Latest News
ਸੁਖਬੀਰ ਦੀ ਥਾਂ ਸੁਖਦੇਵ

Published on 07 Jul, 2020 11:02 AM.


ਲੁਧਿਆਣਾ (ਉੱਤਮ ਕੁਮਾਰ ਰਾਠੌਰ)
ਨਾਰਾਜ਼ ਅਕਾਲੀ ਆਗੂਆਂ ਨੇ ਮੰਗਲਵਾਰ ਗੁਰਦੁਆਰਾ ਸ਼ਹੀਦਾਂ ਵਿਚ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਦਲ ਨੇ ਇਸ ਨੂੰ ਗੈਰ-ਕਾਨੂੰਨੀ ਤੇ ਫਰਾਡ ਕਰਾਰ ਦਿੱਤਾ ਹੈ। ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾ ਦੇ ਪੁੱਤਰ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਫਰਵਰੀ ਵਿਚ ਪਾਰਟੀ ਵਿਰੋਧੀ ਸਰਗਰਮੀਆਂ ਦਾ ਦੋਸ਼ ਲਾ ਕੇ ਸ਼੍ਰੋਮਣੀ ਅਕਾਲੀ ਦਲ ਵਿਚੋਂ ਕੱਢ ਦਿੱਤਾ ਗਿਆ ਸੀ। ਢੀਂਡਸਾ ਨੇ ਬਾਅਦ ਵਿਚ ਦਲ ਦੇ ਟੁੱਟੇ ਗਰੁੱਪਾਂ ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨਾਲ ਹੱਥ ਮਿਲਾ ਲਏ ਸਨ।
ਸੁਖਦੇਵ ਸਿੰਘ ਢੀਂਡਸਾ ਦਾ ਪ੍ਰਧਾਨਗੀ ਲਈ ਨਾਂਅ ਤਜਵੀਜ਼ ਕਰਦਿਆਂ ਦੋ ਵਾਰ ਲੋਕ ਸਭਾ ਮੈਂਬਰ ਰਹੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਸੰਗਰੂਰ ਵਿਚ ਹਾਲ ਹੀ ਵਿਚ ਹੋਈ ਕਨਵੈਨਸ਼ਨ ਨੇ ਸੁਖਬੀਰ ਸਿੰਘ ਬਾਦਲ ਨੂੰ ਦਲ ਦੀ ਪ੍ਰਧਾਨਗੀ ਤੋਂ ਹਟਾ ਦਿੱਤਾ ਸੀ। ਉਨ੍ਹਾ ਕਿਹਾ ਕਿ ਢੀਂਡਸਾ ਹੀ ਨਵੇਂ ਚੁਣੇ ਹੋਏ ਪ੍ਰਧਾਨ ਹਨ ਤੇ ਅੰਮ੍ਰਿਤਸਰ ਵਿਚ ਦਲ ਦੇ ਦਫਤਰ ਤੋਂ ਕੰਮ ਕਰਨਗੇ।
ਢੀਂਡਸਾ ਨੂੰ ਪ੍ਰਧਾਨ ਚੁਣਨ ਦੀ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਅਤੇ ਸਾਬਕਾ ਮਰਹੂਮ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਦੀ ਧੀ ਹਰਜੀਤ ਕੌਰ ਤਲਵੰਡੀ ਨੇ ਤਾਈਦ ਕੀਤੀ। ਢੀਂਡਸਾ ਨੂੰ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਧਾਨ ਐਲਾਨਿਆ ਗਿਆ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਇਸ ਕਾਰਵਾਈ ਨੂੰ ਗੈਰਕਾਨੂੰਨੀ ਤੇ 100 ਫੀਸਦੀ ਫਰਾਡ ਦੱਸਦਿਆਂ ਕਿਹਾ ਕਿ ਦਲ ਵਿਚੋਂ ਕੱਢੇ ਗਏ ਢੀਂਡਸਾ ਕਾਂਗਰਸ ਦੇ ਇਸ਼ਾਰਿਆਂ 'ਤੇ ਚੱਲ ਰਹੇ ਹਨ। ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ ਤੇ ਭਾਰਤੀ ਚੋਣ ਕਮਿਸ਼ਨ ਕੋਲ ਰਜਿਸਟਰਡ ਹੈ। ਢੀਂਡਸਾ ਨੇ ਉਨ੍ਹਾ ਨੂੰ ਪ੍ਰਧਾਨ ਚੁਣਨ ਵਾਲੇ ਅਜਲਾਸ ਵਿਚ ਕਿਹਾ ਕਿ ਉਨ੍ਹਾ ਦਾ ਦਲ ਸਿੱਖ ਸਿਆਸਤ ਦੇ ਸਿਧਾਂਤਾਂ ਨੂੰ ਕਾਇਮ ਕਰਨ ਅਤੇ ਸਿੱਖ ਅਦਾਰਿਆਂ ਨੂੰ ਬਾਦਲਾਂ ਦੀ ਜਕੜ ਤੋਂ ਆਜ਼ਾਦ ਕਰਾਉਣ ਲਈ ਪੂਰੀ ਵਾਹ ਲਾਵੇਗਾ। ਉਹ ਪੰਜਾਬ ਦੇ ਪ੍ਰਮੁੱਖ ਮਸਲੇ ਹੱਲ ਕਰਾਉਣ ਅਤੇ ਦੇਸ਼ ਦੇ ਫੈਡਰਲ ਸਿਸਟਮ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਉਹ ਕਿਸਾਨ ਭਾਈਚਾਰੇ ਵੱਲ ਖਾਸ ਧਿਆਨ ਦੇਣਗੇ ਅਤੇ ਦਲਿਤਾਂ ਤੇ ਘੱਟ ਗਿਣਤੀਆਂ ਦੀ ਹਾਲਤ ਸੁਧਾਰਨ ਲਈ ਕੰਮ ਕਰਨਗੇ। ਦਲ ਰੇਤ, ਟਰਾਂਸਪੋਰਟ, ਸ਼ਰਾਬ ਮਾਫੀਆ ਅਤੇ ਸੂਬੇ ਦੇ ਹੋਰਨਾਂ ਕੁਦਰਤੀ ਸਰੋਤਾਂ ਦੀ ਲੁੱਟ ਕਰਨ ਵਾਲਿਆਂ ਦੇ ਖਾਤਮੇ ਲਈ ਕੰਮ ਕਰੇਗਾ। ਸੂਬੇ ਦੇ ਅਰਥਚਾਰੇ ਤੇ ਵਿਕਾਸ ਵਿਚ ਐੱਨ ਆਰ ਆਈਜ਼ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਢੀਂਡਸਾ ਨੇ ਕਿਹਾ ਕਿ ਦਲ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਾਉਣ ਨੂੰ ਤਰਜੀਹ ਦੇਵੇਗਾ। ਉਨ੍ਹਾ ਕਿਹਾ ਕਿ ਹਰ ਸਿੱਖ ਲਹਿਰ ਵਿਚ ਬੀਬੀਆਂ ਨੇ ਮਿਸਾਲੀ ਯੋਗਦਾਨ ਦਿੱਤਾ ਹੈ ਤੇ ਦਲ ਵਿਚ ਉਨ੍ਹਾਂ ਨੂੰ ਬਣਦੀ ਨੁਮਾਇੰਦਗੀ ਦੇ ਕੇ ਉਨ੍ਹਾਂ ਦੀਆਂ ਸੇਵਾਵਾਂ ਦਾ ਮੁੱਲ ਪਾਇਆ ਜਾਵੇਗਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ, ਪੰਜਾਬ ਅਸੰਬਲੀ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂ ਸੇਵਾ ਸਿੰਘ ਸੇਖਵਾਂ, ਜਗਦੀਸ਼ ਸਿੰਘ ਗਰਚਾ ਦੇ ਭਰਾ ਮਾਨ ਸਿੰਘ ਗਰਚਾ, ਚਰਨਜੀਤ ਸਿੰਘ ਚੰਨੀ, ਨਿਧੜਕ ਸਿੰਘ ਬਰਾੜ, ਪਰਮਜੀਤ ਸਿੰਘ ਖਾਲਸਾ ਤੇ ਮਨਜੀਤ ਸਿੰਘ ਭੋਮਾ ਵੀ ਮੌਜੂਦ ਸਨ।

416 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper