ਮੋਦੀ ਸਰਕਾਰ ਨੇ ਕੇਂਦਰੀ ਜਾਂਚ ਏਜੰਸੀਆਂ ਦੀ ਵਿਰੋਧੀਆਂ ਵਿਰੁੱਧ ਵਰਤੋਂ ਦੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਇਸ ਸੰਬੰਧੀ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ, ਕਰਨਾਟਕ ਦੇ ਕਾਂਗਰਸੀ ਆਗੂ ਸ਼ਿਵ ਕੁਮਾਰ, ਐੱਨ ਡੀ ਟੀ ਵੀ ਦੇ ਮਾਲਕ ਪ੍ਰਣੋਏ ਰਾਏ ਤੇ ਉਸ ਦੀ ਪਤਨੀ ਅਤੇ ਦੀ ਕੁਇੰਟ ਮੀਡੀਆ ਵੈਬਸਾਈਟ ਦੇ ਮਾਲਕ ਰਾਘਵ ਬਹਿਲ ਆਦਿ ਵਿਰੁੱਧ ਕੇਂਦਰੀ ਜਾਂਚ ਏਜੰਸੀਆਂ ਹੱਥ ਧੋ ਕੇ ਪਈਆਂ ਹੋਈਆਂ ਹਨ। ਸਾਬਕਾ ਵਿੱਤ ਮੰਤਰੀ ਇਨ੍ਹੀਂ ਦਿਨੀਂ ਜੇਲ੍ਹ ਵਿੱਚ ਹਨ। ਕਿਹਾ ਇਹ ਜਾਂਦਾ ਹੈ ਕਿ ਪੀ. ਚਿਦੰਬਰਮ ਜਦੋਂ ਗ੍ਰਹਿ ਮੰਤਰੀ ਹੁੰਦੇ ਸਨ, ਉਸ ਸਮੇਂ ਸੀ ਬੀ ਆਈ ਨੇ ਅਮਿਤ ਸ਼ਾਹ ਨੂੰ ਗੁਜਰਾਤ ਵਿੱਚ ਹੋਏ ਇੱਕ ਫਰਜ਼ੀ ਮੁਕਾਬਲੇ ਦੇ ਕੇਸ ਵਿੱਚ ਜੇਲ੍ਹ ਦੀ ਹਵਾ ਖਵਾਈ ਸੀ। ਹੁਣ ਜਦੋਂ ਅਮਿਤ ਸ਼ਾਹ ਗ੍ਰਹਿ ਮੰਤਰੀ ਬਣੇ ਹਨ ਤਾਂ ਉਹ ਪੀ. ਚਿਦੰਬਰਮ ਨਾਲ ਹਿਸਾਬ ਬਰਾਬਰ ਕਰਨ ਲੱਗੇ ਹੋਏ ਹਨ। ਕਰਨਾਟਕ ਦੇ ਕਾਂਗਰਸੀ ਆਗੂ ਸ਼ਿਵ ਕੁਮਾਰ ਦਾ ਦੋਸ਼ ਇਹ ਸੀ ਕਿ ਉਸ ਨੇ ਗੁਜਰਾਤ ਵਿੱਚ ਰਾਜ ਸਭਾ ਦੀ ਚੋਣ ਸਮੇਂ ਕਾਂਗਰਸੀ ਵਿਧਾਇਕਾਂ ਨੂੰ ਖਰੀਦੋ-ਫਰੋਖਤ ਤੋਂ ਬਚਾਉਣ ਲਈ ਆਪਣੇ ਰਿਜ਼ਾਰਟ ਵਿੱਚ ਠਹਿਰਾਇਆ ਸੀ। ਇਸ ਦੇ ਸਿੱਟੇ ਵਜੋਂ ਅਮਿਤ ਸ਼ਾਹ ਦਾ ਉਮੀਦਵਾਰ ਹਾਰ ਗਿਆ ਸੀ ਤੇ ਕਾਂਗਰਸੀ ਉਮੀਦਵਾਰ ਅਹਿਮਦ ਪਟੇਲ ਰਾਜ ਸਭਾ ਲਈ ਚੁਣੇ ਗਏ ਸਨ। ਪ੍ਰਣੋਏ ਰਾਏ ਤੇ ਰਾਘਵ ਬਹਿਲ ਇਸ ਲਈ ਭਾਜਪਾ ਦੇ ਨਿਸ਼ਾਨੇ ਉੱਤੇ ਹਨ ਕਿ ਇਨ੍ਹਾਂ ਦੇ ਅਦਾਰੇ ਸਰਕਾਰ ਦੀ ਹਰ ਗਲਤ ਗੱਲ ਦੀ ਅਲੋਚਨਾ ਕਰਦੇ ਹਨ। ਜਦੋਂ ਸਮੁੱਚਾ ਹਿੰਦੀ ਮੀਡੀਆ ਮੋਦੀ ਸਰਕਾਰ ਦੇ ਗੁਣਗਾਨ ਵਿੱਚ ਰੁੱਝਾ ਹੋਇਆ ਹੈ, ਐੱਨ ਡੀ ਟੀ ਵੀ, ਦੀ ਕੁਇੰਟ ਤੇ 'ਦੀ ਵਾਇਰ' ਵਰਗੀਆਂ ਸੰਸਥਾਵਾਂ ਪੱਤਰਕਾਰਤਾ ਦੀਆਂ ਸੁੱਚੀਆਂ ਰਵਾਇਤਾਂ ਉੱਤੇ ਪਹਿਰਾ ਦੇ ਰਹੀਆਂ ਹਨ।
ਕੇਂਦਰੀ ਸਰਕਾਰ ਵੱਲੋਂ ਜਾਂਚ ਏਜੰਸੀਆਂ ਰਾਹੀਂ ਸਿਰਫ਼ ਸਿਆਸੀ ਵਿਰੋਧੀਆਂ ਨੂੰ ਹੀ ਨਹੀਂ, ਉਨ੍ਹਾਂ ਇਮਾਨਦਾਰ ਅਫ਼ਸਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਹੜੇ ਸਰਕਾਰੀ ਦਬਾਅ ਅੱਗੇ ਝੁਕਣ ਤੋਂ ਇਨਕਾਰੀ ਰਹੇ ਹਨ। ਅਜਿਹੇ ਹੀ ਇੱਕ ਅਧਿਕਾਰੀ ਅਸ਼ੋਕ ਲਵਾਸਾ ਦੇ ਪਰਵਾਰ ਵਿਰੁੱਧ ਈ ਡੀ ਨੂੰ ਲਾ ਦਿੱਤਾ ਗਿਆ ਹੈ। ਪਾਠਕਾ ਨੂੰ ਯਾਦ ਹੋਵੇਗਾ ਕਿ ਅਸ਼ੋਕ ਲਵਾਸਾ ਨੇ ਚੋਣ ਕਮਿਸ਼ਨਰ ਹੁੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਮਾਮਲਿਆਂ ਵਿੱਚ ਕਲੀਨ ਚਿੱਟ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ। ਉਨ੍ਹਾ ਵੱਲੋਂ ਅਜਿਹਾ ਪੰਜ ਮਾਮਲਿਆਂ ਵਿੱਚ ਕੀਤਾ ਗਿਆ ਸੀ। ਹੁਣ ਈ ਡੀ ਵੱਲੋਂ ਅਸ਼ੋਕ ਲਵਾਸਾ ਦੇ ਬੇਟੇ ਅਬੀਰ ਲਵਾਸਾ ਵਿਰੁੱਧ ਵਿਦੇਸ਼ੀ ਮੁਦਰਾ ਕਾਨੂੰਨਾਂ ਦੀ ਉਲੰਘਣਾ ਬਾਰੇ ਜਾਂਚ ਸ਼ੁਰੂ ਕੀਤੀ ਗਈ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਅਬੀਰ ਲਵਾਸਾ ਵਿਰੁੱਧ ਮਾਰੀਸ਼ਸ਼ ਸਥਿਤ ਨਿਵੇਸ਼ਕ ਸਾਮਾ ਕੈਪੀਟਲ ਵੱਲੋਂ ਮਾਰਚ 2019 ਵਿੱਚ ਨੌਰਿਸ਼ ਆਰਗੈਨਿਕ ਫੂਡਸ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ ਨਿਵੇਸ਼ ਕੀਤੇ 7.25 ਕਰੋੜ ਰੁਪਏ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਅਬੀਰ 2017 ਵਿੱਚ ਇਸ ਕੰਪਨੀ ਦੇ ਨਿਰਦੇਸ਼ਕ ਬਣੇ ਸਨ। ਇਸ ਸੰਬੰਧੀ ਈ ਡੀ ਅਧਿਕਾਰੀਆਂ ਦੇ ਤਰਕ ਵਿੱਚ ਕੋਈ ਦਮ ਨਹੀਂ ਲੱਗਦਾ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਘਾਟੇ ਵਿੱਚ ਚੱਲ ਰਹੀ ਸੀ, ਫਿਰ ਵੀ ਉਸ ਨੇ ਭਾਰੀ ਨਿਵੇਸ਼ ਪ੍ਰਾਪਤ ਕਰ ਲਿਆ, ਇਸ ਸੰਬੰਧੀ ਉਹ ਅਬੀਰ ਤੋਂ ਪੁੱਛਗਿੱਛ ਕਰਨਾ ਚਾਹੁੰਦੇ ਹਨ। ਈ ਡੀ ਨੂੰ ਕਿਸੇ ਕੰਪਨੀ ਵਿੱਚ ਕਿਸੇ ਹੋਰ ਕੰਪਨੀ ਵੱਲੋਂ ਕੀਤਾ ਗਿਆ ਸਵਾ 7 ਕਰੋੜ ਦਾ ਨਿਵੇਸ਼ ਵੀ ਬਹੁਤ ਵੱਡਾ ਲੱਗਦਾ ਹੈ। ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਪਬਲਿਕ ਸੈਕਟਰ ਦੀਆਂ 11 ਕੰਪਨੀਆਂ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਆਪਣਾ ਪਿਛਲਾ ਰਿਕਾਰਡ ਚੈੱਕ ਕਰਕੇ ਦੱਸਣ ਕਿ ਅਸ਼ੋਕ ਲਵਾਸਾ ਜਦੋਂ ਬਿਜਲੀ ਮੰਤਰਾਲੇ ਵਿੱਚ ਸਨ ਤਾਂ ਉਨ੍ਹਾ ਕਿਸੇ ਗਲਤ ਕੰਮ ਲਈ ਆਪਣੇ ਰਸੂਖ ਦੀ ਵਰਤੋਂ ਤਾਂ ਨਹੀਂ ਕੀਤੀ ਸੀ।