦੀ।

128 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper