Latest News
ਸਾਇੰਸ ਸਿਟੀ ਦੇ ਸੰਸਥਾਪਕ ਡਾਇਰੈਕਟਰ ਜਨਰਲ ਡਾਕਟਰ ਖੰਡਪੁਰ ਨਹੀਂ ਰਹੇ

Published on 19 Nov, 2019 11:30 AM.


ਨਵੀਂ ਦਿੱਲੀ : ਸਾਇੰਸ ਸਿਟੀ ਦੇ ਸੰਸਥਾਪਕ ਡਾਇਰੈਕਟਰ ਜਨਰਲ ਡਾ. ਰਘਬੀਰ ਸਿੰਘ ਖੰਡਪੁਰ ਦਾ ਮੰਗਲਵਾਰ ਨਵੀਂ ਦਿੱਲੀ ਵਿਖੇ ਦਿਹਾਂਤ ਹੋ ਗਿਆ। ਡਾ. ਖੰਡਪੁਰ ਦਾ ਜਨਮ 15 ਅਪ੍ਰੈਲ 1942 ਨੂੰ ਮਾਤਾ ਕਾਰਤਾਰ ਦੀ ਕੁੱਖੋਂ ਅਤੇ ਪਿਤਾ ਪਰਸ ਰਾਮ ਦੇ ਘਰ ਮੰਡੀ ਢਾਬਾਂ ਸਿੰਘ (ਸਫ਼ਦਰਾਬਾਦ) ਪਾਕਿਸਤਾਨ ਵਿਖੇ ਹੋਇਆ। ਉਹ 77 ਸਾਲਾ ਦੇ ਸਨ। ਡਾ. ਖੰਡਪੁਰ ਨੇ 23 ਮਈ 2002 ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਿਆ ਅਤੇ 22 ਮਈ 2014 ਤੱਕ ਸੇਵਾਵਾਂ ਨਿਭਾਈਆਂ। ਸਾਇੰਸ ਸਿਟੀ ਦੀ ਉਸਾਰੀ ਵਿਚ ਉਨ੍ਹਾ ਦਾ ਸਭ ਤੋਂ ਵੱਧ ਯੋਗਦਾਨ ਰਿਹਾ। ਸਾਇੰਸ ਸਿਟੀ ਵਿਖੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਸੀਡੈਕ ਮੋਹਾਲੀ ਦੇ ਸੰਸਥਾਪਕ ਡਾਇਰੈਕਟਰ ਜਨਰਲ ਵੀ ਰਹੇ। ਉਂਝ ਤਾਂ ਉਨ੍ਹਾ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਹੋਈ ਹੈ, ਪਰ ਜਦੋਂ ਸਾਇੰਸ ਸਿਟੀ ਦੀਆਂ ਇਮਾਰਤਾਂ ਦੇ ਡਿਜ਼ਾਇਨ ਨੂੰ ਦੇਖਿਆ ਜਾਵੇ ਤਾਂ ਇਵੇਂ ਲੱਗਦਾ ਹੈ ਕਿ ਉਨ੍ਹਾ ਦੀ ਭਵਨ ਨਿਰਮਾਣ ਦੇ ਕੰਮਾਂ ਵਿਚ ਵੀ ਮੁਹਾਰਤ ਘੱਟ ਨਹੀਂ ਸੀ। ਇਸ ਤੋਂ ਇਲਾਵਾ ਉਹਨਾ ਕੈਂਸਰ ਦੇ ਇਲਾਜ ਲਈ ਭਾਰਤ ਵਿਚ ਬਣੀ ਪਹਿਲੀ ਮਸ਼ੀਨ ਦੇ ਨਿਰਮਾਣ ਵਿਚ ਵਿਸ਼ੇਸ਼ ਯੋਗਦਾਨ ਦਿੱਤਾ। ਉਹਨਾ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਵਿਦੇਸ਼ਾਂ ਵਿਚ ਵੀ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਉਹਨਾ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ ਸੀ।

118 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper