Latest News
5 ਲੱਖ 94 ਹਜ਼ਾਰ ਰੁਪਏ ਦੀ ਕਣਕ ਚੋਰੀ

Published on 27 Jan, 2020 11:03 AM.


ਪੱਟੀ (ਬਲਦੇਵ ਸਿੰਘ ਸੰਧੂ)-ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ 20-25 ਅਣਪਛਾਤਿਆਂ ਵੱਲੋਂ 26 ਜਨਵਰੀ ਦੀ ਤੜਕਸਾਰ ਕਰੀਬ 3.30 ਵਜੇ ਭੁੱਲਰ ਓਪਨ ਪਲੰਥ ਖੇਮਕਰਨ ਰੋਡ ਪੱਟੀ ਤੋਂ 542 ਕਣਕ ਤੋੜਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤਿਆਂ ਗੋਦਾਮ ਵਿਚ ਕੰਮ ਕਰਦੇ ਚੌਕੀਦਾਰਾਂ ਨੂੰ ਬੰਧਕ ਬਣਾ ਕੇ ਇਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਪੱਟੀ ਸਿਟੀ ਮੁਖੀ ਹਰਮਨਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਰਾਜਬੀਰ ਸਿੰਘ ਪੁੱਤਰ ਕੇਵਲ ਸਿੰਘ ਨਿਵਾਸੀ ਤਰਨ ਤਾਰਨ ਨੇ ਦੱਸਿਆ ਕਿ ਮੈਂ ਪਨਸਪ ਵਿਚ ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਹਾਂ। ਐਤਵਾਰ ਸਵੇਰੇ ਚੌਕੀਦਾਰ ਸਤਨਾਮ ਸਿੰਘ, ਭਗਵਾਨ ਸਿੰਘ, ਨਾਨਕ ਸਿੰਘ, ਗੁਰਬਚਨ ਸਿੰਘ ਤੇ ਜਸਬੀਰ ਸਿੰਘ ਨੇ ਮੈਨੂੰ ਫੋਨ 'ਤੇ ਸੂਚਿਤ ਕੀਤਾ ਕਿ 20-25 ਅਣਪਛਾਤੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਗੋਦਾਮ ਵਿਚ ਦਾਖਲ ਹੋਏ ਅਤੇ ਸਾਨੂੰ ਬੰਧਕ ਬਣਾ ਕੇ 542 ਤੋੜੇ ਕਣਕ, ਜੋ ਕਿ 271 ਕਵਿੰਟਲ ਕਣਕ ਬਣਦੀ ਹੈ ਅਤੇ ਉਸ ਦੀ ਕੀਮਤ 5 ਲੱਖ 94 ਹਜ਼ਾਰ ਰੁਪਏ ਬਣਦੀ ਹੈ, ਟਰੱਕ ਵਿਚ ਲੋਡ ਕਰਕੇ ਫਰਾਰ ਹੋ ਗਏ। ਗੋਦਾਮ ਵਿਚ ਲੱਗੇ ਸੀ ਸੀ ਟੀ ਵੀ ਦੀ ਡੀ ਵੀ ਆਰ, ਬੈਟਰਾ ਆਦਿ ਵੀ ਨਾਲ ਲੈ ਗਏ ਹਨ। ਉਹਨਾ ਦੱਸਿਆ ਕਿ ਘਟਨਾ ਸੰਬੰਧੀ ਪੱਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਅਣਪਛਾਤੇ ਦੋਸ਼ੀਆਂ ਖਿਲਾਫ ਮੁਕੱਦਮਾ ਨੰ: 11 ਧਾਰਾ : 380-457-342 ਆਈ ਪੀ ਸੀ ਐਕਟ 1860 ਤਹਿਤ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀ ਐੱਸ ਪੀ ਕੰਵਲਜੀਤ ਸਿੰਘ ਮੰਡ ਨੇ ਕਿਹਾ ਕਿ ਉਕਤ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਅਤੇ ਬਰੀਕੀ ਨਾਲ ਜਾਂਚ ਕਰਨ ਉਪਰੰਤ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

196 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper