Latest News
ਲਵਾਸਾ ਦੀ ਰਾਇ ਜਨਤਕ ਕਰਨ ਨਾਲ ਕਿਸੇ ਦੀ ਜਾਨ ਨੂੰ ਹੋ ਸਕਦੈ ਖਤਰਾ : ਚੋਣ ਕਮਿਸ਼ਨ

Published on 24 Jun, 2019 11:32 AM.


ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਫੈਸਲਿਆਂ ਵਿਚ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦੀ ਵੱਖਰੀ ਰਾਇ ਸੰਬੰਧੀ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਚੋਣ ਕਮਿਸ਼ਨ ਨੇ ਕਿਹਾ ਕਿ ਇਹ ਜਾਣਕਾਰੀ ਕਿਸੇ ਵਿਅਕਤੀ ਦੀ ਜਾਨ ਜਾਂ ਸਰੀਰਕ ਸੁਰੱਖਿਆ ਨੂੰ ਖਤਰੇ ਵਿਚ ਪਾ ਸਕਦੀ ਹੈ।
ਪੁਣੇ ਦੇ ਆਰ ਟੀ ਆਈ ਕਾਰਕੁਨ ਵਿਹਾਰ ਦੜਵੇ ਨੇ ਮੋਦੀ ਵੱਲੋਂ ਇਕ ਅਪ੍ਰੈਲ ਦੀ ਵਰਧਾ, 9 ਅਪ੍ਰੈਲ ਦੀ ਲਾਤੁਰ, 21 ਅਪ੍ਰੈਲ ਦੀ ਪਾਟਨ ਤੇ ਬਾੜਮੇਰ ਅਤੇ 25 ਅਪ੍ਰੈਲ ਦੀ ਵਾਰਾਨਸੀ ਰੈਲੀ ਵਿਚ ਦਿੱਤੇ ਗਏ ਭਾਸ਼ਣਾਂ ਦੇ ਸੰਬੰਧ ਵਿਚ ਲਵਾਸਾ ਵੱਲੋਂ ਦਿੱਤੀ ਗਈ ਵੱਖਰੀ ਰਾਇ ਬਾਰੇ ਜਾਣਕਾਰੀ ਮੰਗੀ ਸੀ।
ਚੋਣ ਕਮਿਸ਼ਨ ਨੇ ਜਾਣਕਾਰੀ ਨਾ ਦੇਣ ਲਈ ਆਰ ਟੀ ਆਈ ਐਕਟ ਦੇ ਸੈਕਸ਼ਨ 8 (1) (ਜੀ) ਦਾ ਹਵਾਲਾ ਦਿੱਤਾ ਹੈ, ਜਿਹੜਾ ਅਜਿਹੀ ਜਾਣਕਾਰੀ ਦੇਣ ਤੋਂ ਰੋਕਦਾ ਹੈ, ਜਿਹੜੀ ਕਿਸੇ ਦੀ ਜਾਨ ਜਾਂ ਸਰੀਰਕ ਸੁਰੱਖਿਆ ਨੂੰ ਖਤਰੇ ਵਿਚ ਪਾ ਸਕਦੀ ਹੈ ਜਾਂ ਕਾਨੂੰਨ ਲਾਗੂ ਕਰਨ ਜਾਂ ਸੁਰੱਖਿਆ ਮੰਤਵਾਂ ਖਾਤਰ ਭਰੋਸੇ ਨਾਲ ਦਿੱਤੀ ਗਈ ਸੂਚਨਾ ਜਾਂ ਸਹਾਇਤਾ ਦੇ ਵਸੀਲੇ ਨੂੰ ਬੇਪਰਦ ਕਰ ਸਕਦੀ ਹੈ। ਚੋਣ ਕਮਿਸ਼ਨ ਨੇ ਮੋਦੀ ਦੇ ਭਾਸ਼ਣਾਂ ਦੀ ਪੁਣਛਾਣ ਲਈ ਅਪਣਾਈ ਗਈ ਵਿਧੀ ਤੇ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦੇਣ ਤੋਂ ਵੀ ਨਾਂਹ ਕਰ ਦਿੱਤੀ ਹੈ।
16 ਮਈ ਨੂੰ ਲਵਾਸਾ ਨੇ ਆਦਰਸ਼ ਚੋਣ ਜ਼ਾਬਤੇ ਦੀਆਂ ਉਲੰਘਣਾਵਾਂ 'ਤੇ ਵਿਚਾਰ ਕਰਨ ਵਾਲੀਆਂ ਮੀਟਿੰਗਾਂ ਤੋਂ ਖੁਦ ਨੂੰ ਇਹ ਕਹਿੰਦਿਆਂ ਵੱਖ ਕਰ ਲਿਆ ਸੀ ਕਿ ਸ਼ਿਕਾਇਤਾਂ ਦੇ ਤੇਜ਼ੀ ਨਾਲ ਨਬੇੜੇ ਬਾਰੇ ਉਨ੍ਹਾ ਦੇ ਸੁਝਾਅ 'ਤੇ ਕੁਝ ਨਹੀਂ ਕੀਤਾ ਗਿਆ ਅਤੇ ਕਮਿਸ਼ਨ ਦੇ ਅੰਤਮ ਫੈਸਲਿਆਂ ਵਿਚ ਉਨ੍ਹਾ ਦੀ ਰਾਇ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ। ਲਵਾਸਾ ਨੇ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਕਲੀਨ ਚਿੱਟ ਦੇਣ ਦੇ ਪੰਜ ਮਾਮਲਿਆਂ 'ਚ ਵਿਰੋਧ ਦਰਜ ਕਰਾਇਆ ਸੀ। 21 ਮਈ ਨੂੰ ਪੂਰੇ ਚੋਣ ਕਮਿਸ਼ਨ ਦੀ ਮੀਟਿੰਗ ਵਿਚ ਲਵਾਸਾ ਦੀ ਮੰਗ ਰੱਦ ਕਰ ਦਿੱਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲਿਆਂ ਵਿਚ ਚੋਣ ਕਮਿਸ਼ਨਰਾਂ ਦੀ ਵੱਖਰੀ ਰਾਇ ਨੂੰ ਅੰਤਮ ਹੁਕਮਾਂ ਵਿਚ ਰਿਕਾਰਡ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਜਨਤਕ ਕੀਤਾ ਜਾਵੇਗਾ।

178 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper