Latest News
ਸੀ ਏ ਏ ਖਿਲਾਫ ਅਮਰੀਕਾ 'ਚ ਮੁਜ਼ਾਹਰੇ, ਸ਼ਾਹ 'ਤੇ ਪਾਬੰਦੀ ਦੀ ਮੰਗ

Published on 27 Jan, 2020 10:11 AM.


ਵਾਸ਼ਿੰਗਟਨ : ਭਾਰਤ ਦੇ 71ਵੇਂ ਗਣਤੰਤਰ ਦਿਵਸ ਸਮਾਗਮਾਂ ਦੌਰਾਨ ਐਤਵਾਰ ਅਮਰੀਕਾ ਦੇ ਘੱਟੋ-ਘੱਟ 30 ਸ਼ਹਿਰਾਂ ਵਿਚ ਸੀ ਏ ਏ ਖਿਲਾਫ ਮੁਜ਼ਾਹਰੇ ਹੋਏ। ਹਾਲਾਂਕਿ ਕਾਨੂੰਨ ਦੇ ਹਮਾਇਤ ਵਿਚ ਵੀ ਮੁਜ਼ਾਹਰੇ ਹੋਏ, ਪਰ ਵਿਰੁੱਧ ਹੋਣ ਵਾਲੇ ਮੁਜ਼ਾਹਰੇ ਵੱਡੇ ਸਨ। ਇਨ੍ਹਾਂ ਵਿਚ ਇਕ ਮੰਗ ਇਹ ਵੀ ਕੀਤੀ ਗਈ ਕਿ ਅਮਰੀਕਾ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਮਰੀਕਾ ਆਉਣ 'ਤੇ ਪਾਬੰਦੀ ਲਾਵੇ।
ਮੁਜ਼ਾਹਰਾਕਾਰੀਆਂ ਨੇ ਵਾਸ਼ਿੰਗਟਨ ਡੀ ਸੀ 'ਚ ਭਾਰਤੀ ਦੂਤਘਰ ਅਤੇ ਨਿਊ ਯਾਰਕ, ਸ਼ਿਕਾਗੋ, ਹਾਉਸਟਨ, ਅਟਲਾਂਟਾ ਤੇ ਸਾਨਫਰਾਂਸਿਸਕੋ ਵਿਚਲੇ ਕੌਂਸਲਖਾਨਿਆਂ ਅੱਗੇ ਭਾਰਤ ਮਾਤਾ ਕੀ ਜੈ ਤੇ ਹਿੰਦੂ, ਮੁਸਲਿਮ, ਸਿੱਖ ਈਸਾਈ : ਆਪਸ ਮੇਂ ਸਬ ਭਾਈ ਭਾਈ ਦੇ ਨਾਅਰੇ ਲਾਏ। ਸ਼ਿਕਾਗੋ ਦਾ ਮੁਜ਼ਾਹਰਾ ਸਭ ਤੋਂ ਵੱਡਾ ਸੀ। ਉਥੇ ਪ੍ਰੋਟੈੱਸਟਰਾਂ ਨੇ ਕਈ ਮੀਲ ਲੰਮੀ ਮਨੁੱਖੀ ਲੜੀ ਬਣਾਈ। ਵਾਸ਼ਿੰਗਟਨ ਵਿਚ 500 ਤੋਂ ਵੱਧ ਭਾਰਤੀ-ਅਮਰੀਕੀਆਂ ਨੇ ਵ੍ਹਾਈਟ ਹਾਊਸ ਨੇੜਲੇ ਪਾਰਕ ਤੋਂ ਭਾਰਤੀ ਦੂਤਘਰ ਅੱਗੇ ਗਾਂਧੀ ਦੇ ਬੁੱਤ ਤੱਕ ਮਾਰਚ ਕੀਤਾ। ਸੀ ਏ ਏ ਖਿਲਾਫ ਪ੍ਰੋਟੈੱਸਟ ਹਾਲ ਹੀ ਵਿਚ ਬਣਾਈ ਗਈ 'ਕੋਲੀਸ਼ਨ ਟੂ ਸਟਾਪ ਜੈਨੋਸਾਈ' ਨਾਂਅ ਦੀ ਜਥੇਬੰਦੀ ਨੇ ਕੀਤੇ। ਇਸ ਵਿਚ ਇੰਡੀਅਨ ਅਮਰੀਕਨ ਮੁਸਲਿਸ ਕੌਂਸਲ (ਆਈ ਏ ਐੱਮ ਸੀ), ਇਕੁਅਲਟੀ ਲੈਬਜ਼, ਬਲੈਕ ਲਾਈਵਜ਼ ਮੈਟਰ, ਜੂਇਸ਼ ਵਾਇਸ ਫਾਰ ਪੀਸ ਅਤੇ ਹਿੰਦੂਸ ਫਾਰ ਹਿਊਮਨ ਰਾਈਟਸ ਸ਼ਾਮਲ ਸਨ।
ਵਾਸ਼ਿੰਗਟਨ ਡੀ ਸੀ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੈਗਸੇਸੇ ਐਵਾਰਡ ਜੇਤੂ ਸੰਦੀਪ ਪਾਂਡੇ ਨੇ ਕਿਹਾ ਕਿ ਭਾਰਤ ਵਿਚ ਸੀ ਏ ਏ ਤੇ ਐੱਨ ਆਰ ਸੀ ਵਿਰੋਧੀ ਪ੍ਰੋਟੈੱਸਟਰਾਂ 'ਤੇ ਬੇਕਿਰਕ ਸਰਕਾਰੀ ਹਮਲਿਆਂ ਨੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਸਰਕਾਰ ਦੇ ਵੰਡਪਾਊ, ਫਿਰਕੂ ਤੇ ਫਾਸ਼ੀ ਏਜੰਡੇ ਖਿਲਾਫ ਵੱਡੀ ਗਿਣਤੀ ਵਿਚ ਔਰਤਾਂ ਗਲੀਆਂ ਵਿਚ ਨਿਕਲ ਆਈਆਂ ਹਨ। ਆਈ ਏ ਐੱਮ ਸੀ ਦੇ ਪ੍ਰਧਾਨ ਅਹਿਸਾਨ ਖਾਨ ਨੇ ਕੈਲੀਫੋਰਨੀਆ ਦੇ ਬੇ ਏਰੀਆ ਵਿਚ ਕਿਹਾ ਕਿ ਇਥੋਂ ਦੀ ਭਾਰਤੀ-ਅਮਰੀਕੀਆਂ ਦੀ ਰੈਲੀ ਸੈਕੂਲਰ ਸੰਵਿਧਾਨ 'ਤੇ ਲਗਾਤਾਰ ਹੋ ਰਹੇ ਹਮਲਿਆਂ 'ਤੇ ਹੁਕਮਰਾਨ ਭਾਜਪਾ ਸਰਕਾਰ ਵਿਰੁੱਧ ਭਾਰਤ ਵਿਚ ਪੈਦਾ ਹੋਏ ਜ਼ਬਰਦਸਤ ਰੋਹ ਦਾ ਹੀ ਵਧਾਅ ਹੈ। ਨਿਊ ਯਾਰਕ ਦੇ ਡਾ. ਸ਼ਾਈਕ ਉਬੈਦ ਨੇ ਕਿਹਾ ਕਿ ਨਾ ਸਿਰਫ ਭਾਰਤ, ਸਗੋਂ ਦੁਨੀਆ-ਭਰ 'ਚ ਹੋ ਰਹੇ ਪ੍ਰੋਟੈੱਸਟ ਮੋਦੀ-ਸ਼ਾਹ ਸਰਕਾਰ ਦੀਆਂ ਤਾਨਾਸ਼ਾਹ ਨੀਤੀਆਂ ਖਿਲਾਫ ਸੰਸਾਰ ਦੀ ਇਕ ਰਾਇ ਨੂੰ ਦਰਸਾਉਂਦੇ ਹਨ। ਵਾਸ਼ਿੰਗਟਨ ਡੀ ਸੀ ਸਮੇਤ ਕੁਝ ਥਾਵਾਂ 'ਤੇ ਖਾਲਿਸਤਾਨੀਆਂ ਨੇ ਵੱਖਰੇ ਮੁਜ਼ਾਹਰੇ ਕੀਤੇ।

105 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper