ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਭੀਮਾ-ਕੋਰੇਗਾਂਵ ਮਾਮਲੇ 'ਚ ਬੁੱਧੀਜੀਵੀਆਂ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਦੇਸ਼ ਦੇ ਮੰਨੇ-ਪ੍ਰਮੰਨੇ ਬੁੱਧੀਜੀਵੀਆਂ ਨੇ ਦਿੱਲੀ ਪ੍ਰੈੱਸ ਕਲੱਬ 'ਚ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਮੋਦੀ ਸਰਕਾਰ ਦੀ ਨਿੰਦਾ ਕੀਤੀ ਹੈ। ਇਸ 'ਚ ਲੇਖਕਾ ਅਰੁੰਧਤੀ ਰਾਏ ਨੇ ਮੋਦੀ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਅੱਜ ਗਰੀਬ ਦੀ ਮਦਦ ਕਰਨਾ ਅਪਰਾਧ ਹੋ ਗਿਆ ਹੈ। ਉਨ੍ਹਾ ਕਿਹਾ ਕਿ ਦੇਸ਼ ਇੱਕ ਖ਼ਤਰਨਾਕ ਦੌਰ ਵਿੱਚੋਂ ਲੰਘ ਰਿਹਾ ਹੈ ਅਤੇ ਵੰਡ ਕਰੋ ਤੇ ਰਾਜ ਕਰੋ ਦੇ ਪੁਰਾਣੇ ਫਾਰਮੂਲੇ ਨੂੰ ਇੱਕ ਵਾਰ ਫਿਰ ਅਜਮਾਇਆ ਜਾ ਰਿਹਾ ਹੈ।
ਉਨ੍ਹਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, 'ਘੱਟ ਗਿਣਤੀ ਹੋਣਾ ਗੁਨਾਹ ਹੈ, ਗਰੀਬ ਹੋਣਾ ਗੁਨਾਹ ਹੈ। ਗਰੀਬਾਂ ਦੀ ਮਦਦ ਕਰਨਾ ਗੁਨਾਹ ਹੈ। ਅੱਜ ਅਸੀਂ ਇੱਕ ਖ਼ਤਰਨਾਕ ਦੌਰ 'ਚੋਂ ਲੰਘ ਰਹੇ ਹਨ। ਪ੍ਰਧਾਨ ਮੰਤਰੀ ਦੀ ਮਸ਼ਹੂਰੀ ਘਟ ਗਈ ਹੈ ਅਤੇ ਉਸ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।'
ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਜਪਾ ਦੀ ਜਿੱਤ ਦੇ ਬਾਅਦ ਸਾਰਿਆਂ ਦੇ ਖਾਤਿਆਂ 'ਚ 15 ਲੱਖ ਰੁਪਏ ਆਉਣਗੇ, ਪਰ ਸੱਚ ਇਹ ਹੈ ਕਿ ਸਰਕਾਰ ਨੇ ਸੱਤਾ 'ਚ ਆਉਣ ਤੋਂ ਬਾਅਦ ਗਰੀਬਾਂ ਦਾ ਪੈਸਾ ਹੀ ਚੋਰੀ ਕਰ ਲਿਆ। ਉਨ੍ਹਾ ਕਿਹਾ ਜਿਸ ਤਰ੍ਹਾਂ ਸਿੱਖਿਆ ਸੰਸਥਾਵਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ, ਸਿੱਖਿਆ ਦਾ ਜਿਸ ਤਰ੍ਹਾਂ ਨਿੱਜੀਕਰਨ ਕੀਤਾ ਜਾ ਰਿਹਾ ਹੈ, ਇਹ ਕੁਝ ਨਹੀਂ, ਬਲਕਿ ਸਿੱਖਿਆ ਦਾ ਬ੍ਰਾਹਮਣੀਕਰਨ ਹੈ।
ਉਨ੍ਹਾ ਕਿਹਾ ਕਿ ਮਨੁੱਖੀ ਅਧਿਕਾਰ ਵਰਕਰਾਂ ਨੂੰ ਗ੍ਰਿਫ਼ਤਾਰ ਕਰਕੇ ਲੱਖਾਂ ਘੱਟ ਗਿਣਤੀਆਂ ਨੂੰ ਅਲੱਗ-ਥਲੱਗ ਕਰ ਦਿੱਤਾ ਹੈ। ਹੁਣ ਉਨ੍ਹਾਂ ਦਾ ਖਿਆਲ ਕੌਣ ਰੱਖੇਗਾ? ਰਾਏ ਨੇ ਕਿਹਾ, 'ਪਹਿਲਾਂ ਆਦਿਵਾਸੀਆਂ ਨੂੰ ਨਕਸਲੀ ਕਿਹਾ ਜਾਂਦਾ ਸੀ, ਹੁਣ ਦਲਿਤ ਵੀ ਨਕਸਲੀ ਹੋ ਗਏ ਹਨ। ਇਹ ਦੌਰ ਐਮਰਜੈਂਸੀ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ।'
ਪ੍ਰੈੱਸ ਕਾਨਫਰੰਸ 'ਚ ਅਰੁਧੰਤੀ ਰਾਏ ਤੋਂ ਇਲਾਵਾ ਅਰੁਣ ਰਾਏ ਵੀ ਮੌਜੂਦ ਸਨ। ਉਨ੍ਹਾ ਪੰਜ ਬੁੱਧੀਜੀਵੀਆਂ ਦੀ ਗ੍ਰਿਫ਼ਤਾਰੀ ਨੂੰ ਸੰਵਿਧਾਨਕ ਸੰਕਟ ਦੱਸਿਆ। ਉਨ੍ਹਾ ਕਿਹਾ, 'ਅੱਜ ਬੋਲਣ ਦੀ ਆਜ਼ਾਦੀ ਦਾ ਅਧਿਕਾਰ ਖ਼ਤਰੇ 'ਚ ਹੈ। ਇਹ ਉਨ੍ਹਾਂ ਲੋਕਾਂ ਲਈ ਸੰਕੇਤ ਹੈ, ਜੋ ਅਸਹਿਮਤੀ ਦਿਖਾਉਂਦੇ ਹਨ। ਉਹ 2019 ਤੋਂ ਪਹਿਲਾਂ ਇਸ ਤਰ੍ਹਾਂ ਦਾ ਸਮਾਜ ਬਣਾਉਣਾ ਚਾਹੁੰਦੇ ਹਨ, ਜੋ ਸਵਾਲ ਕਰਨ ਤੋਂ ਡਰਦੇ ਹਨ।