Latest News
22 ਦੀ ਸੂਬਾਈ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ

Published on 13 Nov, 2019 09:03 AM.

ਜਲੰਧਰ, (ਕੇਸਰ)
ਭਾਜਪਾ ਦੀ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ 'ਚੋਂ ਧਾਰਾ 370 ਤੇ 35 ਏ ਨੂੰ ਖ਼ਤਮ ਕਰਕੇ ਕਸ਼ਮੀਰ ਵਾਸੀਆਂ ਨੂੰ ਉਨ੍ਹਾਂ ਦੇ ਜਮਹੂਰੀ ਅਧਿਕਾਰਾਂ ਤੋਂ ਵਾਂਝਿਆਂ ਕਰ ਦਿੱਤਾ ਹੈ। ਇਸ ਗੰਭੀਰ ਮੁੱਦੇ 'ਤੇ ਵੱਖ-ਵੱਖ ਖੱਬੀਆਂ ਪਾਰਟੀਆਂ ਤੇ ਜਮਹੂਰੀ ਜਥੇਬੰਦੀਆਂ ਵੱਲੋਂ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮੀਟਿੰਗ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਆਰ ਐੱਮ ਪੀ ਆਈ ਵੱਲੋਂ ਮੰਗਤ ਰਾਮ ਪਾਸਲਾ, ਸੀ ਪੀ ਆਈ ਵੱਲੋਂ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੀ ਪੀ ਆਈ ਐੱਮ ਐੱਲ ਡੀ ਵੱਲੋਂ ਅਜਮੇਰ ਸਿੰਘ, ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਵੱਲੋਂ ਰਾਜਵਿੰਦਰ ਸਿੰਘ ਰਾਣਾ, ਲੋਕ ਸੰਗਰਾਮ ਮੰਚ ਵੱਲੋਂ ਤਾਰਾ ਸਿੰਘ ਮੋਗਾ, ਇਨਕਲਾਬੀ ਲੋਕ ਮੋਰਚਾ ਵੱਲੋਂ ਦਰਸ਼ਨ ਸਿੰਘ ਤੂਰ, ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਜਮਹੂਰੀ ਮੋਰਚਾ ਅਤੇ ਮਾਰਕਸੀ ਕਮਿਊਨਿਸਟ ਪਾਰਟੀ ਯੂਨਾਈਟਿਡ ਵੱਲੋਂ ਮੰਗਤ ਰਾਮ ਲੌਂਗੋਵਾਲ ਸ਼ਾਮਲ ਹੋਏ। ਮੀਟਿੰਗ ਵਿੱਚ ਆਰ ਐੱਸ ਐੱਸ ਵੱਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ, ਹਿੰਦੀ ਨੂੰ ਕੌਮੀ ਭਾਸ਼ਾ ਵਜੋਂ ਠੋਸਣ ਆਦਿ ਫੁੱਟ-ਪਾਊ ਨੀਤੀਆਂ ਦੀ ਕਰੜੀ ਵਿਰੋਧਤਾ ਕੀਤੀ ਗਈ। ਹਾਜ਼ਰ ਆਗੂਆਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ 'ਤੇ ਕੇਂਦਰ ਦੀ ਮੋਦੀ ਸਰਕਾਰ ਦੇ ਹੁਕਮ 'ਤੇ ਪੁਲਸ ਤੇ ਫ਼ੌਜ ਬਹੁਤ ਜਬਰ ਕਰ ਰਹੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਸਿਆਸੀ ਆਗੂ ਅਤੇ ਕਸ਼ਮੀਰੀ ਨੌਜਵਾਨ ਜੇਲ੍ਹਾਂ ਵਿੱਚ ਡੱਕੇ ਹੋਏ ਹਨ। ਕਸ਼ਮੀਰੀ ਲੋਕ ਇਲਾਜ ਪੱਖੋਂ ਮਰ ਰਹੇ ਹਨ। ਲੋਕਾਂ ਦਾ ਕੰਮਕਾਰ ਖੁੱਸ ਗਿਆ ਹੈ। ਮੀਟਿੰਗ ਵਿੱਚ ਨੋਟ ਕੀਤਾ ਗਿਆ ਕਿ ਮੋਦੀ ਦੀ ਸਰਕਾਰ ਲੋਕਾਂ ਦਾ ਧਿਆਨ ਮਹਿੰਗਾਈ, ਬੇਰੁਜ਼ਗਾਰੀ ਤੇ ਗਰੀਬੀ ਵਾਲੇ ਪਾਸੇ ਤੋਂ ਹਟਾ ਕੇ ਪਾਕਿਸਤਾਨ ਨਾਲ ਜੰਗੀ ਮਾਹੌਲ ਬਣਾਉਣ ਵਾਲੇ ਪਾਸੇ ਲਾ ਰਹੀ ਹੈ। ਇਸ ਵਕਤ ਦੇਸ਼ ਵਿੱਚ ਘੱਟ ਗਿਣਤੀਆਂ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਮੋਦੀ ਦੀ ਸਰਕਾਰ ਆਰ ਐੱਸ ਐੱਸ ਦੇ ਸਿਧਾਂਤ 'ਤੇ ਚੱਲਦੀ ਹੀ ਦੇਸ਼ ਵਿੱਚ ਫਾਸ਼ੀਵਾਦ ਵੱਲ ਵਧ ਰਹੀ ਹੈ। ਮੋਹਨ ਭਾਗਵਤ ਵੱਲੋਂ ਹਜੂਮੀ ਹਤਿਆਵਾਂ ਦੇ ਕਾਤਲਾਂ ਨੂੰ ਜਾਇਜ਼ ਠਹਿਰਾਉਣ ਦੀ ਨੀਤੀ ਅੱਤ ਨਿੰਦਣਯੋਗ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਵਾਲੀ ਹੈ। ਮੋਦੀ ਸਰਕਾਰ ਨੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਅੱਗੇ ਵੇਚਤਾ ਹੈ ।ਸਾਰੇ ਸਰਕਾਰੀ ਅਦਾਰੇ ਖ਼ਤਮ ਕਰਕੇ ਨਿੱਜੀਕਰਨ ਵਾਲੇ ਪਾਸੇ ਵਧਿਆ ਜਾ ਰਿਹਾ ਹੈ, ਜਿਸ ਕਰਕੇ ਦੇਸ਼ ਵਿੱਚ ਅਮੀਰ-ਗਰੀਬ ਦਾ ਪਾੜਾ ਬੇਹੱਦ ਵਧ ਗਿਆ ਹੈ। ਆਰਥਿਕ ਮੰਦੀ ਕਾਰਨ ਦੇਸ਼ ਦੇ ਲੋਕ ਗਰੀਬੀ ਵਿੱਚ ਧੱਸਦੇ ਜਾ ਰਹੇ ਹਨ।
ਮੋਦੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚੋਂ 370 ਤੇ 35 ਏ ਧਾਰਾ ਤੋੜਨ ਅਤੇ ਕੇਂਦਰ ਸਰਕਾਰ ਦੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀ ਨੂੰ ਲੈ ਕੇ ਪੰਜਾਬ ਦੀਆਂ 9 ਖੱਬੀਆਂ, ਜਮਹੂਰੀ ਤੇ ਇਨਕਲਾਬੀ ਸ਼ਕਤੀਆਂ ਵੱਲੋਂ ਜੋ 22 ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ਕਨਵੈਨਸ਼ਨ ਹੋ ਰਹੀ ਹੈ, ਉਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਲੋਕ ਬੜੇ ਉਤਸ਼ਾਹ ਨਾਲ ਪੁੱਜ ਰਹੇ ਹਨ।

131 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper