Latest News
ਸਕਾਰਪਿਓ-ਟਰਾਲਾ ਟੱਕਰ 'ਚ ਏਅਰ ਫੋਰਸ ਦੇ 2 ਜਵਾਨਾਂ ਦੀ ਮੌਤ

Published on 11 Dec, 2019 10:58 AM.


ਸੁਨਾਮ/ਊਧਮ ਸਿੰਘ ਵਾਲਾ,
(ਜਗਦੀਸ਼ ਅਰੋੜਾ, ਜਸਪ੍ਰੀਤ ਸਿੰਘ ਸੱਗੂ)
ਮਹਿਲਾਂ ਚੌਂਕ ਦੇ ਨਜ਼ਦੀਕ ਪਿੰਡ ਸੰਜੂਮਾਂ ਵਿਖੇ ਲੱਗਣ ਵਾਲੇ ਟੋਲ ਪਲਾਜ਼ੇ ਦੇ ਡਿਵਾਈਡਰ ਕਾਰਨ ਦੋ ਘਰਾਂ ਦੇ ਚਿਰਾਗ ਹਮੇਸ਼ਾ ਲਈ ਬੁਝ ਗਏ। ਸਮੇਂ ਦੀਆਂ ਸਰਕਾਰਾਂ ਇਸ ਸਭ ਲਈ ਜ਼ੁੰਮੇਵਾਰ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਮਲਦੀਪ ਸਿੰਘ, ਲਵਪ੍ਰੀਤ ਸਿੰਘ ਵਾਸੀ ਪਿੰਡ ਮਰਦਖੇੜਾ, ਪ੍ਰਦੀਪ ਨੈਣ ਵਾਸੀ ਨਰੋਦਾ ਕਲਾਂ (ਜੀਂਦ) ਚਿਰਾਗ ਵਾਸੀ ਨਰਵਾਣਾ ਸਾਰੇ ਦੋਸਤ ਇਕੱਤਰ ਹੋ ਕੇ ਆਪਣੇ ਕਿਸੇ ਮਿੱਤਰ ਦੀ ਗੱਡੀ ਦੇ ਐਕਸੀਡੈਂਟ ਬਾਰੇ ਪਤਾ ਕਰਨ ਲਈ ਜਾ ਰਹੇ ਸਨ। ਮੰਗਲਵਾਰ ਰਾਤ ਕਰੀਬ 12.30 ਵਜੇ ਆਪਣੇ ਪਿੰਡ ਮਰਦਖੇੜਾ ਤੋਂ ਭਵਾਨੀਗੜ੍ਹ ਵੱਲ ਜਾ ਰਹੇ ਸਨ ਕਿ ਮਹਿਲਾਂ ਚੌਂਕ ਦੇ ਨਜ਼ਦੀਕ ਲੱਗਣ ਵਾਲੇ ਟੋਲ ਪਲਾਜ਼ੇ ਵਾਲੀ ਥਾਂ 'ਤੇ ਹਾਦਸਾ ਵਾਪਰ ਗਿਆ। ਟੱਕਰ ਐਨੀ ਜ਼ਬਰਦਸਤ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ। ਕਮਲਦੀਪ ਸਿੰਘ ਵਾਸੀ ਮਰਦਖੇੜਾ ਅਤੇ ਚਿਰਾਗ ਵਾਸੀ ਨਰਵਾਣਾ ਦੀ ਮੌਕੇ 'ਤੇ ਮੌਤ ਹੋ ਗਈ।
ਪਰਦੀਪ ਨੈਣ ਵਾਸੀ ਨਰੋਦਾ ਕਲਾਂ ਪੀ ਜੀ ਆਈ ਚੰਡੀਗੜ੍ਹ ਅਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਮਰਦਖੇੜਾ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ। ਮ੍ਰਿਤਕ ਕਮਲਜੀਤ ਸਿੰਘ ਅਤੇ ਚਿਰਾਗ ਅਤੇ ਗੰਭੀਰ ਰੂਪ 'ਚ ਜ਼ਖਮੀ ਪ੍ਰਦੀਪ ਨੈਣ ਏਅਰ ਫੋਰਸ ਵਿੱਚ ਰਡਾਰ ਮੈਨ ਵਜੋਂ ਸੇਵਾ ਨਿਭਾਅ ਰਹੇ ਸਨ। ਫੌਜ ਦੇ ਉੱਚ ਅਧਿਕਾਰੀਆਂ ਨੇ ਹਾਦਸੇ ਵਾਲੀ ਥਾਂ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਹਾਦਸੇ ਤੋਂ ਬਾਅਦ ਇਲਾਕੇ ਦੇ ਲੋਕਾਂ ਅੰਦਰ ਭਾਰੀ ਗੁੱਸਾ ਅਤੇ ਨਰਾਜ਼ਗੀ, ਸਮੇਂ ਦੀ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਪਾਈ ਜਾ ਰਹੀ ਹੈ, ਜਿਸ ਕਾਰਨ ਕਿਸਾਨ ਯੂਨੀਅਨ ਅਤੇ ਇਲਾਕੇ ਦੇ ਲੋਕਾਂ ਨੇ ਘਟਨਾ ਵਾਲੀ ਥਾਂ 'ਤੇ ਧਰਨਾ ਦੇ ਕੇ ਆਪਣੇ ਗੁੱਸੇ ਅਤੇ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ। ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਇਸ ਡਿਵਾਈਡਰ ਨੂੰ ਜਲਦੀ ਤੋਂ ਜਲਦੀ ਹਟਾਇਆ ਜਾਵੇ। ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨਾ ਬੰਦ ਕੀਤਾ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ਹਰਜੀਤ ਸਿੰਘ ਫੌਜੀ ਨੇ ਕਿਹਾ ਕਿ ਸਰਕਾਰਾਂ ਕੁੰਭਕਰਨ ਦੀ ਨੀਂਦ ਸੁੱਤੀਆਂ ਪਈਆਂ ਹਨ। ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਅਨੇਕਾਂ ਘਰ ਉੱਜੜ ਰਹੇ ਹਨ। ਇਸ ਦਾ ਖਮਿਆਜ਼ਾ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਨੂੰ ਭੁਗਤਣਾ ਪਵੇਗਾ।
ਉਨ੍ਹਾਂ ਕਿਹਾ ਕਿ ਉਹ ਆਰ-ਪਾਰ ਦੀ ਲੜਾਈ ਨੂੰ ਲੈ ਕੇ ਤਿਆਰ ਹਨ। ਇਸ ਡਿਵਾਈਡਰ ਨੂੰ ਹਟਾਏ ਜਾਣ ਤੱਕ ਇਹ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਇਸ ਦੀ ਜ਼ੁੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਅਮਨਦੀਪ ਸਿੰਘ ਸੋਹੀ ਸਕੱਤਰ, ਚਮਕੌਰ ਸਿੰਘ ਤਰਕਸ਼ੀਲ ਆਗੂ, ਮਾਸਟਰ ਸੁਖਜੀਤ ਸਿੰਘ, ਗੁਰਜੰਟ ਸਿੰਘ, ਗੁਰਸੇਵਕ ਸਿੰਘ, ਹਰਜਿੰਦਰ ਸਿੰਘ ਖਜ਼ਾਨਚੀ, ਬਲਵਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੇ ਲੋਕ ਹਾਜ਼ਰ ਸਨ।

144 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper