ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਸਮਝੌਤੇ ਨੂੰ ਲੈ ਕੇ ਇੱਕ ਵਾਰ ਫਿਰ ਸਿੱਧੇ ਪ੍ਰਧਾਨ ਮੰਤਰੀ 'ਤੇ ਤਿੱਖਾ ਹਮਲਾ ਕੀਤਾ ਹੈ। ਰਾਹੁਲ ਨੇ ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਫ਼ੇਲ 'ਤੇ ਨਵੇਂ ਖੁਲਾਸੇ ਨਾਲ ਇੱਕ ਵਾਰ ਫਿਰ ਸਪੱਸ਼ਟ ਹੋਇਆ ਹੈ ਕਿ ਪ੍ਰਧਾਨ ਮੰਤਰੀ ਨੇ 30,000 ਕਰੋੜ ਰੁਪਏ ਅਨਿਲ ਅੰਬਾਨੀ ਦੀ ਜੇਬ 'ਚ ਪਾਏ ਹਨ। ਰਾਹੁਲ ਨੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੇ ਫਰਾਂਸ ਦੌਰੇ 'ਤੇ ਵੀ ਸਵਾਲ ਉਠਾਇਆ ਹੈ। ਫਰਾਂਸ ਦੀ ਇਨਵੈਸਟੀਗੇਸ਼ਨ ਵੈੱਬਸਾਈਟ ਮੀਡੀਆ ਪਾਰਟ 'ਚ ਛਪੇ ਇੱਕ ਲੇਖ ਦੇ ਹਵਾਲੇ ਨਾਲ ਕਿਹਾ ਹੈ ਕਿ ਹੁਣ ਦਸਾਲਟ ਦੇ ਸੀਨੀਅਰ ਐਗਜ਼ੀਕਿਊਟਿਵ ਨੇ ਵੀ ਇਹ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਹਿਣ 'ਤੇ ਰਿਲਾਇੰਸ ਨੂੰ ਰਾਫ਼ੇਲ ਕਰਾਰ ਦਿੱਤਾ ਗਿਆ ਸੀ।
ਰਾਹੁਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਰਾਫ਼ੇਲ 'ਤੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੇ ਵੀ ਕਿਹਾ ਸੀ ਕਿ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਉਸ ਨੂੰ ਕਿਹਾ ਸੀ ਕਿ ਅਨਿਲ ਅੰਬਾਨੀ ਨੂੰ ਇਸ ਦਾ ਕੰਟਰੈਕਟ ਮਿਲਣਾ ਚਾਹੀਦਾ ਹੈ। ਹੁਣ ਰਾਫ਼ੇਲ ਦੇ ਸੀਨੀਅਰ ਐਗਜ਼ੀਕਿਊਟਿਵ ਰਹੇ ਇੱਕ ਵਿਅਕਤੀ ਨੇ ਕਿਹਾ ਕਿ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਅਨਿਲ ਅੰਬਾਨੀ ਨੂੰ 30,000 ਕਰੋੜ ਰੁਪਏ ਦਾ ਲਾਭ ਦਿੱਤਾ ਹੈ।
ਰਾਹੁਲ ਨੇ ਕਿਹਾ, 'ਸੁÎਣਿਆ ਹੈ ਕਿ ਨਿਰਮਲਾ ਸੀਤਾਰਮਨ ਜੀ ਫਰਾਂਸ ਗਏ ਹਨ। ਆਖਿਰ ਕੀ ਐਮਰਜੈਂਸੀ ਹੈ ਕਿ ਉਹ ਫਰਾਂਸ ਚਲੀ ਗਈ ਹੈ ਅਤੇ ਉਨ੍ਹਾ ਦਸਾਲਟ ਦੀ ਫੈਕਟਰੀ 'ਚ ਜਾਣ ਹੈ।'
ਰਾਹੁਲ ਨੇ ਪ੍ਰਧਾਨ ਮੰਤਰੀ 'ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਅਨਿਲ ਅੰਬਾਨੀ 'ਤੇ 45000 ਕਰੋੜ ਰੁਪਏ ਦਾ ਕਰਜ਼ ਹੈ, ਇਸ ਲਈ ਪ੍ਰਧਾਨ ਮੰਤਰੀ ਉਨ੍ਹਾ ਦੀ ਜੇਬ 'ਚ 30, 000 ਕਰੋੜ ਰੁਪਏ ਪਾ ਰਹੇ ਹਨ। ਰਾਫ਼ੇਲ ਦੇ ਦੂਸਰੇ ਸਭ ਤੋਂ ਵੱਡੇ ਅਧਿਕਾਰੀ ਨੇ ਇਹ ਗੱਲ ਕਹੀ ਹੈ।
ਪੂਰੇ ਹਿੰਦੁਸਤਾਨ ਨੂੰ ਪਤਾ ਹੈ ਕਿ ਮੋਦੀ ਜੀ ਨੇ ਜਨਤਾ ਦੇ 30,000 ਕਰੋੜ ਰੁਪਏ ਅਨਿਲ ਅੰਬਾਨੀ ਦੀ ਜੇਬ 'ਚ ਪਾਏ ਹਨ।
ਉਹਨਾ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਭ੍ਰਿਸ਼ਟ ਹਨ। ਉਨ੍ਹਾ ਭ੍ਰਿਸ਼ਟਾਚਾਰ ਨਾਲ ਲੜਨ ਦੇ ਨਾਂਅ 'ਤੇ ਸੱਤਾ ਹਾਸਲ ਕੀਤੀ ਸੀ। ਅਸੀਂ ਜਦ ਲੋਕ ਸਭਾ 'ਚ ਚਰਚਾ ਕੀਤੀ ਤਾਂ ਉਹ ਅੱਖ ਨਹੀਂ ਮਿਲਾ ਰਹੇ ਸਨ।