Latest News
ਕਿਰਤੀ ਲੋਕਾਂ ਦੇ ਮਸੀਹਾ ਬਾਈ ਨਛੱਤਰ ਧਾਲੀਵਾਲ ਨੂੰ ਯਾਦ ਕਰਦਿਆਂ

Published on 20 Oct, 2019 11:00 AM.


ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੇ ਮਹਾਨ ਆਗੂ, ਮਜ਼ਦੁਰਾਂ-ਮੁਲਾਜ਼ਮਾਂ ਦੇ ਉਦਾਹਰਣੀ ਰਹਿਬਰ, ਸੂਰਤ ਅਤੇ ਸੀਰਤ ਦੇ ਧਨੀ, ਗਜ਼ਬ ਦਾ ਬੁਲਾਰਾ, ਆਤਮ-ਵਿਸ਼ਵਾਸ ਨਾਲ ਭਰਪੂਰ ਬਹੁ-ਪੱਖੀ ਸ਼ਖਸੀਅਤ ਬਾਈ ਨਛੱਤਰ ਧਾਲੀਵਾਲ ਭਾਵੇਂ ਸਿਰਫ 50 ਕੁ ਵਰ੍ਹੇ (1938-1988) ਹੀ ਜੀਵਿਆ, ਪਰ ਉਸ ਦੀ ਜ਼ਿੰਦਗੀ ਮਿਹਨਤਕਸ਼ ਲੋਕਾਂ ਲਈ ਵਡਮੁੱਲੀ ਦੇਣ ਹੈ। ਉਹਨਾਂ ਦਾ ਜਨਮ 16 ਮਈ 1938 ਨੂੰ ਮਾਤਾ ਚੰਦ ਕੌਰ ਦੀ ਕੁੱਖੋਂ ਪਿਤਾ ਭਾਗ ਸਿੰਘ ਦੇ ਘਰ ਪਿੰਡ ਬੱਧਨੀ ਖੁਰਦ ਜ਼ਿਲ੍ਹਾ ਮੋਗਾ ਵਿਖੇ ਹੋਇਆ। ਮੁੱਢਲੀ ਵਿੱਦਿਆ ਆਪਣੇ ਪਿੰਡ ਤੋਂ ਅਤੇ ਹਾਈ ਸਕੂਲ਼ ਦੀ ਪੜ੍ਹਾਈ ਪਿੰਡ ਬੁੱਟਰ ਤੋਂ ਪ੍ਰਾਪਤ ਕੀਤੀ। ਸਧਾਰਨ ਪਰਵਾਰ ਵਿੱਚ ਪੈਦਾ ਹੋਏ ਬਾਈ ਨਛੱਤਰ ਉੱਪਰ ਪਰਵਾਰਕ ਜ਼ਿੰਮੇਵਾਰੀਆਂ ਹੋਣ ਕਰਕੇ ਕੁਝ ਸਮਾਂ ਕੰਮ ਦੀ ਤਲਾਸ਼ ਮਗਰੋਂ ਬਾਗਬਾਨੀ ਵਿਗਿਆਨ ਮਹਿਕਮੇ ਵਿੱਚ ਨੌਕਰੀ ਮਿਲੀ, ਪਰ ਉੱਥੋਂ ਦੀ ਮੈਨੇਜਮੈਂਟ ਵੱਲੋਂ ਵਰਕਰਾਂ ਨਾਲ ਕੀਤੀ ਜਾਂਦੀ ਜ਼ਿਆਦਤੀ ਆਪ ਨੂੰ ਬਰਦਾਸ਼ਤ ਨਹੀਂ ਹੋਈ। ਸਾਥੀ ਧਾਲੀਵਾਲ ਨੇ ਹੋਰ ਕਾਮਿਆਂ ਨੂੰ ਨਾਲ ਲੈ ਕੇ ਜਥੇਬੰਦਕ ਵਿਰੋਧ ਕਰਨਾ ਸ਼ੁਰੂ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ। ਇੱਥੋਂ ਹੀ ਸਾਥੀ ਧਾਲੀਵਾਲ ਦਾ ਟਰੇਡ ਯੂਨੀਅਨ ਦਾ ਸਫਰ          ਸ਼ੁਰੂ ਹੋਇਆ। ਸਮੇਂ ਦੇ ਗੇੜ ਨਾਲ ਆਪ 1958 ਵਿੱਚ ਓਮਨੀ ਬੱਸ ਸਰਵਿਸ ਵਿੱਚ ਬਤੌਰ ਕੰਡਕਟਰ ਭਰਤੀ ਹੋ ਗਏ। ਬਾਅਦ ਵਿੱਚ ਇਸ ਦਾ ਨਾਂਅ ਪੰਜਾਬ ਰੋਡਵੇਜ਼ ਕਰ ਦਿੱਤਾ ਗਿਆ। ਭਰਤੀ ਹੋਣ ਉਪਰੰਤ ਜਲਦੀ ਹੀ ਸਾਥੀ ਧਾਲੀਵਾਲ ਪੰਜਾਬ ਗੌਰਮਿੰਟ ਨੈਸ਼ਨਲ ਮੋਟਰ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਮੈਂਬਰ ਬਣ ਗਏ ਅਤੇ ਸਰਗਰਮੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਪ੍ਰੈਲ 1965 ਵਿੱਚ ਪੰਜਾਬ ਰੋਡਵੇਜ਼ ਵਿੱਚ ਪਹਿਲੀ ਵਾਰ ਹੜਤਾਲ ਹੋਈ, ਜਿਸ 'ਤੇ 4 ਮਈ 1965 ਨੂੰ ਹੋਏ ਸਮਝੌਤੇ ਅਨੁਸਾਰ 4% ਬੋਨਸ, ਓਵਰ ਟਾਇਮ ਅਤੇ ਗੁਰਗਾਬੀਆਂ ਦੀ ਮੰਗ ਉਪਰ ਜਿੱਤ ਪ੍ਰਾਪਤ ਕੀਤੀ। ਇਸ ਹੜਤਾਲ ਵਿੱਚ ਸਾਥੀ ਧਾਲੀਵਾਲ ਵੱਲੋਂ ਨਿਭਾਈ ਗਈ ਮੁੱਖ ਭੂਮਿਕਾ ਕਰਕੇ ਆਪ ਨੂੰ ਸਬ-ਡਿੱਪੂ ਮੋਗਾ ਦਾ ਜਨਰਲ ਸਕੱਤਰ ਬਣਾ ਦਿੱਤਾ ਗਿਆ। 1968 ਵਿੱਚ ਸ੍ਰੀ ਲਛਮਣ ਸਿੰਘ ਗਿੱਲ ਦੀ ਸਰਕਾਰ ਸਮੇਂ ਫਰਵਰੀ ਵਿੱਚ ਇੱਕ ਦਿਨ ਦੀ ਹੜਤਾਲ ਅਤੇ ਫਿਰ 25 ਫਰਵਰੀ ਨੂੰ 1968 ਤੋਂ ਚਾਰ ਦਿਨਾਂ ਦੀ ਹੜਤਾਲ ਵਿੱਚ ਆਪ ਨੇ ਮੋਗਾ ਅਤੇ ਫਿਰੋਜ਼ਪੁਰ ਡਿਪੂ ਦੀ ਅਗਵਾਈ ਕੀਤੀ। ਇਸ ਹੜਤਾਲ ਵਿੱਚ ਸਾਥੀ ਨੂੰ ਫਿਰੋਜ਼ਪੁਰ ਜੇਲ੍ਹ ਵੀ ਜਾਣਾ ਪਿਆ ਅਤੇ ਨੌਕਰੀ ਤੋਂ ਮੁਅੱਤਲ ਵੀ ਹੋਣਾ ਪਿਆ। 1969 ਵਿੱਚ ਬਾਈ ਧਾਲੀਵਾਲ ਡਿਊਟੀ ਉੱਪਰ ਵਾਪਸ ਆ ਗਏ।
ਜਥੇਬੰਦੀ ਵਿੱਚ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਹੋਣ ਕਾਰਨ 1971 ਵਿੱਚ ਰਾਜਨੀਤਕ ਆਰਥਿਕਤਾ ਦੇ ਵਿਸ਼ੇ ਦੀ ਪੜ੍ਹਾਈ ਲਈ ਬਾਈ ਧਾਲੀਵਾਲ ਦੀ ਚੋਣ ਹੋਈ। ਇਸ ਸੰਬੰਧੀ 9 ਮਹੀਨੇ ਦਾ ਅੰਤਰ-ਰਾਸ਼ਟਰੀ ਸਕੂਲ ਬੁਲਗਾਰੀਆ ਵਿਖੇ ਲੱਗਣਾ ਸੀ। ਉੱਥੇ ਏਸ਼ੀਆ, ਅਫਰੀਕਾ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਵਿੱਚੋਂ 36 ਵਿਦਿਆਰਥੀ ਆਏ ਸਨ। ਪਹਿਲੇ ਦਸ-ਪੰਦਰਾਂ ਦਿਨ ਘੱਟ ਵਿਦਿਅਕ ਯੋਗਤਾ ਹੋਣ ਕਰਕੇ ਮੁਸ਼ਕਲ ਆਈ, ਪਰ ਆਪ ਨੇ ਸਖਤ ਮਿਹਨਤ ਅਤੇ ਲਗਨ ਨਾਲ ਉਥੇ ਪੜ੍ਹਾਈ ਕੀਤੀ ਅਤੇ ਉਸ ਪੂਰੇ ਬੈਚ ਵਿੱਚੋਂ ਪਹਿਲੇ ਸਥਾਨ ਉਪਰ ਆਏ, ਜਿਸ ਦਾ ਸਰਟੀਫਿਕੇਟ ਅਤੇ ਸ਼ੀਲਡ ਅੱਜ ਵੀ ਪਰਵਾਰ ਕੋਲ ਮੌਜੂਦ ਹੈ। ਕਾਮਰੇਡ ਧਾਲੀਵਾਲ ਉਥੋਂ ਕੇਵਲ ਵਿਸ਼ੇ ਦਾ ਗਿਆਨ ਹੀ ਨਹੀਂ, ਬਲਕਿ ਹੋਰਾਂ ਨੂੰ ਪੜ੍ਹਾਉਣ ਦਾ ਗੁਣ ਵੀ ਪ੍ਰਾਪਤ ਕਰਕੇ ਆਏ।
ਅਕਤੂਬਰ 1972 ਵਿੱਚ ਜਥੇਬੰਦੀ ਦੀ ਸੂਬਾਈ ਕਾਨਫਰੰਸ ਜਲੰਧਰ ਵਿਖੇ ਹੋਈ, ਜਿਸ ਵਿੱਚ ਬਾਈ ਧਾਲੀਵਾਲ ਨੂੰ ਸੂਬਾ ਪ੍ਰਧਾਨ ਅਤੇ ਜਸਵੰਤ ਸਿੰਘ ਸਮਰਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਬਾਈ ਨਛੱਤਰ ਆਪਣਾ ਗਿਆਨ ਬਾਕੀ ਸਾਥੀਆਂ ਨੂੰ ਵੀ ਵੰਡਣਾ ਚਾਹੁੰਦੇ ਸਨ, ਜਿਸ ਲਈ ਉਹਨਾਂ ਨੂੰ ਇੱਕ ਦਫਤਰ ਦੀ ਲੋੜ ਸੀ। ਉਹਨਾਂ ਨੇ ਆਪਣੀ ਇੱਛਾ ਬਾਕੀ ਸਾਥੀਆਂ ਨਾਲ ਸਾਂਝੀ ਕੀਤੀ। ਸਭ ਸਾਥੀਆਂ ਨੇ ਬੋਨਸ ਵਿੱਚੋਂ ਪੈਸੇ ਕਟਵਾਏ ਅਤੇ 45000 ਰੁਪਏ ਇਕੱਠੇ ਕੀਤੇ। ਇਹਨਾਂ ਪੈਸਿਆਂ ਨਾਲ ਬਾਈ ਧਾਲੀਵਾਲ ਨੇ ਇਕ ਦਫਤਰ ਦੀ ਇਮਾਰਤ ਖੜੀ ਕੀਤੀ ਅਤੇ ਉਸ ਦਾ ਨਾਂਅ ਕੁਲ ਹਿੰਦ ਦੇ ਸਕੱਤਰ ਕਾਮਰੇਡ ਸਤੀਸ਼ ਲੂੰਬਾ ਜਿਨ੍ਹਾਂ ਦੀ ਇਕ ਹਵਾਈ ਹਾਦਸੇ ਵਿੱਚ ਮੌਤ ਹੋ ਗਈ ਸੀ, ਦੇ ਨਾਂਅ ਉਪਰ ਰੱਖਿਆ ਗਿਆ। ਬਾਈ ਨੇ ਦਫਤਰ ਵਿੱਚ ਇੱਕ ਬੋਰਡ ਸਥਾਪਤ ਕੀਤਾ ਅਤੇ ਆਪਣੇ ਸਾਥੀਆਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕੀਤਾ। ਬਾਈ ਧਾਲੀਵਾਲ ਖੁਦ ਵੀ ਕਲਾਸ ਲੈਂਦਾ ਸੀ ਅਤੇ ਸੂਬਾਈ ਅਤੇ ਕੇਂਦਰੀ ਆਗੂਆਂ ਨੂੰ ਸੱਦ ਕੇ ਵੀ ਸਕੂਲਿੰਗ ਕਰਦਾ ਸੀ। ਬਾਬਾ ਕਰਤਾਰ, ਮਦਨ ਲਾਲ ਦੀਦੀ, ਗੁਰਬਖਸ਼ ਦੀਵਾਨ, ਦਰਸ਼ਨ ਸਿੰਘ ਕੈਨੇਡੀਅਨ ਇਸ ਦਫਤਰ ਵਿੱਚ ਕਲਾਸਾਂ ਲਗਾਉਂਦੇ ਰਹੇ ਹਨ। ਉਨ੍ਹਾਂ ਨੇ ਕਾਨੂੰਨੀ ਸਲਾਹਕਾਰ ਵਜੋਂ ਕਾਮਰੇਡ ਸਰਵਣ ਸਿੰਘ ਸਹਿਗਲ ਨੂੰ ਉਚੇਚੇ ਤੌਰ 'ਤੇ ਅਬੋਹਰ ਤੋਂ ਲਿਆਂਦਾ ਅਤੇ ਪਿੱਛੋਂ ਉੁਹਨਾਂ ਦੀ ਮਦਦ ਲਈ ਨੌਜੁਆਨ ਆਗੂ ਹਰਪਾਲ ਨੂੰ ਸਹਾਇਕ ਦੇ ਤੌਰ 'ਤੇ ਉਹਨਾਂ ਨਾਲ ਲਗਾਇਆ, ਜੋ ਗਰੈਜੂਏਟ ਸਨ ਅਤੇ ਬਾਅਦ ਵਿੱਚ ਉਹਨਾਂ ਨੂੰ ਵੀ ਐੱਲ.ਐੱਲ਼.ਬੀ ਕਰਵਾਈ।
1988 ਵਿੱਚ ਆਏ ਹੜ੍ਹਾਂ ਕਰਕੇ ਪੰਜਾਬ ਵਿੱਚ ਬਹੁਤ ਨੁਕਸਾਨ ਹੋਇਆ। ਭਾਖੜਾ ਤੋਂ ਛੱਡੇ ਪਾਣੀ ਕਰਕੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਭਿਆਨਕ ਤਬਾਹੀ ਹੋਈ। ਲੋਕਾਂ ਦੇ ਘਰ ਢਹਿ ਗਏ ਅਤੇ ਕੀਮਤੀ ਸਾਮਾਨ ਪਾਣੀ ਵਿੱਚ ਰੁੜ੍ਹ ਗਿਆ। ਇਸ ਤਬਾਹੀ ਨੂੰ ਦੇਖਦੇ ਹੋਏ ਬਾਈ ਨੇ ਹੜ੍ਹ ਪ੍ਰਭਾਵਤ ਲੋਕਾਂ ਦੀ ਮਦਦ ਦਾ ਬੀੜਾ ਚੁੱਕਿਆ। ਉਹਨਾ ਰੋਡਵੇਜ਼ ਮੁਲਾਜ਼ਮਾਂ ਨੂੰ ਗੇਟ ਰੈਲੀ ਕਰਕੇ ਆਪਣੇ ਪਿੰਡਾਂ ਤੋਂ ਲੀੜਾ, ਕੱਪੜਾ, ਰਾਸ਼ਨ ਅਤੇ ਪੈਸੇ ਇਕੱਠੇ ਕਰਨ ਦੀ ਅਪੀਲ ਕੀਤੀ। ਦਿਨਾਂ ਵਿੱਚ ਹੀ ਸਾਮਾਨ ਦੇ ਢੇਰ ਲੱਗ ਗਏ ਤੇ ਬਾਈ ਨੇ ਟੀਮਾਂ ਬਣਾ ਕੇ ਹੜ੍ਹ ਪੀੜਤਾਂ ਤੱਕ ਸਾਮਾਨ ਪੁੱਜਦਾ ਕੀਤਾ। ਪਿੰਡਾਂ ਦੀਆਂ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਬਾਈ ਦੀ ਰਹਿਨੁਮਾਈ ਹੇਠ ਪੀੜਤਾਂ ਤੱਕ ਸਾਮਾਨ ਪੁੱਜਦਾ ਕਰਦੇ ਸਨ। ਇਸ ਮਹਾਨ ਸੇਵਾ ਨੇ ਬਾਈ ਦਾ ਕੱਦ ਹੋਰ ਵੀ ਉੱਚਾ ਕੀਤਾ।
ਪੰਜਾਬ ਵਿੱਚ ਜਦ ਕਿਰਤੀਆਂ ਨੂੰ ਹਿੰਦੂ-ਸਿੱਖ ਕਹਿ ਕੇ ਪਾੜਨ ਦੀਆਂ ਸਰਗਰਮੀਆਂ ਅਤੇ ਕਤਲੋਗਾਰਤ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਟਰੇਡ ਯੂਨੀਅਨ ਕੌਂਸਲ ਮੋਗਾ ਦੀ ਅਗਵਾਈ ਕਰਦਿਆਂ ਮੋਗਾ ਸ਼ਹਿਰ ਵਿੱਚ ਸ਼ਾਨਦਾਰ ਅਮਨ-ਮਾਰਚ ਕੱਢਿਆ। ਬਾਈ ਨਛੱਤਰ ਦੀਆਂ ਸਰਗਰਮੀਆਂ, ਭਾਸ਼ਣ ਅਤੇ ਨਾਅਰਾ 'ਨਾ ਹਿੰਦੂ ਰਾਜ ਨਾ ਖਾਲਿਸਤਾਨ ਜੁੱਗ ਜੁੱਗ ਜੀਵੇ ਹਿੰਦੋਸਤਾਨ' ਕਾਲੀਆਂ ਤਾਕਤਾਂ ਨੂੰ ਬਹੁਤ ਚੁੱਭਦਾ ਸੀ। ਬਾਈ ਨਛੱਤਰ ਦਾ ਦਿਨੋ-ਦਿਨ ਵਧ ਰਿਹਾ ਪ੍ਰਭਾਵ ਮਹਿਕਮੇ ਅੰਦਰ ਕੰਮ ਕਰਦੀਆਂ ਬਾਕੀ ਜਥੇਬੰਦੀਆਂ ਲਈ ਵੀ ਸਿਰਦਰਦੀ ਬਣ ਰਿਹਾ ਸੀ। ਇਸੇ ਦਾ ਸਿੱਟਾ ਕਿ 21 ਅਕਤੂਬਰ 1988 ਦੀ ਸ਼ਾਮ ਜਦੋਂ ਬਾਈ ਬੱਸ ਵਿੱਚੋਂ ਉੱਤਰ ਕੇ ਆਪਣੇ ਘਰ ਜਾ ਰਿਹਾ ਸੀ ਤਾਂ ਘਾਤ ਲਗਾ ਕੇ ਬੈਠੇ ਅੱਤਵਾਦੀਆਂ ਨੇ ਉਹਨਾਂ ਨੂੰ ਸਿਰ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਅਗਲੇ ਦਿਨ ਜਿੱਥੇ ਪੰਜਾਬ ਰੋਡਵੇਜ਼ ਬੰਦ ਸੀ, ਉੱਥੇ ਹੀ ਸਮੁੱਚਾ ਮੋਗਾ ਸ਼ਹਿਰ ਵੀ ਬਾਈ ਦੇ ਸਤਿਕਾਰ ਅਤੇ ਦਹਿਸ਼ਤਗਰਦਾਂ ਦੀ ਕਰਤੂਤ ਵਿਰੁੱਧ ਬੰਦ ਸੀ। ਉਹਨਾਂ ਦੇ ਜੱਦੀ ਪਿੰਡ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਉਤੇ ਜਥੇਬੰਦੀ ਨੇ ਐਲਾਨ ਕੀਤਾ ਕਿ ਉਹਨਾਂ ਦੀ ਯਾਦ ਵਿੱਚ ਢੁੱੱਕਵੀਂ ਯਾਦਗਾਰ ਉਸਾਰੀ ਜਾਵੇਗੀ। ਉਹਨਾਂ ਦੀ ਦੂਸਰੀ ਬਰਸੀ ਉੱਪਰ 'ਨਛੱਤਰ ਧਾਲੀਵਾਲ ਭਵਨ ਮੋਗਾ' ਦਾ ਨੀਂਹ ਪੱਥਰ ਉੱਘੇ ਟਰੇਡ ਯੂਨੀਅਨ ਆਗੂ ਕਾਮਰੇਡ ਏ ਬੀ ਬਰਧਨ ਨੇ ਰੱਖਿਆ। ਇਸ ਭਵਨ ਦੀ ਉਸਾਰੀ ਲਈ ਰੋਡਵੇਜ਼ ਜਥੇਬੰਦੀ ਅਤੇ ਖਾਸ ਕਰ ਮੋਗਾ ਡਿਪੂ ਦੇ ਸਾਥੀਆਂ ਨੇ ਵੱਡਾ ਯੋਗਦਾਨ ਪਾਇਆ। ਕਾਮਰੇਡ ਰੁਲਦੂ ਖਾਨ ਨੇ ਵੀ ਆਪਣੇ ਵਿਦੇਸ਼ੀ ਮਿੱਤਰਾਂ ਕੋਲੋਂ ਸੱਤ ਲੱਖ ਰੁਪਏ ਇਕੱਤਰ ਕਰਕੇ ਇਸ ਦੀ ਉਸਾਰੀ ਵਿੱਚ ਮੁੱਖ ਭੂਮਿਕਾ ਅਦਾ ਕੀਤੀ। ਕਾਮਰੇਡ ਧਾਲੀਵਾਲ ਦੀ 5ਵੀਂ ਬਰਸੀ ਉੱਤੇ ਉੱਘੇ ਕਮਿਊਨਿਸਟ ਆਗੂ ਕਾਮਰੇਡ ਸੱਤਪਾਲ ਡਾਂਗ ਨੇ ਇਸ ਯਾਦਗਾਰ ਦਾ ਉਦਘਾਟਨ ਕਰਕੇ ਇਹ ਇਮਾਰਤ ਲੋਕ ਅਰਪਣ ਕੀਤੀ।
ਅੱਜ ਬਾਈ ਨਛੱਤਰ ਧਾਲੀਵਾਲ ਦੁਆਰਾ ਅੱਖ ਦੀ ਪੁਤਲੀ ਵਾਂਗ ਸੰਭਾਲਿਆ ਪਬਲਿਕ ਸੈਕਟਰ ਅਤੇ ਹੋਰ ਅਦਾਰੇ ਕੌਡੀਆਂ ਦੇ ਭਾਅ ਸਰਮਾਏਦਾਰਾਂ ਨੂੰ ਵੇਚੇ ਜਾ ਰਹੇ ਹਨ। ਕੋਈ ਵੀ ਮੁਲਾਜ਼ਮ ਜਥੇਬੰਦੀ ਜਾਂ ਅਦਾਰਾ ਇਕੱਲਿਆਂ ਲੜ ਕੇ ਇਹਨਾਂ ਸਰਮਾਏਦਾਰੀ ਪੱਖੀ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਨਹੀਂ ਦੇ ਸਕਦੇ। ਹਮਲਾਵਰ ਰੁਖ ਅਖਤਿਆਰ ਕਰਨ ਲਈ ਸਿਧਾਂਤਕ ਸੂਝ ਅਤੇ ਏਕੇ ਦੀ ਸਖਤ ਲੋੜ ਹੈ। ਕੰਮ ਉੱਪਰ ਲੱਗੇ ਕਿਰਤੀਆਂ ਅਤੇ ਕੰਮ ਮੰਗ ਰਹੇ ਬੇਰੁਜ਼ਗਾਰਾਂ  ਦੀ ਜਥੇਬੰਦਕ ਤਾਕਤ ਇਕੱਠੀ ਕੀਤਿਆਂ ਬਗੈਰ ਟੀਚੇ ਦੀ ਪ੍ਰਾਪਤੀ ਅਸੰਭਵ ਹੈ। ਇਸ ਲਈ ਵਿਸ਼ਾਲ ਏਕਾ ਉਸਾਰਨਾ ਸਮੇਂ ਦੀ ਮੁੱਖ ਲੋੜ ਹੈ।
ਅੱਜ ਬਾਈ ਨਛੱਤਰ ਧਾਲ਼ੀਵਾਲ ਨੂੰ ਵਿੱਛੜਿਆਂ 31 ਵਰ੍ਹੇ ਹੋ ਗਏ ਹਨ। ਉਹਨਾਂ ਕਾਲੀਆਂ ਤਾਕਤਾਂ ਨੇ ਬਾਈ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਬਾਈ ਦੀ ਸੋਚ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਲੋਕ ਮਨਾਂ ਵਿੱਚ ਸਮੋਏ ਆਗੂ ਕਦੇ ਵੀ ਨਹੀਂ ਮਰਦੇ ਅਤੇ ਨਾ ਹੀ ਉਹਨਾਂ ਦੀ ਸੋਚ ਮਰਦੀ ਹੈ। ਅੱਜ ਜਦੋਂ ਪੰਜਾਬ ਰੋਡਵੇਜ਼ ਵਿੱਚ ਕੰਮ ਕਰਦੇ 50% ਤੋਂ ਵੱਧ ਕਾਮੇ 31 ਸਾਲ ਤੋਂ ਘੱਟ ਉਮਰ ਦੇ ਹਨ ਅਤੇ 90% ਉਹ ਕਾਮੇ ਹਨ, ਜਿਨ੍ਹਾਂ ਨੇ ਬਾਈ ਨੂੰ ਕਦੇ ਜਿਸਮਾਨੀ ਤੌਰ 'ਤੇ ਦੇਖਿਆ ਵੀ ਨਹੀਂ, ਪਰ ਬਾਈ ਦੀ ਬਰਸੀ ਉੱਪਰ ਉਹਨਾਂ ਦਾ ਉਤਸ਼ਾਹ ਅਤੇ ਕੀਤੀ ਜਾਂਦੀ ਆਰਥਿਕ ਮਦਦ ਨੂੰ ਸਲਾਮ ਕਰਨਾ ਬਣਦਾ ਹੈ। ਬਾਈ ਦੇ ਸੰਗੀ-ਸਾਥੀ ਜੋ ਲੰਮੇ ਸਮੇਂ ਤੋਂ ਵਿਦੇਸ਼ਾਂ ਵਿੱਚ ਬੈਠੇ ਹਨ, ਉਹ ਵੀ ਹਰ ਸਾਲ ਉਹਨਾਂ ਦੇ ਬਰਸੀ ਸਮਾਗਮ ਉਪਰ ਵੱਡੀ ਆਰਥਿਕ ਸਹਾਇਤਾ ਵੀ ਭੇਜਦੇ ਹਨ ਤੇ ਮਹਿੰਗੇ ਕਿਰਾਏ ਖਰਚ ਕੇ ਬਰਸੀ ਸਮਾਗਮ ਉਪਰ ਹਾਜ਼ਰ ਵੀ ਹੁੰਦੇ ਹਨ।
ਆਓ ਅੱਜ ਉਹਨਾਂ ਦੀ 31ਵੀਂ ਬਰਸੀ ਸਮਾਗਮ ਉੱਪਰ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਉਹਨਾਂ ਵੱਲੋਂ ਦਰਸਾਏ ਮਾਰਗ ਉਪਰ ਚੱਲਦਿਆਂ ਵਿਸ਼ਾਲ ਏਕਾ ਉਸਾਰ ਕੇ ਪਬਲਿਕ ਅਦਾਰਿਆਂ ਦੀ ਰਾਖੀ ਲਈ ਅੱਗੇ ਵਧੀਏ। ਇਹ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਮੋਬਾ. 99149-00856

386 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper