Latest News
ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਕਾਇਮ : ਸੁਖਬੀਰ

Published on 27 Jan, 2020 11:02 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ਨੂੰ ਨਿਕੰਮੀ ਤੇ ਪੰਜਾਬ ਵਿਰੋਧੀ ਗਰਦਾਨਦਿਆਂ ਕਿਹਾ ਕਿ ਅਕਾਲੀ-ਭਾਜਪਾ ਦਾ ਗਠਜੋੜ ਪੰਜਾਬ ਵਿੱਚ ਜਾਰੀ ਰਹੇਗਾ ਤੇ ਅਕਾਲੀ ਦਲ ਸਿਧਾਂਤਾਂ ਦੀ ਰਾਖੀ ਕਰਨ ਲਈ ਵਚਨਬੱਧ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਸਰਕਾਰ ਖਜ਼ਾਨਾ ਖਾਲੀ ਹੋਣ ਦੀ ਕਾਵਾਂਰੌਲੀ ਪਾ ਕੇ ਆਪਣੀ ਜ਼ਿੰਮੇਵਾਰੀ ਤੋ ਭੱਜ ਰਹੀ ਹੈ ਤੇ ਸੂਬੇ ਦੇ ਵਿਕਾਸ ਵਿੱਚ ਉਸੇ ਦਿਨ ਹੀ ਖੜੋਤ ਆ ਗਈ ਸੀ, ਜਿਸ ਦਿਨ ਕੈਪਟਨ ਦੀ ਕਾਂਗਰਸ ਸਰਕਾਰ ਨੇ ਸੱਤਾ ਸੰਭਾਲੀ ਸੀ। ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਜਿੰਨਾ ਵਿਕਾਸ ਹੋਇਆ ਹੈ, ਉਸ ਦਾ 10ਫੀਸਦੀ ਵੀ ਕਾਂਗਰਸ ਸਰਕਾਰ ਸਮੇਂ ਕਦੇ ਨਹੀਂ ਹੋਇਆ। ਕਾਂਗਰਸ ਸਰਕਾਰ ਗਰੀਬਾਂ, ਮਜ਼ਦੂਰਾਂ ਤੇ ਕਿਸਾਨਾਂ ਦਾ ਲਹੂ ਚੂਸ ਰਹੀ ਹੈ, ਜਦ ਕਿ ਅਕਾਲੀ-ਭਾਜਪਾ ਸਰਕਾਰ ਨੇ ਇਹਨਾਂ ਵਰਗਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਦਿੱਤੀ ਸੀ। ਕੈਪਟਨ ਨੇ ਜਿੰਨੇ ਵੀ ਵਾਅਦੇ ਕੀਤੇ ਸਨ, ਉਹਨਾਂ ਵਿੱਚੋ ਅੱਜ ਤੱਕ ਇੱਕ ਵੀ ਪੂਰਾ ਨਹੀ ਕੀਤਾ, ਜਦ ਕਿ 26 ਜਨਵਰੀ ਮੌਕੇ ਮੋਬਾਇਲ ਵੰਡਣ ਦਾ ਬਿਆਨ ਮੁੱਖ ਮੰਤਰੀ ਦਾ ਆਪਣਾ ਸੀ, ਪਰ ਉਹ ਵੀ ਵਫਾ ਨਹੀ ਹੋ ਸਕਿਆ। ਤਿੰਨ ਸਾਲਾਂ ਵਿੱਚ ਪੰਜਾਬ ਦੇ ਲੋਕਾਂ ਦਾ ਕਾਂਗਰਸ ਨੇ ਧੂੰਆਂ ਕੱਢ ਦਿੱਤਾ ਹੈ ਤੇ ਲੈਂਡ, ਸੈਂਡ ਮਾਫੀਆ ਤੇ ਨਸ਼ਿਆਂ ਦੇ ਵਪਾਰੀਆਂ ਨੂੰ ਪਨਪਨ ਦਿੱਤਾ ਜਾ ਰਿਹਾ ਹੈ। ਥਾਣਿਆਂ ਵਿੱਚ ਕੋਈ ਐੱਸ ਐੱਚ ਓ ਨਹੀਂ, ਸਗੋਂ ਕਾਂਗਰਸ ਆਗੂ ਰਾਜ ਕਰਦੇ ਹਨ ਤੇ ਡੀ ਜੀ ਪੀ ਕੋਲ ਕੋਈ ਵੀ ਅਧਿਕਾਰ ਨਹੀਂ। ਜਿਹੜੀਆਂ ਵਸਤਾਂ ਅਕਾਲੀ-ਭਾਜਪਾ ਸਰਕਾਰ ਸਮੇਂ ਬਣਾਈਆਂ ਸਨ, ਉਹ ਵੀ ਖਰਾਬ ਕੀਤੀਆਂ ਜਾ ਰਹੀਆਂ ਹਨ। ਵਿਰਾਸਤੀ ਬੁੱਤਾਂ ਬਾਰੇ ਉਹਨਾ ਕਿਹਾ ਕਿ ਇਸ ਮਾਮਲੇ 'ਤੇ ਉਹ ਕੋਈ ਟਿੱਪਣੀ ਨਹੀ ਕਰਨਗੇ, ਪਰ ਜਥੇਦਾਰ ਅਕਾਲ ਤਖਤ ਦੇ ਹੁਕਮਾਂ 'ਤੇ ਪਹਿਰਾ ਦਿੱਤਾ ਜਾਵੇਗਾ।
ਸੁਖਦੇਵ ਸਿੰਘ ਢੀਡਸਾ ਦੀ ਗੱਲ ਕਰਦਿਆ ਉਹਨਾ ਕਿਹਾ ਕਿ ਉਹ ਕਾਂਗਰਸੀਆ ਵਿੱਚ ਘਿਰ ਗਏ ਹਨ, ਕਿਉਕਿ ਕਾਂਗਰਸ ਦਾ ਵਫਾਦਾਰ ਵਰਕਰ ਪਰਮਜੀਤ ਸਿੰਘ ਸਰਨਾ, ਰਵੀਇੰਦਰ ਸਿੰਘ ਕੈਪਟਨ ਦਾ ਸਾਥੀ ਤੇ ਰਾਮੂਵਾਲੀਆ ਸਮਾਜਵਾਦੀ ਪਾਰਟੀ ਦਾ ਐੱਮ ਐੱਸ ਸੀ ਇਹ ਸਾਰੇ ਪੰਥ ਦੋਖੀ ਹਨ, ਜਿਹਨਾਂ ਦਾ ਪੰਥ ਨਾਲ ਕੋਈ ਲੈਣਾ-ਦੇਣਾ ਨਹੀਂ। ਮਨਜੀਤ ਸਿੰਘ ਜੀ ਕੇ ਇੱਕ ਭ੍ਰਿਸ਼ਟ ਵਿਅਕਤੀ ਹੈ, ਜਿਸ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਚਲਦੇ ਹਨ ਤੇ ਉਹ ਗੁਰੂ ਦੀ ਗੋਲਕ ਨੂੰ ਲੁੱਟਣ ਦਾ ਹੀ ਦੋਸ਼ੀ ਨਹੀਂ, ਸਗੋਂ ਗੁਰੂ ਘਰ ਦੀਆ ਜ਼ਮੀਨਾਂ-ਜਾਇਦਾਦਾਂ ਵੀ ਲੁੱਟਣ ਦਾ ਦੋਸ਼ੀ ਹੈ। ਉਹਨਾ ਕਿਹਾ ਕਿ ਅਦਾਲਤ ਤੋਂ ਜ਼ਮਾਨਤ ਲੈ ਕੇ ਜੀ ਕੇ ਬਾਹਰ ਆਇਆ ਹੋਇਆ ਹੈ।
ਉਹਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਧਾਂਤਕ ਪਾਰਟੀ ਹੈ ਤੇ ਸਿਧਾਂਤ 'ਤੇ ਖੜੀ ਹੈ। ਸੀ ਏ ਏ ਦਾ ਅਕਾਲੀ ਦਲ ਸਮਰਥਨ ਕਰਦਾ ਹੈ ਤੇ ਸੰਸਦ ਵਿੱਚ ਉਹਨਾ ਵੋਟ ਵੀ ਇਸ ਦੇ ਹੱਕ ਵਿੱਚ ਪਾਈ ਹੈ ਤੇ ਨਾਲ ਹੀ ਭਾਜਪਾ ਸਰਕਾਰ ਨੂੰ ਕਿਹਾ ਹੈ ਕਿ ਇਸ ਵਿੱਚ ਮੁਸਲਮਾਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ, ਕਿਉਂਕਿ ਅਕਾਲੀ ਦਲ ਦਾ ਸਿਧਾਂਤ ਕਿਸੇ ਨਾਲ ਵਿਤਕਰੇ ਵਾਲਾ ਨਹੀਂ, ਸਗੋਂ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕਰਨਾ ਹੈ।

205 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper