Latest News
ਏਅਰ ਇੰਡੀਆ ਦੀ ਸਾਰੀ ਹਿੱਸੇਦਾਰੀ ਵੇਚਣ ਲਈ ਟੈਂਡਰ ਜਾਰੀ

Published on 27 Jan, 2020 11:03 AM.


ਨਵੀਂ ਦਿੱਲੀ : ਏਅਰ ਇੰਡੀਆ ਦੇ ਖਰੀਦਦਾਰ ਨਾ ਮਿਲਣ 'ਤੇ ਮੋਦੀ ਸਰਕਾਰ ਨੇ ਇਸ ਸ਼ਰਤ 'ਤੇ ਪੂਰੀ ਹਿੱਸੇਦਾਰੀ ਵੇਚਣ ਦੀ ਪੇਸ਼ਕਸ਼ ਕਰ ਦਿੱਤੀ ਹੈ ਕਿ ਖਰੀਦਦਾਰ ਇਸ ਦੇ ਸਿਰ ਚੜ੍ਹਿਆ ਕਰਜ਼ ਵੀ ਲਾਹ ਦੇਵੇ। ਸਰਕਾਰ ਨੇ ਸੋਮਵਾਰ ਟੈਂਡਰ ਜਾਰੀ ਕਰਕੇ 17 ਮਾਰਚ ਤੱਕ ਇਛੁੱਕ ਖਰੀਦਦਾਰਾਂ ਤੋਂ ਪੇਸ਼ਕਸ਼ਾਂ ਮੰਗੀਆਂ ਹਨ। ਸਰਕਾਰ ਏਅਰ ਇੰਡੀਆ ਦੇ ਨਾਲ ਇਸ ਦੀ ਸਸਤੀ ਸੇਵਾ ਏਅਰ ਇੰਡੀਆ ਐੱਕਸਪ੍ਰੱੈਸ ਦੀ ਵੀ ਆਪਣੀ ਸਾਰੀ ਹਿੱਸੇਦਾਰੀ ਵੇਚੇਗੀ। ਦਰਅਸਲ ਸਰਕਾਰ ਨੇ 2018 ਵਿਚ ਏਅਰ ਇੰਡੀਆ ਦੀ ਆਪਣੀ 76 ਫੀਸਦੀ ਹਿੱਸੇਦਾਰੀ ਵੇਚਣ ਤੇ 5.1 ਅਰਬ ਡਾਲਰ ਕਰਜ਼ ਉਤਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਨਾਕਾਮ ਰਹੀ ਸੀ।
ਸੋਮਵਾਰ ਨੂੰ ਜਾਰੀ ਟੈਂਡਰ ਮੁਤਾਬਕ ਖਰੀਦਦਾਰ ਨੂੰ 232.87 ਅਰਬ ਰੁਪਏ ਦਾ ਕਰਜ਼ਾ ਚੁਕਾਉਣ ਲਈ ਸਹਿਮਤ ਹੋਣਾ ਪਵੇਗਾ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਏਅਰਲਾਈਨ ਦੀ ਚੋਖੀ ਮਾਲਕੀ ਤੇ ਕੰਟਰੋਲ ਭਾਰਤੀ ਇਕਾਈ ਕੋਲ ਰਹਿਣੀ ਚਾਹੀਦੀ ਹੈ। ਸਰਕਾਰ ਏਅਰ ਇੰਡੀਆ ਦੇ ਸਿੰਘਾਪੁਰ ਏਅਰਲਾਈਨਜ਼ ਨਾਲ ਸਾਂਝੇ ਉੱਦਮ ਏਅਰ ਇੰਡੀਆ ਸੈੱਟਸ ਏਅਰਪੋਰਟ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੀ 50 ਫੀਸਦੀ ਹਿੱਸੇਦਾਰੀ ਵੀ ਵੇਚ ਰਹੀ ਹੈ। ਇਸੇ ਦੌਰਾਨ ਭਾਜਪਾ ਦੇ ਰਾਜ ਸਭਾ ਮੈਂਬਰ ਡਾ. ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਏਅਰ ਇੰਡੀਆ ਵੇਚਣ ਦਾ ਫੈਸਲਾ ਰਾਸ਼ਟਰ-ਵਿਰੋਧੀ ਹੈ ਤੇ ਉਹ ਇਸ ਦੇ ਖਿਲਾਫ ਕੋਰਟ ਜਾਣਗੇ। ਉਨ੍ਹਾ ਕਿਹਾ ਕਿ ਪਰਵਾਰ ਦੇ ਰਤਨ ਨੂੰ ਨਹੀਂ ਵੇਚ ਸਕਦੇ।

223 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper