Latest News
ਨਾਗਰਿਕਤਾ ਸੋਧ ਬਿੱਲ ਰਾਜ ਸਭਾ 'ਚ ਵੀ ਪਾਸ , ਅਸਾਮ 'ਚ ਗ਼ਦਰ

Published on 11 Dec, 2019 11:03 AM.


ਨਵੀਂ ਦਿੱਲੀ : ਨਾਗਰਿਕਤਾ ਸੋਧ ਬਿੱਲ ਬੁੱਧਵਾਰ ਰਾਜ ਸਭਾ ਵਿਚ ਵੀ 125-105 ਵੋਟਾਂ ਨਾਲ ਪਾਸ ਹੋ ਗਿਆ। ਲੋਕ ਸਭਾ ਨੇ ਸੋਮਵਾਰ ਇਸ ਨੂੰ ਵਾਪਸ ਕਰ ਦਿੱਤਾ ਸੀ। ਇਸ ਤਰ੍ਹਾਂ ਮੋਦੀ ਸਰਕਾਰ ਦੇਸ਼-ਭਰ ਵਿਚ ਜ਼ਬਰਦਸਤ ਵਿਰੋਧ ਦੇ ਬਾਵਜੂਦ ਆਪਣੀ ਜ਼ਿਦ ਪੁਗਾਉਣ ਵਿਚ ਕਾਮਯਾਬ ਰਹੀ। ਬਿੱਲ ਵਿਚ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਤੋਂ 31 ਦਸੰਬਰ 2014 ਤੱਕ ਆਉਣ ਵਾਲੇ ਹਿੰਦੂਆਂ, ਸਿੱਖਾਂ, ਬੋਧੀਆਂ, ਜੈਨੀਆਂ, ਪਾਰਸੀਆਂ ਤੇ ਈਸਾਈਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਤੇਜ਼ ਕਰਨ ਦੀ ਵਿਵਸਥਾ ਹੈ।
ਬਿੱਲ 'ਤੇ ਦਿਨ ਭਰ ਚੱਲੀ ਬਹਿਸ ਦਾ ਜਵਾਬ ਦਿੰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਿੱਤਾ ਕਿ ਇਸ ਬਿੱਲ ਤੋਂ ਮੁਸਲਮਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ।
ਬਹਿਸ ਦੌਰਾਨ ਬਸਪਾ ਦੇ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਸਰਕਾਰ ਨੇ ਤਿੰਨ ਗਵਾਂਢੀ ਦੇਸ਼ਾਂ ਦੇ ਘੱਟ ਗਿਣਤੀ ਲੋਕਾਂ ਬਾਰੇ ਸੋਚਿਆ, ਇਸ ਲਈ ਵਧਾਈ ਦੀ ਪਾਤਰ ਹੈ, ਪਰ 31 ਦਸੰਬਰ 2014 ਦੀ ਕਟ ਆਫ ਡੇਟ ਕਿਉਂ ਲਾਈ ਗਈ ਹੈ, ਇਸ ਦਾ ਜਵਾਬ ਸਰਕਾਰ ਦੇਵੇ। ਉਹ ਵਿਰੋਧ ਇਸ ਕਰਕੇ ਕਰ ਰਹੇ ਹਨ, ਕਿਉਂਕਿ ਇਹ ਬਿੱਲ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿਰੁੱਧ ਹੈ।
ਸ਼ਿਵ ਸੈਨਾ ਦੇ ਸੰਜੇ ਰਾਉਤ ਨੇ ਕਿਹਾ, 'ਬਿੱਲ ਬਾਰੇ ਕਿਹਾ ਜਾ ਰਿਹਾ ਹੈ ਕਿ ਜੋ ਹਮਾਇਤ ਨਹੀਂ ਕਰ ਰਿਹਾ, ਉਹ ਪਾਕਿਸਤਾਨ ਦੀ ਭਾਸ਼ਾ ਬੋਲ ਰਿਹਾ ਹੈ। ਸਾਡੇ ਏਨੇ ਮਜ਼ਬੂਤ ਪ੍ਰਧਾਨ ਮੰਤਰੀ ਹਨ, ਗ੍ਰਹਿ ਮੰਤਰੀ ਹਨ, ਪਾਕਿਸਤਾਨ ਨੂੰ ਸਬਕ ਸਿਖਾਉਣ। ਅਸੀਂ ਪਾਕਿਸਤਾਨ ਹੋਵੇ ਜਾਂ ਕੋਈ ਹੋਰ, ਉਨ੍ਹਾਂ ਦਾ ਸਾਥ ਦੇਵਾਂਗੇ। ਸਾਨੂੰ ਕੋਈ ਰਾਸ਼ਟਰਵਾਦ ਨਾ ਸਿਖਾਏ। ਜਿਸ ਸਕੂਲ ਵਿਚ ਤੁਸੀਂ ਪੜ੍ਹ ਰਹੇ ਹੋ, ਅਸੀਂ ਉਸ ਦੇ ਹੈੱਡਮਾਸਟਰ ਹਾਂ। ਸਾਡੇ ਸਕੂਲ ਦੇ ਬਾਲਾ ਸਾਹਿਬ ਠਾਕਰੇ ਹਨ, ਅਟੱਲ ਜੀ ਵੀ ਹਨ, ਸ਼ਿਆਮਾ ਪ੍ਰਸਾਦ ਮੁਖਰਜੀ ਹਨ। ਇਸ ਬਿੱਲ ਦਾ ਵਿਰੋਧ ਧਾਰਮਕ ਅਧਾਰ 'ਤੇ ਨਹੀਂ, ਮਾਨਵਤਾ ਦੇ ਅਧਾਰ 'ਤੇ ਹੋਣਾ ਚਾਹੀਦਾ ਹੈ। ਲੱਖਾਂ-ਕਰੋੜਾਂ ਲੋਕ ਤੁਸੀਂ ਲਿਆ ਰਹੇ ਹੋ ਤਾਂ ਕੀ ਉਨ੍ਹਾਂ ਨੂੰ ਵੋਟਿੰਗ ਦਾ ਹੱਕ ਦੇ ਰਹੇ ਹੋ? '
ਬਿੱਲ 'ਤੇ ਬਹਿਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸਵੇਰੇ ਭਾਜਪਾ ਸਾਂਸਦਾਂ ਦੀ ਮੀਟਿੰਗ ਵਿਚ ਕਿਹਾ ਕਿ ਬਿੱਲ ਦਾ ਵਿਰੋਧ ਕਰਨ ਵਾਲੀਆਂ ਕੁਝ ਪਾਰਟੀਆਂ ਪਾਕਿਸਤਾਨ ਦੀ ਬੋਲੀ ਬੋਲ ਰਹੀਆਂ ਹਨ।
ਕਾਂਗਰਸ ਦੇ ਪੀ ਚਿਦੰਬਰਮ ਨੇ ਕਿਹਾ ਕਿ ਬਿੱਲ ਕੋਰਟ ਵਿਚ ਰੱਦ ਹੋ ਜਾਵੇਗਾ, ਕਿਉਂਕਿ ਉਥੇ ਅਣ-ਚੁਣੇ ਜੱਜ ਤੇ ਵਕੀਲ ਫੈਸਲਾ ਕਰਨਗੇ। ਬਿੱਲ ਵਿਚ ਜਿਨ੍ਹਾਂ ਤਿੰਨ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿਚ ਸ੍ਰੀਲੰਕਾ ਨਹੀਂ ਹੈ। ਹਾਲਾਂਕਿ ਸ੍ਰੀਲੰਕਾ ਦੇ ਹਿੰਦੂਆਂ ਤੇ ਭੂਟਾਨ ਦੇ ਈਸਾਈਆਂ ਨੂੰ ਸ਼ਾਮਲ ਕੀਤਾ ਗਿਆ ਹੈ, ਪਰ ਸ੍ਰੀਲੰਕਾ ਦੇ ਤਾਮਿਲਾਂ ਨੂੰ ਕਿਉਂ ਨਹੀਂ ਸ਼ਾਮਲ ਕੀਤਾ ਗਿਆ? ਮਾਰਕਸੀ ਪਾਰਟੀ ਦੇ ਟੀ ਕੇ ਰੰਗਰਾਜਨ ਨੇ ਕਿਹਾ ਕਿ ਬਿੱਲ ਦੇਸ਼ ਦੇ ਭਵਿੱਖ ਨੂੰ ਬਰਬਾਦ ਕਰ ਦੇਵੇਗਾ। ਟੀ ਆਰ ਐੱਸ ਦੇ ਕੇਸ਼ਵ ਰਾਓ ਨੇ ਬਿੱਲ ਨੂੰ ਮੁਸਲਮ ਵਿਰੋਧੀ ਦੱਸਿਆ। ਬਿੱਲ ਦੀ ਹਮਾਇਤ ਕਰਦਿਆਂ ਜਨਤਾ ਦਲ (ਯੂ) ਦੇ ਰਾਮ ਚੰਦਰ ਪ੍ਰਸਾਦ ਸਿੰਘ ਨੇ ਕਿਹਾ ਕਿ ਵਾਰ-ਵਾਰ ਐੱਨ ਆਰ ਸੀ (ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼) ਦੀ ਚਰਚਾ ਕੀਤੀ ਜਾਂਦੀ ਹੈ। ਸੀ ਤੋਂ ਅੱਗੇ ਡੀ ਹੈ। ਸਾਡੇ ਲਈ ਨੈਸ਼ਨਲ ਰਜਿਸਟਰ ਆਫ ਡਿਵੈੱਲਪਮੈਂਟ ਹੈ। ਉਨ੍ਹਾ ਕਿਹਾ ਕਿ ਟੀ ਐੱਮ ਸੀ ਨੇ ਸਾਡੀ ਨੈਤਿਕਤਾ 'ਤੇ ਸਵਾਲ ਉਠਾਇਆ ਹੈ। ਉਹ ਦੱਸਣਾ ਚਾਹੁੰਣਗੇ ਕਿ ਐੱਨ ਡੀ ਏ ਸਰਕਾਰ ਨੇ ਇਕ ਕਲਮ ਨਾਲ ਇੱਕੋ ਵਾਰ 2460 ਮਦਰੱਸੇ ਬਣਾ ਦਿੱਤੇ ਸਨ।
ਸਮਾਜਵਾਦੀ ਪਾਰਟੀ ਦੇ ਜਾਵੇਦ ਅਲੀ ਖਾਨ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਵਾਰ-ਵਾਰ ਕਿਹਾ ਕਿ ਇਸ ਬਿੱਲ ਦਾ ਮੁਸਲਮਾਨਾਂ ਨਾਲ ਲੈਣਾ-ਦੇਣਾ ਨਹੀਂ। ਉਹ ਪੁੱਛਣਾ ਚਾਹੁੰਦੇ ਹਨ ਕਿ ਲੈਣਾ-ਦੇਣਾ ਕਿਵੇਂ ਨਹੀਂ? ਕੀ ਮੁਸਲਮਾਨ ਦੂਜੇ ਦਰਜੇ ਦੇ ਨਾਗਰਿਕ ਹਨ? ਟੀ ਐੱਮ ਸੀ ਦੇ ਡੈਰੇਕ ਓ ਬ੍ਰਾਇਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮੰਗਲਵਾਰ ਕਿਹਾ ਸੀ ਕਿ ਬਿੱਲ ਸੁਨਹਿਰੀ ਅੱਖਰਾਂ ਵਿਚ ਦਰਜ ਹੋਵੇਗਾ। ਕਿਥੇ ਸੁਨਹਿਰੀ ਅੱਖਰਾਂ ਵਿਚ ਦਰਜ ਹੋਵੇਗਾ? ਪਾਕਿਸਤਾਨ ਦੇ ਰਾਸ਼ਟਰਪਿਤਾ ਦੀ ਕਬਰ 'ਤੇ? ਭਾਜਪਾ ਦੇ ਜੇ ਪੀ ਨੱਢਾ ਨੇ ਕਿਹਾ ਕਿ ਗਵਾਂਢੀ ਦੇਸ਼ਾਂ ਦੇ ਘੱਟ ਗਿਣਤੀ ਲੋਕਾਂ ਦੀ ਗੱਲ ਉਹ ਅੱਜ ਨਹੀਂ ਕਰ ਰਹੇ, ਜਨਸੰਘ ਦੇ ਦਿਨਾਂ ਤੋਂ ਕਰ ਰਹੇ ਹਨ।

367 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper