Latest News
ਪੁਲਸ ਨੇ ਖੰਗਾਲੇ ਕੇਜਰੀਵਾਲ ਤੇ ਸਿਸੋਦੀਆ ਦੇ ਕਾਲ ਰਿਕਾਰਡ

Published on 12 Jul, 2018 11:34 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੇ ਚੀਫ਼ ਸੈਕਟਰੀ (ਸੀ ਅੱੈਸ) ਅੰਸ਼ੂ ਪ੍ਰਕਾਸ਼ ਨਾਲ ਮੁੱਖ ਮੰਤਰੀ ਹਾਊਸ 'ਚ ਹੋਈ ਕਥਿਤ ਕੁੱਟਮਾਰ ਦੇ ਮਾਮਲੇ 'ਚ ਦਿੱਲੀ ਪੁਲਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਕਾਲ ਡਿਟੇਲ ਤੱਕ ਖੰਗਾਲੇ ਹਨ। ਦੇਸ਼ ਦਾ ਇਹ ਪਹਿਲਾ ਇਸ ਤਰ੍ਹਾਂ ਦਾ ਮਾਮਲਾ ਹੋਵੇਗਾ, ਜਦ ਕਿਸੇ ਸੂਬੇ ਦੀ ਪੁਲਸ ਨੇ ਆਪਣੇ ਹੀ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਕਾਲ ਡਿਟੇਲ ਤੱਕ ਖੰਗਾਲੇ ਹੋਣ।
ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਸਾਜ਼ਿਜ਼ਕਰਤਾ ਦੀ ਭੂਮਿਕਾ 'ਚ ਰੱਖਣ ਵਾਲੀ ਦਿੱਲੀ ਪੁਲਸ ਇਸ ਪੂਰੇ ਮਾਮਲੇ ਦੀ ਚਾਰਜਸ਼ੀਟ ਤਿਆਰ ਕਰ ਚੁੱਕੀ ਹੈ, ਬੱਸ ਕੁਝ ਕਾਨੂੰਨੀ ਕਾਰਵਾਈ ਕਰਨੀ ਬਾਕੀ ਹੈ, ਜਿਸ ਤੋਂ ਬਾਅਦ ਚਾਰਜਸ਼ੀਟ ਅਦਾਲਤ 'ਚ ਪੇਸ਼ ਕੀਤੀ ਜਾਵੇਗੀ।
ਸੂਤਰ ਦਾਅਵਾ ਕਰ ਰਹੇ ਹਨ ਕਿ ਉਪ ਰਾਜਪਾਲ ਅਨਿਲ ਬੈਜਲ ਨਾਲ ਸੈਕਸ਼ਨ ਤੋਂ ਇਲਾਵਾ ਇਸ ਗੱਲ 'ਤੇ ਵੀ ਰਾਇ ਲਈ ਜਾ ਰਹੀ ਹੈ ਕਿ ਚਾਰਜਸ਼ੀਟ ਦਾਖਲ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਤੋਂ ਮਨਜ਼ੂਰੀ ਲੈਣੀ ਚਾਹੀਦੀ ਹੈ ਜਾਂ ਨਹੀਂ।
ਪੁਲਸ ਦਫ਼ਤਰ ਦੇ ਸੀਨੀਅਰ ਅਧਿਕਾਰੀ ਅਨੁਸਾਰ ਸੀ ਐੱਸ ਅੰਸ਼ੂ ਪ੍ਰਕਾਸ਼ ਮਾਮਲੇ 'ਚ ਜੋ ਫਾਇਲ ਚਾਰਜਸ਼ੀਟ ਬਣ ਕੇ ਤਿਆਰ ਹੋਈ ਹੈ, ਉਹ ਲੱਗਭੱਗ 850 ਤੋਂ 900 ਸਫਿਆਂ ਦੀ ਹੈ। ਇਸ ਦਾ ਰਫ਼ ਡਰਾਫਟ ਕਰੀਬ ਢਾਈ ਹਜ਼ਾਰ ਸਫਿਆਂ ਦਾ ਸੀ, ਜਿਸ ਨੂੰ ਆਡਿਟ ਕਰਕੇ ਏਨਾ ਬਣਾਇਆ ਗਿਆ ਹੈ। ਇਸ ਕੇਸ ਲਈ ਨਿਯੁਕਤ ਕੀਤੇ ਗਏ ਸੀਨੀਅਰ ਪਬਲਿਕ ਵਕੀਲ ਮੋਹਿਤ ਮਾਥੁਰ ਹੁਣ ਇਸ ਚਾਰਜਸ਼ੀਟ ਨੂੰ ਇੱਕ ਵਾਰ ਦੇਖ ਰਹੇ ਹਨ। ਇਸ 'ਚ ਕਾਨੂੰਨੀ ਪਹਿਲੂਆਂ ਨੂੰ ਦੇਖਦੇ ਹੋਏ ਕੁਝ ਬਦਲਾਅ ਅੰਤਮ ਸਮੇਂ ਕੀਤੇ ਵੀ ਜਾ ਸਕਦੇ ਹਨ।
ਪੁਲਸ ਸੂਤਰ ਦਾਅਵਾ ਕਰਦੇ ਰਹੇ ਹਨ ਕਿ ਇਸ ਬੇਹੱਦ ਧਿਆਨ ਅਤੇ ਬਰੀਕ ਜਾਂਚ ਤੋਂ ਬਾਅਦ ਹਰ ਪਹਿਲੂ ਨੂੰ ਧਿਆਨ 'ਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਪੁਲਸ ਸੂਤਰਾਂ ਅਨੁਸਾਰ ਇਸ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਖਿਲਾਫ਼ ਉਨ੍ਹਾਂ ਦੇ ਕੁਝ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਅਤੇ ਸਕੱਤਰ ਗਵਾਹ ਬਣੇ ਹਨ, ਜਿਨ੍ਹਾਂ ਦੋਸ਼ ਲਾਇਆ ਹੈ ਕਿ ਆਪ ਸਰਕਾਰ ਦੇ ਮੁਖੀ ਦਾ ਰਵੱਈਆ ਆਈ ਏ ਐੱਸ ਅਤੇ ਹੋਰ ਸੀਨੀਅਰ ਅਧਿਕਾਰੀਆਂ ਪ੍ਰਤੀ ਸਖ਼ਤ ਰਹਿੰਦਾ ਹੈ।
ਪੁਲਸ ਅਧਿਕਾਰੀਆਂ ਨੇ ਫਿਲਹਾਲ ਇਨ੍ਹਾਂ ਅਧਿਕਾਰੀਆਂ ਦੇ ਨਾਂਅ ਦਾ ਖੁਲਾਸਾ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਨ੍ਹਾਂ ਅਧਿਕਾਰੀਆਂ ਦੇ ਨਾਂਅ ਗੁਪਤ ਰੱਖਣ ਦੀ ਗੁਜ਼ਾਰਿਸ਼ ਕੀਤੀ ਗਈ ਹੈ। ਇਨ੍ਹਾਂ ਦਾ ਖੁਲਾਸਾ ਸਿਰਫ਼ ਅਦਾਲਤ 'ਚ ਹੀ ਕੀਤਾ ਜਾਵੇਗਾ।

206 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper