Latest News
ਦਲਬਦਲੀ

Published on 24 Jun, 2019 11:19 AM.


ਪਿਛਲੇ ਦਿਨੀਂ ਤੇਲਗੂ ਦੇਸਮ ਪਾਰਟੀ ਦੇ ਛੇ ਰਾਜ ਸਭਾ ਮੈਂਬਰਾਂ ਵਿੱਚੋਂ 4 ਨੇ ਭਾਜਪਾ ਦਾ ਪੱਲਾ ਫੜ ਲਿਆ ਸੀ। ਇਨ੍ਹਾਂ ਵਿੱਚ ਉਹ ਸੁਜਾਨਾ ਚੌਧਰੀ ਵੀ ਸ਼ਾਮਲ ਹੈ, ਜਿਸ ਉੱਤੇ 6 ਹਜ਼ਾਰ ਕਰੋੜ ਰੁਪਏ ਦੇ ਬੈਂਕ ਘੁਟਾਲੇ ਦਾ ਦੋਸ਼ ਲੱਗ ਚੁੱਕਾ ਹੈ। ਪਿਛਲੇ ਸਾਲ ਨਵੰਬਰ ਵਿੱਚ ਈ ਡੀ ਨੇ ਬੈਂਕ ਘੁਟਾਲੇ ਦੇ ਕੇਸ ਵਿੱਚ ਸੁਜਾਨਾ ਚੌਧਰੀ ਦੇ ਘਰ ਉੱਤੇ ਛਾਪਾ ਮਾਰਿਆ ਸੀ। ਇਸ ਛਾਪੇ ਵਿੱਚ ਉਸ ਦੇ ਘਰੋਂ ਈ ਡੀ ਨੇ ਫੇਰਾਰੀ, ਰੇਂਜ ਰੋਵਰ ਅਤੇ ਮਰਸੀਡੀਜ਼ ਬੈਂਜ਼ ਸਮੇਤ 6 ਮਹਿੰਗੀਆਂ ਕਾਰਾਂ ਅਤੇ ਕਈ ਸਾਰੇ ਦਸਤਾਵੇਜ਼ ਬਰਾਮਦ ਕੀਤੇ ਸਨ।
ਈ ਡੀ ਨੇ ਦੋਸ਼ ਲਾਇਆ ਸੀ ਕਿ ਚੌਧਰੀ ਦੇ ਕੰਟਰੋਲ ਹੇਠਲੀਆਂ 120 ਕੰਪਨੀਆਂ ਰਾਹੀਂ ਘੁਟਾਲੇ ਕੀਤੇ ਗਏ ਸਨ। ਈ ਡੀ ਨੇ ਦਾਅਵਾ ਕੀਤਾ ਸੀ ਕਿ ਸੁਜਾਨਾ ਸਮੂਹ ਦੀਆਂ ਸਭ ਕੰਪਨੀਆਂ ਨੂੰ ਚੌਧਰੀ ਹੀ ਚਲਾਉਂਦਾ ਸੀ, ਇਸ ਦੇ ਉਸ ਪਾਸ ਦਸਤਾਵੇਜ਼ੀ ਸਬੂਤ ਹਨ। ਈ ਡੀ ਨੇ ਕਿਹਾ ਸੀ ਕਿ ਜ਼ਬਤ ਕੀਤੀਆਂ ਗਈਆਂ ਮਹਿੰਗੀਆਂ ਕਾਰਾਂ ਇਨ੍ਹਾਂ ਕੰਪਨੀਆਂ ਦੇ ਨਾਂਅ ਉੱਤੇ ਹੀ ਦਰਜ ਹਨ। ਸੁਜਾਨਾ ਚੌਧਰੀ 2014 ਤੋਂ 2018 ਤੱਕ ਮੋਦੀ ਸਰਕਾਰ ਵਿੱਚ ਤੇਲਗੂ ਦੇਸਮ ਪਾਰਟੀ ਦੇ ਖਾਤੇ ਵਿੱਚੋਂ ਰਾਜ ਮੰਤਰੀ ਸਨ। ਬੀਤੇ ਸਾਲ ਜਦੋਂ ਤੇਲਗੂ ਦੇਸਮ ਪਾਰਟੀ ਮੋਦੀ ਸਰਕਾਰ ਤੋਂ ਬਾਹਰ ਆ ਗਈ ਤਾਂ ਸੁਜਾਨਾ ਚੌਧਰੀ ਨੇ ਅਸਤੀਫ਼ਾ ਦੇ ਦਿੱਤਾ ਸੀ।
ਭਾਜਪਾ ਵਿੱਚ ਸ਼ਾਮਲ ਹੋਣ ਸਮੇਂ ਸੁਜਾਨਾ ਚੌਧਰੀ ਨੇ ਕਿਹਾ ਕਿ ਉਹ ਦੇਸ਼ ਦੇ ਵਿਕਾਸ ਤੇ ਆਂਧਰਾ ਪ੍ਰਦੇਸ਼ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਇਸ ਤੋਂ ਪਹਿਲਾਂ ਈ ਡੀ ਵੱਲੋਂ ਮਾਰਿਆਂ ਛਾਪਿਆਂ ਦੌਰਾਨ ਸੁਜਾਨਾ ਚੌਧਰੀ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਆਂਧਰਾ ਪ੍ਰਦੇਸ਼ ਨੂੰ ਬਰਬਾਦ ਕਰਨ ਉੱਤੇ ਤੁਲੀ ਹੋਈ ਹੈ। ਇਹ ਛਾਪੇ ਮੇਰਾ ਸਿਆਸੀ ਕੈਰੀਅਰ ਬਰਬਾਦ ਕਰਨ ਲਈ ਮਾਰੇ ਜਾ ਰਹੇ ਹਨ। ਉਸ ਸਮੇਂ ਚੌਧਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਮੇਕ ਇਨ ਇੰਡੀਆ' ਉੱਤੇ ਵਿਅੰਗ ਕੱਸਦਿਆਂ ਕਿਹਾ ਸੀ ਕਿ ਮੋਦੀ ਦੇ ਹੁੰਦਿਆਂ 'ਮੇਕ ਇਨ ਇੰਡੀਆ ਨਹੀਂ, ਮਾਈਕ ਇਨ ਇੰਡੀਆ ਸੰਭਵ ਹੈ' ਪਰ ਹੁਣ ਉਸ ਦੇ ਸੁਰ ਬਦਲ ਗਏ। ਚੌਧਰੀ ਦੇ ਨਾਲ ਹੀ ਭਾਜਪਾ ਵਿੱਚ ਸ਼ਾਮਲ ਹੋਏ ਟੀ ਡੀ ਪੀ ਦੇ ਰਾਜ ਸਭਾ ਸਾਂਸਦ ਸੀ ਐੱਮ ਰਮੇਸ਼ ਦੇ ਘਰ ਅਤੇ ਦਫ਼ਤਰਾਂ ਉੱਤੇ ਵੀ ਆਮਦਨ ਕਰ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਉਸ ਸਮੇਂ ਸੀ ਐੱਮ ਰਮੇਸ਼ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਛਾਪੇ ਦੌਰਾਨ ਇੱਕ ਅਧਿਕਾਰੀ ਨੇ ਉਨ੍ਹਾ ਨੂੰ ਕਿਹਾ ਸੀ ਕਿ ਆਪ ਭਾਜਪਾ ਵਿੱਚ ਸ਼ਾਮਲ ਹੋ ਜਾਓ, ਨਹੀਂ ਤਾਂ ਆਉਣ ਵਾਲੇ ਦਿਨਾਂ ਦੌਰਾਨ ਹੋਰ ਕਾਰਵਾਈ ਦੀ ਉਮੀਦ ਰੱਖੋ।
ਉਕਤ ਵਿਅਕਤੀਆਂ ਉੱਤੇ ਛਾਪਿਆ ਸਮੇਂ ਭਾਜਪਾ ਆਗੂ ਜੀ ਵੀ ਐੱਲ ਨਰਸਿਮਹਾ ਰਾਓ ਦਾ ਬਿਆਨ ਵੀ ਘੱਟ ਦਿਲਚਸਪ ਨਹੀਂ ਹੈ। ਉਨ੍ਹਾ ਉਸ ਸਮੇਂ ਸੁਜਾਨਾ ਚੌਧਰੀ ਬਾਰੇ ਕਿਹਾ ਸੀ ਕਿ ਉਹ 5700 ਕਰੋੜ ਦਾ ਫਰਾਡ ਕਰਕੇ ਆਂਧਰਾ ਪ੍ਰਦੇਸ਼ ਦੇ ਵਿਜੇ ਮਾਲਿਆ ਬਣ ਗਏ ਹਨ। ਵਿਜੇ ਮਾਲਿਆ ਵਾਂਗ ਸੁਜਾਨਾ ਚੌਧਰੀ ਵੀ ਦੇਸ਼ ਛੱਡ ਦੇਣਗੇ।
ਇਸ ਦਲਬਦਲੀ ਦੇ ਘਟਨਾਕ੍ਰਮ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਹੈ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਜਦੋਂ ਕੇਂਦਰੀ ਮੰਤਰੀ ਹੁੰਦੇ ਸਨ ਤਾਂ ਉਨ੍ਹਾ 17 ਜੂਨ 2016 ਨੂੰ ਕਿਹਾ ਸੀ ਕਿ ਦਲਬਦਲੀ ਚੰਗੀ ਗੱਲ ਨਹੀਂ ਹੈ। ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਜਾਣ ਵਾਲੇ ਵਿਅਕਤੀ ਦੀ ਮੈਂਬਰੀ ਤੁਰੰਤ ਰੱਦ ਹੋਣੀ ਚਾਹੀਦੀ ਹੈ। ਉਨ੍ਹਾ ਕਿਹਾ ਸੀ ਕਿ ਦਲਬਦਲੀ ਨਾਲ ਲੋਕਤੰਤਰਿਕ ਕਦਰਾਂ ਦਾ ਘਾਣ ਹੋ ਰਿਹਾ ਹੈ, ਇਸ ਲਈ ਇਸ ਕਾਨੂੰਨ 'ਚ ਸੋਧ ਹੋਣੀ ਚਾਹੀਦੀ ਹੈ। ਹਾਲਾਂਕਿ ਹਾਲਾਤ ਦੀ ਤ੍ਰਾਸਦੀ ਇਹ ਹੈ ਕਿ ਤਿੰਨ ਸਾਲ ਤੋਂ ਬਾਅਦ ਇਨ੍ਹਾਂ 4 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਪੱਤਰ ਵੈਂਕਈਆ ਨਾਇਡੂ ਨੂੰ ਹੀ ਮਨਜ਼ੂਰ ਕਰਨਾ ਪਿਆ ਹੈ।

674 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper