ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਅਨਿਲ ਕੁਮਾਰ)-ਬੀਤੇ ਦਿਨੀਂ ਨੈਸ਼ਨਲ ਆਯੂਰਵੈਦਿਕ ਦਿਵਸ ਉੱਪਰ ਪੰਜਾਬ ਸਰਕਾਰ ਦੇ ਆਯੂਰਵੈਦਿਕ ਵਿਭਾਗ ਵੱਲੋਂ ਮੋਹਾਲੀ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਇੱਥੋਂ ਦੇ ਪ੍ਰਸਿੱਧ ਲੋਕ ਸੇਵਕ ਡਾ. ਨਰੇਸ਼ ਪਰੂਥੀ ਨੂੰ ਆਯੂਰਵੈਦਿਕ ਖੇਤਰ ਦੇ ਸਰਵਉੱਚ ਸਟੇਟ ਧਨਵੰਤਰੀ ਐਵਾਰਡ ਨਾਲ ਨਿਵਾਜਿਆ ਗਿਆ। ਇਹ ਸਨਮਾਨ ਉਨ੍ਹਾ ਨੂੰ ਡੀ ਕੇ ਤਿਵਾੜੀ ਆਈ ਐੱਸ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਪੰਜਾਬ ਸਰਕਾਰ, ਡਾ. ਰਕੇਸ਼ ਸ਼ਰਮਾ ਡਾਇਰੈਕਟਰ ਆਫ ਆਯੂਰਵੈਦਾ, ਡਾ. ਬੀ. ਕੇ. ਕੌਸ਼ਿਕ ਵਾਈਸ ਚਾਂਸਲਰ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ, ਡਾ. ਸੰਜੀਵ ਗੋਇਲ ਰਜਿਸਟਰਾਰ ਪੰਜਾਬ ਸਟੇਟ ਫਕਿਲਟੀ ਤੇ ਬੋਰਡ ਆਫ ਆਯੂਰਵੈਦਾ, ਡਾ. ਅਵਨੀਸ਼ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਤੇ ਖੋਜ, ਡਾ. ਗੁਰਦੀਪ ਸਿੰਘ ਪੀ.ਸੀ.ਐੱਸ., ਓ.ਐੱਸ.ਡੀ. ਅਤੇ ਸਿਹਤ ਮੰਤਰੀ ਪੰਜਾਬ ਸਰਕਾਰ ਦੀ ਮੌਜੂਦਗੀ ਵਿੱਚ ਦਿੱਤਾ ਗਿਆ। ਡਾ. ਪਰੂਥੀ ਪਿਛਲੇ 25 ਸਾਲਾਂ ਤੋਂ ਜਿੱਥੇ ਲੋੜਵੰਦ ਤੇ ਗਰੀਬ ਮਰੀਜ਼ਾਂ ਦੀ ਸਿਹਤ ਸਬੰਧੀ ਸੇਵਾਵਾਂ ਦੇ ਰਹੇ ਹਨ, ਉਥੇ ਨਿਸ਼ਕਾਮ ਲੋਕ ਸੇਵਾ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹਿੰਦੀ ਹੈ।
ਵਿਸ਼ੇਸ਼ ਕਰ ਉਹਨਾਂ ਵੱਲੋਂ ਅਨਾਥ, ਬੇਸਹਾਰਾ ਤੇ ਅਣਗੌਲੇ ਬੱਚਿਆਂ ਲਈ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ। ਪੰਜਾਬ ਸਰਕਾਰ ਵੱਲੋਂ ਉਨ੍ਹਾ ਨੂੰ ਸਮਾਜ ਸੇਵਾ ਲਈ 2017 ਵਿੱਚ ਸਰਵਉੱਚ ਰਾਜ ਪੱਧਰੀ ਭਾਈ ਘਨੱ੍ਹਈਆ ਐਵਾਰਡ ਰਾਜ ਪੱਧਰੀ ਸਮਾਰੋਹ ਵਿੱਚ ਦਿੱਤਾ ਜਾ ਚੁੱਕਾ ਹੈ। ਇਨ੍ਹਾਂ ਤੋਂ ਇਲਾਵਾ ਇਸ ਨੈਸ਼ਨਲ ਆਯੂਰਵੈਦਿਕ ਦਿਵਸ ਉੱਪਰ ਇਸ ਸਮਾਰੋਹ ਵਿੱਚ ਅੱਠ ਹੋਰ ਡਾਕਟਰਾਂ ਨੂੰ ਵੀ ਆਯੂਰਵੈਦਿਕ ਖੇਤਰ ਵਿੱਚ ਵਧੀਆ ਸੇਵਾਵਾ ਦੇਣ ਕਾਰਨ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।