Latest News
ਮੁਹੰਮਦ ਫੁਰਕਾਨ ਅਲੀ ਦੀ ਕਹਾਣੀ

Published on 20 Oct, 2019 11:05 AM.

ਯੂ ਪੀ ਦੇ ਜ਼ਿਲ੍ਹਾ ਪੀਲੀਭੀਤ ਦੇ ਗਿਆਸਪੁਰ ਪ੍ਰਾਇਮਰੀ ਸਕੂਲ ਦੇ ਹੈੱਡਮਾਸਟਰ ਮੁਹੰਮਦ ਫੁਰਕਾਨ ਅਲੀ ਨੂੰ ਪਿਛਲੇ ਦਿਨੀਂ ਇਸ ਕਰਕੇ ਮੁਅੱਤਲ ਕਰ ਦਿੱਤਾ ਗਿਆ ਸੀ ਕਿ ਬੱਚੇ ਸਵੇਰ ਦੀ ਸਭਾ ਵਿਚ ਪ੍ਰਾਰਥਨਾ ਦੇ ਤੌਰ 'ਤੇ 'ਲਬ ਪੇ ਆਤੀ ਹੈ ਦੁਆ ਬਨਕੇ ਤਮੰਨਾ ਮੇਰੀ' ਗੀਤ ਗਾ ਰਹੇ ਸਨ। 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ' ਦੇ ਰਚੇਤਾ ਅਲਾਮਾ ਇਕਬਾਲ ਨੇ ਹੀ ਇਸ ਨੂੰ ਲਿਖਿਆ ਸੀ, ਪਰ ਉਸ ਨੇ ਪਾਕਿਸਤਾਨ ਦੀ ਵਕਾਲਤ ਕਰ ਦਿੱਤੀ ਸੀ। ਵਿਸ਼ਵ ਹਿੰਦੂ ਪ੍ਰੀਸ਼ਦ ਵਾਲਿਆਂ ਨੇ ਵੀਡੀਓ ਬਣਾ ਕੇ ਇਸ ਦੀ ਸ਼ਿਕਾਇਤ ਕੀਤੀ ਤੇ ਮਹਿਕਮੇ ਨੇ ਫੁਰਕਾਨ ਅਲੀ ਨੂੰ ਮੁਅੱਤਲ ਕਰ ਦਿੱਤਾ। ਡੀ ਸੀ ਨੇ ਵੀ ਇਸਦੀ ਤਾਈਦ ਕਰਦਿਆਂ ਕਿਹਾ ਕਿ ਉਸ ਨੂੰ ਕੌਮੀ ਗੀਤ ਗਵਾਉਣਾ ਚਾਹੀਦਾ ਸੀ। ਜੇ ਉਹ ਕੋਈ ਹੋਰ ਗੀਤ ਗਵਾਉਣਾ ਚਾਹੁੰਦਾ ਸੀ ਤਾਂ ਉਸ ਦੀ ਆਗਿਆ ਲੈਣੀ ਚਾਹੀਦੀ ਸੀ। ਹੈੱਡਮਾਸਟਰ ਨੇ ਬੜੀਆਂ ਦਲੀਲਾਂ ਦਿੱਤੀਆਂ ਕਿ ਬੱਚੇ ਸਵੇਰ ਦੀ ਸਭਾ ਵਿਚ ਕੌਮੀ ਗੀਤ ਹੀ ਗਾਉਂਦੇ ਹਨ ਤੇ ਇਕਬਾਲ ਦੀ ਕਵਿਤਾ ਕਲਾਸ ਵਿਚ ਗਾਉਂਦੇ ਹਨ, ਕਿਉਂਕਿ ਇਹ ਅੱਠਵੀਂ ਦੇ ਉਰਦੂ ਦੇ ਸਲੇਬਸ ਵਿਚ ਹੈ, ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਯੋਗੀ ਰਾਜ ਵਿਚ ਇਹ ਸੰਭਵ ਵੀ ਨਹੀਂ ਸੀ।
ਯੂ ਪੀ ਸਰਕਾਰ ਨੇ ਸ਼ਨੀਵਾਰ ਉਸ ਦੀ ਮੁਅੱਤਲੀ ਤਾਂ ਰੱਦ ਕਰ ਦਿੱਤੀ ਹੈ, ਪਰ ਤਬਾਦਲਾ 10 ਕਿਲੋਮੀਟਰ ਦੂਰ ਦਾ ਕਰ ਦਿੱਤਾ ਹੈ। ਫੁਰਕਾਨ ਅਲੀ ਦਾ ਕਹਿਣਾ ਹੈ ਕਿ ਉਹ ਨਵਾਂ ਸਕੂਲ ਜੁਆਇਨ ਨਹੀਂ ਕਰੇਗਾ, ਕਿਉਂਕਿ ਦੁਖੀ ਹੈ ਕਿ ਉਸ ਦੀ ਮੁਅੱਤਲੀ ਤੋਂ ਬਾਅਦ ਸੋਮਵਾਰ ਤੋਂ ਪੁਰਾਣੇ ਸਕੂਲ ਦੇ ਬੱਚਿਆਂ ਨੇ ਜਮਾਤਾਂ ਦਾ ਬਾਈਕਾਟ ਕਰ ਰੱਖਿਆ ਹੈ। ਵੀਰਵਾਰ 267 ਵਿਚੋਂ ਸਿਰਫ ਪੰਜ ਸਕੂਲ ਆਏ ਸਨ ਤੇ ਸ਼ੁੱਕਰਵਾਰ ਤੇਤੀ। ਉਹ ਬੱਚਿਆਂ ਦੀ ਪੜ੍ਹਾਈ ਬਾਰੇ ਬਹੁਤ ਚਿੰਤਤ ਹੈ। ਫੁਰਕਾਨ ਅਲੀ ਨੂੰ ਮੁਅੱਤਲੀ ਰੱਦ ਕੀਤੇ ਜਾਣ ਦਾ ਸੁਨੇਹਾ ਵਟਸਐਪ 'ਤੇ ਮਿਲਿਆ, ਜਿਸ ਵਿਚ ਕਿਹਾ ਗਿਆ ਕਿ ਉਸ ਦੀ ਬਦਲੀ ਬਖਤਾਵਰ ਲਾਲ ਪ੍ਰਾਇਮਰੀ ਸਕੂਲ ਵਿਚ ਕੀਤੀ ਜਾਂਦੀ ਹੈ ਤੇ ਅੱਗੇ ਤੋਂ ਉਹ ਧਿਆਨ ਨਾਲ ਕੰਮ ਕਰੇ। ਫੁਰਕਾਨ ਨੇ ਸਰਕਾਰ ਨੂੰ ਪੁੱਛਿਆ ਹੈ ਕਿ ਕੀ ਉਹ ਗਿਆਸਪੁਰ ਸਕੂਲ ਨੂੰ ਚਲਾਉਣ ਬਾਰੇ ਗੰਭੀਰ ਹੈ, ਜਿਹੜਾ ਕਿ ਵਿਦਿਆਰਥੀਆਂ ਦੀ ਗੈਰ-ਹਾਜ਼ਰੀ ਕਾਰਨ ਬੰਦ ਹੋਣ ਕੰਢੇ ਪੁੱਜ ਗਿਆ ਹੈ। ਕੀ ਸਰਕਾਰ ਉਸਦੇ ਬਿਨਾਂ ਬੱਚਿਆਂ ਨੂੰ ਸਕੂਲ ਲਿਆ ਸਕਦੀ ਹੈ। ਉਹ ਬਹੁਤ ਦੁਖੀ ਹੈ ਅਤੇ ਜੇ ਵਿਦਿਆਰਥੀ ਉਸ ਤੋਂ ਬਿਨਾਂ ਸਕੂਲ ਆਉਣ ਤੋਂ ਇਨਕਾਰੀ ਹਨ ਤਾਂ ਉਹ ਕਿਸੇ ਵੀ ਸਕੂਲ ਵਿਚ ਨਹੀਂ ਜਾਵੇਗਾ।
ਇਲਾਕੇ ਦੇ ਪ੍ਰਾਇਮਰੀ ਸਕੂਲਾਂ ਦੇ ਅਸਿਸਟੈਂਟ ਰਿਸੋਰਸ ਕੋਆਰਡੀਨੇਟਰ ਮੋਬਿਨ ਖਾਨ ਨੇ ਵੀਰਵਾਰ ਤੇ ਸ਼ੁੱਕਰਵਾਰ ਸਕੂਲ ਦਾ ਦੌਰਾ ਕੀਤਾ ਤਾਂ ਬੱਚਿਆਂ ਤੇ ਉਨ੍ਹਾਂ ਦੇ ਮਾਪਿਆ ਨੇ ਉਸ ਨੂੰ ਘੇਰ ਕੇ ਪੁੱਛਿਆ ਕਿ ਫੁਰਕਾਨ ਅਲੀ ਨੇ ਜਦ ਕੋਈ ਗਲਤ ਗੱਲ ਨਹੀਂ ਕੀਤੀ ਤਾਂ ਉਸ ਨੂੰ ਬਦਲਿਆ ਕਿਉਂ ਗਿਆ? ਮੋਬਿਨ ਮੁਤਾਬਕ ਫੁਰਕਾਨ ਅਲੀ ਸ਼ਾਨਦਾਰ ਅਧਿਆਪਕ ਹੈ ਤੇ ਬੱਚੇ ਉਸ ਨੂੰ ਬਹੁਤ ਮਿਸ ਕਰ ਰਹੇ ਹਨ। ਮੋਬਿਨ ਖਾਨ ਨੇ ਵੀ ਕਿਹਾ ਹੈ ਕਿ ਇਕਬਾਲ ਦੀ ਕਵਿਤਾ ਸਿਲੇਬਸ ਦਾ ਹਿੱਸਾ ਹੈ। ਨਵੇਂ ਆਏ ਹੈੱਡਮਾਸਟਰ ਰੇਹਾਨ ਹੁਸੈਨ ਚਿਸ਼ਤੀ ਨੂੰ ਵੀ ਸ਼ੁੱਕਰਵਾਰ 15-20 ਵਿਦਿਆਰਥੀ ਇਹ ਦੱਸਣ ਲਈ ਮਿਲੇ ਕਿ ਫੁਰਕਾਨ ਅਲੀ ਦੀ ਮੁਅੱਤਲੀ ਰੱਦ ਹੋਣ ਤੱਕ ਉਹ ਜਮਾਤਾਂ ਵਿਚ ਨਹੀਂ ਆਉਣਗੇ। ਚਿਸ਼ਤੀ ਦੇ ਸਮਝਾਉਣ 'ਤੇ ਵੀ ਉਹ ਨਹੀਂ ਮੰਨੇ। ਰਾਮ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਪੰਜਵੀਂ ਵਿਚ ਪੜ੍ਹਦੇ ਬੱਚੇ ਨੇ ਰੋਟੀ ਖਾਣੀ ਛੱਡ ਦਿੱਤੀ ਹੈ ਤੇ ਉਹ ਸਕੂਲ ਜਾਣ ਤੋਂ ਨਾਂਹ ਕਰ ਰਿਹਾ ਹੈ। ਸਰਕਾਰ ਨੂੰ ਅਲੀ ਸਾਹਿਬ ਨੂੰ ਛੇਤੀ ਬਹਾਲ ਕਰ ਦੇਣਾ ਚਾਹੀਦਾ ਹੈ।
ਫੁਰਕਾਨ ਅਲੀ ਦੀ ਕਹਾਣੀ ਦੱਸਦੀ ਹੈ ਕਿ ਹਾਕਮ ਮੁਸਲਮਾਨਾਂ ਪ੍ਰਤੀ ਕਿਹੋ ਜਿਹਾ ਰਵੱਈਆ ਅਪਣਾ ਰਹੇ ਹਨ। ਇਕ ਤਾਂ ਹੈੱਡਮਾਸਟਰ ਫੁਰਕਾਨ ਅਲੀ ਹੈ ਤੇ ਦੂਜਾ, ਬੱਚੇ ਕਵਿਤਾ ਇਕਬਾਲ ਦੀ ਪੜ੍ਹ ਰਹੇ ਸਨ। ਇਸ ਸਭ ਦੇ ਬਾਵਜੂਦ ਬੱਚਿਆਂ ਦਾ ਸਟੈਂਡ ਉਨ੍ਹਾਂ ਦੇ ਮੂੰਹ 'ਤੇ ਚਪੇੜ ਹੈ, ਜਿਹੜੇ ਸਿੱਖਿਆ ਨੂੰ ਵੀ ਹਿੰਦੂ-ਮੁਸਲਮ ਵਿਚ ਵੰਡ ਰਹੇ ਹਨ।

950 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper