ਬੇਗੂਸਰਾਏ (ਨਵਾਂ ਜ਼ਮਾਨਾ ਸਰਵਿਸ)
ਲੋਕਤੰਤਰ 'ਤੇ ਭੀੜਤੰਤਰ ਭਾਰੀ ਪੈਣ ਦਾ ਮਾਮਲਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਇਹ ਤਾਜ਼ਾ ਘਟਨਾ ਬੇਗੂਸਰਾਏ ਜ਼ਿਲ੍ਹੇ ਦੀ ਹੈ, ਜਿੱਥੇ ਸ਼ੁੱਕਰਵਾਰ ਨੂੰ ਹਥਿਆਰਾਂ ਨਾਲ ਤਿੰਨ ਕਥਿਤ ਬਦਮਾਸ਼ ਇੱਕ ਸਕੂਲ ਦੇ ਅੰਦਰ ਵਿਦਿਆਰਥੀ ਨੂੰ ਅਗਵਾ ਕਰਨ ਦੇ ਇਰਾਦੇ ਨਾਲ ਵੜ ਗਏ। ਇਹ ਕਥਿਤ ਬਦਮਾਸ਼ ਆਪਣੇ ਮਨਸੂਬੇ 'ਚ ਕਾਮਯਾਬ ਹੋ ਪਾਉਂਦੇ, ਇਸ ਤੋਂ ਪਹਿਲਾਂ ਹੀ ਸਕੂਲ 'ਚ ਮੌਜੂਦ ਸਥਾਨਕ ਲੋਕਾਂ ਦੇ ਹੱਥੇ ਚੜ੍ਹ ਗਏ, ਜਿਨ੍ਹਾਂ ਤਿੰਨਾਂ ਨੂੰ ਕੁੱਟ-ਕੁੱਟ ਮਾਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਬੇਗੂਸਰਾਏ ਜ਼ਿਲ੍ਹੇ ਦੇ ਛੌਰਾਹੀ ਥਾਣਾ ਖੇਤਰ ਦੇ ਪੰਸਲਾ ਸਥਿਤ ਨਵੇਂ ਬਣੇ ਸਕੂਲ 'ਚ ਪੜ੍ਹਨ ਵਾਲੇ ਇੱਕ ਵਿਦਿਆਰਥੀ ਨੂੰ ਅਗਵਾ ਕਰਨ ਦੇ ਇਰਾਦੇ ਨਾਲ ਇਹ ਤਿੰਨੇ ਕਥਿਤ ਬਦਮਾਸ਼ ਪਹੁੰਚੇ ਸਨ। ਇਹ ਵਿਦਿਆਰਥੀ ਨੂੰ ਅਗਵਾ ਕਰਕੇ ਲੈ ਜਾਣ ਦੀ ਫਿਰਾਕ 'ਚ ਸਨ, ਉਸੇ ਸਮੇਂ ਸਕੂਲ ਦੇ ਪ੍ਰਿੰਸੀਪਲ ਨੇ ਇਸ ਦਾ ਵਿਰੋਧ ਕੀਤਾ। ਇਸ 'ਤੇ ਇਨ੍ਹਾਂ ਕਥਿਤ ਬਦਾਮਸ਼ਾਂ ਨੇ ਪ੍ਰਿੰਸੀਪਲ ਦੀ ਕੁਟਾਈ ਕਰ ਦਿੱਤੀ।
ਇਸ ਤੋਂ ਬਾਅਦ ਸਕੂਲ ਕੈਂਪਸ 'ਚ ਹੀ ਹੱਲਾ ਮਚ ਗਿਆ, ਜਿਸ ਕਾਰਨ ਸਥਾਨਕ ਲੋਕ ਉਥੇ ਇਕੱਠੇ ਹੋ ਗਏ। ਸੈਂਕੜੇ ਦੀ ਭੀੜ ਸਕੂਲ 'ਚ ਇਕੱਠੀ ਹੁੰਦੇ ਦੇਖ ਤਿੰਨੇ ਕਥਿਤ ਬਦਮਾਸ਼ ਉਥੋਂ ਦੌੜਨ ਲੱਗੇ। ਤਿੰਨਾਂ ਬਦਮਾਸ਼ਾਂ ਦੀ ਪਿੰਡ ਵਾਲਿਆਂ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ, ਜਿਸ 'ਚ ਇੱਕ ਅਪਰਾਧੀ ਦੀ ਮੌਤ ਮੌਕੇ 'ਤੇ ਹੀ ਹੋ ਗਈ, ਜਦਕਿ ਦੋ ਦੀ ਮੌਤ ਹਸਪਤਾਲ 'ਚ ਇਲਾਜ ਦੌਰਾਨ ਹੋ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਹੈ ਕਿ ਸੁਪਰੀਮ ਕੋਰਟ ਨੇ ਅੱਜ ਹੀ ਮਾਬ ਲਿਚਿੰਗ ਨੂੰ ਲੈ ਕੇ ਸਖ਼ਤ ਰੁਖ ਅਪਣਾਉਂਦੇ ਹੋਏ ਫੈਸਲਾ ਸੁਣਾਇਆ ਹੈ। ਬੀਤੇ ਦਿਨਾਂ 'ਚ ਦੇਸ਼ ਦੇ ਕਈ ਹਿੱਸਿਆ 'ਚ ਮਾਬ ਲਿਚਿੰਗ ਦੀਆਂ ਘਟਨਾਵਾਂ 'ਤੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਕੋਰਟ ਨੂੰ ਦੱਸਿਆ ਕਿ ਮਾਬ ਲਿਚਿੰਗ ਨੂੰ ਲੈ ਕੇ ਕਾਨੂੰਨ ਬਣਾਉਣ ਲਈ ਗਰੁੱਪ ਆਫ਼ ਮਨਿਸਟਰ ਦਾ ਗਠਨ ਕੀਤਾ ਜਾ ਚੁੱਕਾ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ 9 ਸੂਬਿਆਂ ਨੇ ਪਾਲਣ ਰਿਪੋਰਟ ਨੂੰ ਦਾਖਲ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਹੋਰ ਬਾਕੀ ਸਰਕਾਰਾਂ ਇੱਕ ਹਫ਼ਤੇ ਦੇ ਅੰਦਰ ਪਾਲਣ ਰਿਪੋਰਟ ਦਾਖ਼ਲ ਕਰਨ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ 'ਚ ਲੈਣ ਦਾ ਅਧਿਕਾਰ ਨਹੀਂ।