Latest News
ਦਿੱਲੀ 'ਚ ਰਵਿਦਾਸ ਮੰਦਰ ਪਹਿਲੀ ਥਾਂ 'ਤੇ ਹੀ 200 ਦੀ ਥਾਂ 400 ਵਰਗ ਮੀਟਰ 'ਚ ਬਣਾਉਣ 'ਤੇ ਸੁਪਰੀਮ ਕੋਰਟ ਰਾਜ਼ੀ

Published on 21 Oct, 2019 11:35 AM.

ਨਵੀਂ ਦਿੱਲੀ : ਸੁਪਰੀਮ ਕੋਰਟ ਸੋਮਵਾਰ ਦੱਖਣੀ ਦਿੱਲੀ ਦੇ ਤੁਗਲਕਾਬਾਦ ਦੀ ਉਸੇ ਥਾਂ 'ਤੇ 400 ਵਰਗ ਮੀਟਰ ਵਿਚ ਗੁਰੂ ਰਵਿਦਾਸ ਮੰਦਰ ਉਸਾਰਨ ਦੀ ਆਗਿਆ ਦੇਣ 'ਤੇ ਰਾਜ਼ੀ ਹੋ ਗਈ, ਜਿੱਥੇ ਅਗਸਤ ਵਿਚ ਢਾਹਿਆ ਗਿਆ ਸੀ। ਕੋਰਟ ਨੇ ਮੰਦਰ ਢਾਹੁਣ ਵਿਰੁੱਧ ਮੁਜ਼ਾਹਰਿਆਂ ਦੌਰਾਨ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਰਿਹਾਅ ਕਰ ਦੇਣ ਦੇ ਹੁਕਮ ਵੀ ਦਿੱਤੇ ਹਨ।
15ਵੀਂ ਸਦੀ ਵਿਚ ਬਣਾਏ ਗਏ ਮੰਦਰ ਨੂੰ ਸੁਪਰੀਮ ਕੋਰਟ ਦੇ ਹੁਕਮ 'ਤੇ ਦਿੱਲੀ ਡਿਵੈੱਲਪਮੈਂਟ ਅਥਾਰਟੀ (ਡੀ ਡੀ ਏ) ਨੇ ਇਸ ਕਰਕੇ ਢਾਹ ਦਿੱਤਾ ਸੀ ਕਿ ਇਹ ਜੰਗਲੀ ਇਲਾਕੇ ਵਿਚ ਸੀ। ਕੇਂਦਰ ਨੇ ਦਲਿਤ ਗਰੁੱਪਾਂ ਤੇ ਆਪੋਜ਼ੀਸ਼ਨ ਪਾਰਟੀਆਂ ਦੇ ਗੁੱਸੇ ਨੂੰ ਦੇਖਦਿਆਂ ਮੰਦਰ ਲਈ 200 ਵਰਗ ਮੀਟਰ ਜ਼ਮੀਨ ਦੇਣ ਦੀ ਗੱਲ ਕਹੀ ਸੀ। ਸੋਮਵਾਰ ਸਰਕਾਰ ਦੇ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਕਿਹਾ ਕਿ ਸਰਕਾਰ 200 ਦੀ ਥਾਂ 400 ਵਰਗ ਮੀਟਰ ਜ਼ਮੀਨ ਦੇਣ ਲਈ ਤਿਆਰ ਹੈ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਇਹ ਪੇਸ਼ਕਸ਼ ਮਨਜ਼ੂਰ ਕਰ ਲਈ। ਉਸ ਨੇ ਸਾਰੇ ਗ੍ਰਿਫਤਾਰ ਲੋਕਾਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ। ਜਸਟਿਸ ਮਿਸ਼ਰਾ ਨੇ ਉਨ੍ਹਾਂ ਖਿਲਾਫ ਸਾਰੇ ਫੌਜਦਾਰੀ ਕੇਸ ਬੰਦ ਕਰਨ ਦੇ ਵੀ ਹੁਕਮ ਦਿੱਤੇ, ਪਰ ਇਸ ਦੇ ਨਾਲ ਕਿਹਾ ਕਿ ਉਨ੍ਹਾਂ ਨੂੰ ਲਿਖ ਕੇ ਦੇਣਾ ਪਵੇਗਾ ਕਿ ਰਿਹਾਈ ਤੋਂ ਬਾਅਦ ਚੰਗਾ ਵਿਹਾਰ ਕਰਨਗੇ। ਮੰਦਰ ਢਾਹੁਣ ਵਿਰੁੱਧ ਸਭ ਤੋਂ ਪਹਿਲਾਂ ਪੰਜਾਬ ਵਿਚ ਮੁਜ਼ਾਹਰੇ ਹੋਏ ਸਨ, ਜਿੱਥੇ ਦਲਿਤਾਂ ਦੀ ਗਿਣਤੀ ਕੁਲ ਆਬਾਦੀ ਦਾ ਲੱਗਭੱਗ ਇਕ-ਤਿਹਾਈ ਹੈ। ਇਸਤੋਂ ਬਾਅਦ ਹਰਿਆਣਾ, ਯੂ ਪੀ ਤੇ ਰਾਜਸਥਾਨ ਵਿਚ ਵੀ ਮੁਜ਼ਾਹਰੇ ਹੋਏ। ਤੁਗਲਕਾਬਾਦ ਇਲਾਕੇ ਵਿਚ ਮੰਦਰ ਦੇ ਨੇੜੇ ਤਾਂ ਦਰਜਨਾਂ ਲੋਕ ਜ਼ਖਮੀ ਵੀ ਹੋ ਗਏ ਸਨ। ਸੁਪਰੀਮ ਕੋਰਟ ਨੇ ਪਹਿਲੇ ਹੁਕਮ ਵਿਚ ਗੁਰੂ ਰਵਿਦਾਸ ਜੈਅੰਤੀ ਸਮਾਰੋਹ ਸਮਿਤੀ ਨੂੰ ਅਪ੍ਰੈਲ ਵਿਚ ਮੰਦਰ ਖਾਲੀ ਕਰਕੇ ਡੀ ਡੀ ਏ ਹਵਾਲੇ ਕਰਨ ਨੂੰ ਕਿਹਾ ਸੀ। ਅਗਸਤ ਦੇ ਸ਼ੁਰੂ ਵਿਚ ਸਮਿਤੀ ਨੇ ਕੋਰਟ ਨੂੰ ਦੱਸਿਆ ਮੰਦਰ ਖਾਲੀ ਕਰ ਦਿੱਤਾ ਹੈ। ਬਾਅਦ ਵਿਚ ਕੋਰਟ ਨੂੰ ਦੱਸਿਆ ਗਿਆ ਕਿ ਮੰਦਰ ਖਾਲੀ ਨਹੀਂ ਕੀਤਾ ਗਿਆ ਹੈ ਤਾਂ ਉਸ ਨੇ ਡੀ ਡੀ ਏ ਨੂੰ ਹੁਕਮ ਦਿੱਤਾ ਕਿ ਉਹ ਪੁਲਸ ਨੂੰ ਨਾਲ ਲੈ ਕੇ 10 ਅਗਸਤ ਤੱਕ ਮੰਦਰ ਢਾਹ ਦੇਵੇ।

203 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper