Latest News
ਨੇਪਾਲ ਵੱਲੋਂ ਭਾਰਤ-ਪਾਕਿਸਤਾਨ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼

Published on 25 Jan, 2020 11:49 AM.


ਕਾਠਮੰਡੂ : ਨੇਪਾਲ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਹੈ। ਸਰਕਾਰੀ ਸੂਤਰ ਨੇ ਸ਼ਨੀਵਾਰ ਕਿਹਾ, 'ਵਾਰਤਾਲਾਪ ਹੀ ਸਮੱਸਿਆ ਸੁਲਝਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਮਤਭੇਦ ਹੋ ਸਕਦੇ ਹਨ, ਪਰ ਇਹ ਵਾਰਤਾਲਾਪ ਨਾਲ ਸੁਲਝਾਏ ਜਾ ਸਕਦੇ ਹਨ। ਜੇ ਜ਼ਰੂਰੀ ਹੋਇਆ ਤਾਂ ਅਸੀਂ ਵਿਚੋਲਗੀ ਕਰ ਸਕਦੇ ਹਾਂ, ਪਰ ਬਿਹਤਰ ਇਹੀ ਹੋਵੇਗਾ ਕਿ ਦੋਨੋਂ ਦੇਸ਼ ਸਿੱਧਾ ਸੰਪਰਕ ਕਾਇਮ ਕਰਨ।'
ਸੂਤਰ ਨੇ ਕਿਹਾ, 'ਜਦੋਂ ਅਸੀਂ ਇਕੱਠੇ ਹੁੰਦੇ ਹਾਂ, ਨਾਲ-ਨਾਲ ਬੈਠਦੇ ਹਾਂ ਤੇ ਵਿਚਾਰ ਸਾਂਝੇ ਕਰਦੇ ਹਾਂ ਤਾਂ ਮਸਲੇ ਹੱਲ ਹੋ ਜਾਂਦੇ ਹਨ। ਹਰੇਕ ਸਥਿਤੀ ਵਿਚ ਬੈਠ ਕੇ ਗੱਲ ਕਰਨੀ ਪੈਂਦੀ ਹੈ, ਵਰਨਾ ਹਾਲਾਤ ਵਿਗੜ ਸਕਦੇ ਹਨ।'
ਖੇਤਰੀ ਮਿਲਵਰਤਣ ਲਈ ਦੱਖਣੀ ਏਸ਼ੀਆਈ ਐਸੋਸੀਏਸ਼ਨ (ਸਾਰਕ) ਬਾਰੇ ਬੇਯਕੀਨੀ ਉੱਤੇ ਚਿੰਤਾ ਪ੍ਰਗਟਾਉਂਦਿਆਂ ਸੂਤਰ ਨੇ ਕਿਹਾ ਕਿ ਇਸ ਜਥੇਬੰਦੀ ਵਿਚ ਮੁੜ ਜਾਨ ਫੂਕਣੀ ਚਾਹੀਦੀ ਹੈ ਤੇ ਗਲਤਫਹਿਮੀਆਂ ਦੂਰ ਕਰਨੀਆਂ ਚਾਹੀਦੀਆਂ ਹਨ। ਉਸ ਨੇ ਕਿਹਾ, 'ਸਾਰਕ ਮਰੀ ਨਹੀਂ, ਇਹ ਜਿਊਂਦੀ ਹੈ। ਗੱਲ ਸਿਰਫ ਇਹ ਹੈ ਕਿ ਅਸੀਂ ਮਿਲ ਨਹੀਂ ਰਹੇ। ਉਮੀਦ ਹੈ ਕਿ ਅਸੀਂ ਇਸ ਨੂੰ ਸੁਰਜੀਤ ਕਰ ਸਕਦੇ ਹਾਂ।' ਪਿਛਲੀ ਸਾਰਕ ਸਿਖਰ ਵਾਰਤਾ 2014 ਵਿਚ ਕਾਠਮੰਡੂ ਵਿਚ ਹੋਈ ਸੀ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਏ ਸਨ। 2016 ਵਿਚ ਇਸਲਾਮਾਬਾਦ ਵਿਚ ਹੋਣੀ ਸੀ, ਪਰ ਉਸ ਸਾਲ 18 ਸਤੰਬਰ ਨੂੰ ਉੜੀ ਦੇ ਫੌਜੀ ਕੈਂਪ 'ਤੇ ਦਹਿਸ਼ਤਗਰਦਾਂ ਦੇ ਹਮਲੇ ਤੋਂ ਬਾਅਦ ਭਾਰਤ ਨੇ ਹਿੱਸਾ ਲੈਣ ਤੋਂ ਨਾਂਹ ਕਰ ਦਿੱਤੀ ਸੀ। ਬੰਗਲਾਦੇਸ਼, ਭੂਟਾਨ ਤੇ ਅਫਗਾਨਿਸਤਾਨ ਦੇ ਵੀ ਨਾਂਹ ਕਰ ਦੇਣ ਕਾਰਨ ਸਿਖਰ ਵਾਰਤਾ ਰੱਦ ਕਰ ਦਿੱਤੀ ਗਈ। ਪਿਛਲੇ ਤਿੰਨ ਸਾਲ ਤੋਂ ਭਾਰਤ ਪਾਕਿਸਤਾਨ ਵਿਚਲੇ ਟੈਰਰ ਨੈੱਟਵਰਕ ਦੇ ਹਵਾਲੇ ਨਾਲ ਖੁਦ ਨੂੰ ਸਾਰਕ ਤੋਂ ਦੂਰ ਰੱਖ ਰਿਹਾ ਹੈ।
ਸੂਤਰ ਨੇ ਕਿਹਾ, 'ਅਸੀਂ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦੇ ਖਿਲਾਫ ਹਾਂ, ਪਰ ਸਾਰਕ ਤੇ ਦਹਿਸ਼ਤਗਰਦੀ ਵਿਚਾਲੇ ਰਿਸ਼ਤਾ ਨਹੀਂ। ਅਸੀਂ ਦੋਹਾਂ ਮੁੱਦਿਆਂ ਨੂੰ ਜੋੜ ਨਹੀਂ ਸਕਦੇ। ਦਹਿਸ਼ਤਗਰਦੀ ਅਮਨਪਸੰਦ ਦੇਸ਼ਾਂ ਲਈ ਸਾਂਝਾ ਖਤਰਾ ਹੈ ਤੇ ਸਾਨੂੰ ਇਸ ਨਾਲ ਰਲ ਕੇ ਨਜਿੱਠਣਾ ਪੈਣਾ ਹੈ।'

262 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper