ਬੇਂਗਲੁਰੂ : ਭਾਜਪਾ ਨੇ ਉਨ੍ਹਾਂ 17 ਵਿਚੋਂ 13 ਵਿਧਾਇਕਾਂ ਨੂੰ ਪੰਜ ਦਸੰਬਰ ਨੂੰ ਹੋਣ ਵਾਲੀਆਂ ਅਸੰਬਲੀ ਉਪ-ਚੋਣਾਂ ਵਿਚ ਉਮੀਦਵਾਰ ਬਣਾਇਆ ਹੈ, ਜਿਨ੍ਹਾਂ ਦੀ ਬਗਾਵਤ ਨਾਲ ਐਚ ਡੀ ਕੁਮਾਰਸਵਾਮੀ ਦੀ ਸਰਕਾਰ ਡਿਗ ਗਈ ਸੀ। ਇਸਤੋਂ ਪਹਿਲਾਂ 17 ਵਿਚੋਂ 16 ਨੂੰ ਭਾਜਪਾ ਵਿਚ ਸ਼ਾਮਲ ਕਰਦਿਆਂ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਨੇ ਉਨ੍ਹਾਂ ਨੂੰ ਭਵਿੱਖ ਦੇ ਵਿਧਾਇਕ ਤੇ ਮੰਤਰੀ ਦੱਸਿਆ। ਯੇਦੀਯੁਰੱਪਾ ਨੇ ਕਿਹਾ, ''ਇਨ੍ਹਾਂ ਦੀ ਕੁਰਬਾਨੀ ਨਾਲ ਹੀ ਤਾਂ ਮੈਂ ਮੁੱਖ ਮੰਤਰੀ ਦੀ ਸਹੁੰ ਚੁੱਕ ਸਕਿਆ ਸੀ।'' ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਵਿਚੋਂ 10 ਨੇ ਕਾਂਗਰਸ ਤੇ 3 ਨੇ ਜਨਤਾ ਦਲ (ਸੈਕੂਲਰ) ਦੇ ਵਿਧਾਇਕਾਂ ਵਜੋਂ ਅਸਤੀਫੇ ਦਿੱਤੇ ਸਨ। ਪੰਜ ਦਸੰਬਰ ਨੂੰ 15 ਸੀਟਾਂ ਲਈ ਉਪ-ਚੋਣ ਹੋਣੀ ਹੈ। ਭਾਜਪਾ ਲਈ ਸਰਕਾਰ ਬਚਾਏ ਰੱਖਣ ਲਈ ਘੱਟੋਘਟ 6 ਸੀਟਾਂ ਜਿੱਤਣੀਆਂ ਜ਼ਰੂਰੀ ਹਨ।