ਕੇਂਦਰ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਨੇ ਦੇਸ਼ ਨੂੰ ਫ਼ਿਰਕੂ ਅੱਗ ਵਿੱਚ ਝੋਕਣ ਦਾ ਜਿਹੜਾ ਰਾਹ ਅਖਤਿਆਰ ਕੀਤਾ ਹੋਇਆ ਹੈ, ਉਹ ਬੇਹੱਦ ਖ਼ਤਰਨਾਕ ਹੈ। ਤਾਜ਼ਾ ਘਟਨਾ ਗੁਜਰਾਤ ਦੀ ਹੈ, ਜਿੱਥੇ ਅਜਮੇਰ ਦਰਗਾਹ ਧਮਾਕੇ ਦੇ ਦੋਸ਼ੀ ਦਾ ਹੀਰੋਆਂ ਵਾਂਗ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਭਾਜਪਾ ਆਗੂਆਂ ਉੱਤੇ ਭੀੜਾਂ ਵੱਲੋਂ ਕਤਲ ਕੀਤੇ ਗਏ ਮੁਸਲਮਾਨ ਤੇ ਦਲਿਤ ਸਮੁਦਾਏ ਦੇ ਲੋਕਾਂ ਦੇ ਕਾਤਲਾਂ ਨੂੰ ਸਨਮਾਨਤ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਉੱਤਰ ਪ੍ਰਦੇਸ਼ ਦੇ ਦਾਦਰੀ ਵਿੱਚ ਹਿੰਦੂਤੱਵੀਆਂ ਦੀ ਭੀੜ ਵੱਲੋਂ ਗਊ ਮਾਸ ਰੱਖਣ ਦਾ ਦੋਸ਼ ਲਾ ਕੇ ਮੁਹੰਮਦ ਅਖਲਾਕ ਨਾਂਅ ਦੇ ਵਿਅਕਤੀ ਨੂੰ ਕਤਲ ਕਰ ਦਿੱਤਾ ਗਿਆ ਸੀ। ਕਤਲ ਦੇ ਦੋਸ਼ੀ ਵਿਅਕਤੀ ਜਦੋਂ ਜ਼ਮਾਨਤ ਉੱਤੇ ਬਾਹਰ ਆਏ ਤਾਂ ਸਥਾਨਕ ਭਾਜਪਾ ਵਿਧਾਇਕ ਦੀ ਸਿਫ਼ਾਰਸ਼ ਉੱਤੇ ਉਨ੍ਹਾਂ ਨੂੰ ਸਰਕਾਰੀ ਮਾਲਕੀ ਵਾਲੇ ਅਦਾਰੇ ਵਿੱਚ ਨੌਕਰੀ ਦੇ ਦਿੱਤੀ ਗਈ। ਇਸ ਤਰ੍ਹਾਂ ਹੀ ਝਾਰਖੰਡ ਵਿੱਚ ਭੀੜ ਤੰਤਰ ਰਾਹੀਂ ਹੱਤਿਆ ਦੇ ਦੋਸ਼ੀ ਹਿੰਦੂਤੱਵੀ ਗੁੰਡੇ ਜਦੋਂ ਜ਼ਮਾਨਤ ਉੱਤੇ ਬਾਹਰ ਆਏ ਤਾਂ ਕੇਂਦਰੀ ਮੰਤਰੀ ਜਯੰਤ ਸਿਨਹਾ ਨੇ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਸੀ। ਤਾਜ਼ਾ ਘਟਨਾ ਅਜਮੇਰ ਦਰਗਾਹ ਧਮਾਕੇ ਨਾਲ ਜੁੜੀ ਹੋਈ ਹੈ। ਅਜਮੇਰ ਧਮਾਕੇ ਵਿੱਚ ਭਰੂਚ (ਗੁਜਰਾਤ) ਦੇ ਰਹਿਣ ਵਾਲੇ ਭਾਵੇਸ਼ ਪਟੇਲ ਅਤੇ ਅਜਮੇਰ ਦੇ ਦੇਵੇਂਦਰ ਗੁਪਤਾ ਨੂੰ ਅਗਸਤ 2017 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਜਮੇਰ ਬਲਾਸਟ ਵਿੱਚ ਤਿੰਨ ਵਿਅਕਤੀ ਮਾਰੇ ਗਏ ਸਨ ਤੇ 15 ਹੋਰ ਜ਼ਖ਼ਮੀ ਹੋ ਗਏ ਸਨ। ਪਿਛਲੇ ਹਫ਼ਤੇ ਇਸ ਕੇਸ ਦੀ ਸੁਣਵਾਈ ਕਰਦਿਆਂ ਰਾਜਸਥਾਨ ਹਾਈ ਕੋਰਟ ਨੇ ਅਪੀਲ ਦਾ ਫ਼ੈਸਲਾ ਹੋਣ ਤੱਕ ਦੋਸ਼ੀਆਂ ਨੂੰ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਸੀ। ਜ਼ਮਾਨਤ ਉੱਤੇ ਰਿਹਾਅ ਹੋਣ ਤੋਂ ਬਾਅਦ ਭਾਵੇਸ਼ ਪਟੇਲ ਜਦੋਂ ਭਰੂਚ ਰੇਲਵੇ ਸਟੇਸ਼ਨ ਉੱਤੇ ਪੁੱਜਾ ਤਾਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਭਗਵਾਂ ਵਸਤਰਧਾਰੀ ਅਤੇ ਖ਼ੁਦ ਨੂੰ ਸਵਾਮੀ ਮੁਕਤਾਨੰਦ ਦੱਸਣ ਵਾਲੇ ਭਾਵੇਸ਼ ਇੱਕ ਜਲੂਸ ਦੇ ਨਾਲ ਆਪਣੇ ਘਰ ਪੁੱਜੇ। ਇਸ ਸਵਾਗਤੀ ਜਲੂਸ ਵਿੱਚ ਭਰੂਚ ਨਗਰ ਪਾਲਿਕਾ ਦੇ ਭਾਜਪਾ ਦੇ ਪ੍ਰਧਾਨ ਸੁਰਬਬੀਨ ਤਮਕੁਵਾਲਾ, ਕੌਂਸਲਰ ਮਾਰੂਤੀ ਸਿੰਘ ਅਤੋਦਾਰੀਆ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਰਲ ਦੇਸਾਈ ਅਤੇ ਸਥਾਨਕ ਆਰ ਐੱਸ ਐੱਸ ਦੇ ਮੈਂਬਰ ਸ਼ਾਮਲ ਸਨ। ਭਾਵੇਸ਼ ਪਟੇਲ ਤੇ ਦੇਵੇਂਦਰ ਗੁਪਤਾ ਵੀ ਆਰ ਐੱਸ ਐੱਸ ਦੇ ਮੈਂਬਰ ਹਨ। ਭਾਜਪਾ ਦੇ ਬਾਪ ਆਰ ਐੱਸ ਐੱਸ ਦਾ ਹਿੰਸਕ ਵਾਰਦਾਤਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਸੰਨ 1948 ਵਿੱਚ ਇਸ ਦੇ ਮੈਂਬਰ ਨੱਥੂ ਰਾਮ ਗੌਡਸੇ ਵੱਲੋਂ ਮਹਾਤਮਾ ਗਾਂਧੀ ਦਾ ਕਤਲ ਇਸ ਦੀ ਉੱਘੜਵੀਂ ਮਿਸਾਲ ਹੈ, ਪਰ ਅੱਜ ਜੋ ਹੋ ਰਿਹਾ ਹੈ, ਉਦੋਂ ਹੋ ਰਿਹਾ ਹੈ, ਜਦੋਂ ਸਮੁੱਚੇ ਦੇਸ਼ ਦੀ ਵਾਗਡੋਰ ਭਾਜਪਾ ਦੇ ਹੱਥ ਹੈ। ਦੇਸ਼ ਦੀ ਇਹ ਸਥਿਤੀ ਬੇਹੱਦ ਖ਼ਤਰਨਾਕ ਹੈ। ਇਸ ਦੇ ਟਾਕਰੇ ਲਈ ਸਭ ਸੈਕੂਲਰ ਤੇ ਆਜ਼ਾਦੀ ਪਸੰਦ ਧਿਰਾਂ ਨੂੰ ਮੈਦਾਨ ਮੱਲਣਾ ਪਵੇਗਾ। ਸੰਨ 2019 ਦੀਆਂ ਚੋਣਾਂ ਸਮੁੱਚੇ ਦੇਸ਼ਵਾਸੀਆਂ ਲਈ ਇਮਤਿਹਾਨ ਦੀ ਘੜੀ ਹੋਣਗੀਆਂ। ਅੱਜ ਹਰ ਭਾਰਤੀ ਦਾ ਫ਼ਰਜ਼ ਬਣਦਾ ਹੈ ਕਿ ਉਹ ਪ੍ਰਣ ਕਰੇ ਕਿ ਤਾਨਾਸ਼ਾਹੀ ਹਕੂਮਤ ਦੇ ਖ਼ਾਤਮੇ ਲਈ ਆਪਣੀ ਪੂਰੀ ਸ਼ਕਤੀ ਲਾ ਦੇਵੇਗਾ।