Latest News
ਅਗਸਤ ਤੱਕ ਦੇ ਈ ਪੀ ਐੱਫ ਦੇ ਪੈਸੇ ਸਰਕਾਰ ਭਰੇਗੀ

Published on 08 Jul, 2020 10:38 AM.


ਨਵੀਂ ਦਿੱਲੀ : ਕੇਂਦਰੀ ਕੈਬਨਿਟ ਨੇ ਬੁੱਧਵਾਰ ਮੁਲਾਜ਼ਮਾਂ ਤੇ ਮਾਲਕਾਂ ਦੀ ਈ ਪੀ ਐਫ ਦਾ ਹਿੱਸਾ ਸਰਕਾਰ ਵੱਲੋਂ ਦਿੱਤੇ ਜਾਣ ਦੀ ਸਕੀਮ ਅਗਸਤ ਤੱਕ ਵਧਾ ਦਿੱਤੀ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਇਸ ਨਾਲ 3 ਲੱਖ 67 ਹਜ਼ਾਰ ਅਦਾਰਿਆਂ ਤੇ 72 ਲੱਖ 22 ਹਜ਼ਾਰ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ। ਕੈਬਨਿਟ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਨੂੰ ਵੀ ਪੰਜ ਮਹੀਨੇ ਵਧਾ ਕੇ ਨਵੰਬਰ ਤੱਕ ਕਰ ਦਿੱਤਾ ਹੈ। 81 ਕਰੋੜ ਲੋਕਾਂ ਨੂੰ ਨਵੰਬਰ ਤੱਕ ਮੁਫਤ ਅਨਾਜ ਤੇ ਦਾਲਾਂ ਦੇਣ ਲਈ ਇਕ ਲੱਖ 49 ਹਜ਼ਾਰ ਕਰੋੜ ਰੁਪਏ ਖਰਚੇ ਜਾਣਗੇ। ਜਾਵੜੇਕਰ ਨੇ ਦੱਸਿਆ ਕਿ ਅਪ੍ਰੈਲ ਵਿਚ 74.3 ਕਰੋੜ, ਮਈ ਵਿਚ 74.75 ਕਰੋੜ ਤੇ ਜੂਨ ਵਿਚ ਲੱਗਭੱਗ 64.72 ਕਰੋੜ ਲੋਕਾਂ ਨੂੰ ਮੁਫਤ ਅਨਾਜ-ਦਾਲਾਂ ਦਿੱਤੀਆਂ ਗਈਆਂ। ਸ਼ਹਿਰੀ ਪ੍ਰਵਾਸੀਆਂ ਨੂੰ ਘਰ ਵੀ ਦਿੱਤੇ ਜਾਣਗੇ। ਇਸ ਸਕੀਮ ਤਹਿਤ ਸਰਕਾਰ ਦੇ ਫੰਡ ਨਾਲ ਬਣੇ ਹਾਊਸਿੰਗ ਕੰਪਲੈਕਸਾਂ ਵਿਚ ਉਨ੍ਹਾਂ ਨੂੰ ਕਮਰੇ ਦਿੱਤੇ ਜਾਣਗੇ। ਸ਼ੁਰੂ ਵਿਚ 3 ਲੱਖ ਲੋਕਾਂ ਨੂੰ ਇਹ ਘਰ ਮਿਲਣਗੇ। ਕੈਬਨਿਟ ਨੇ ਪਬਲਿਕ ਸੈਕਟਰ ਦੀਆਂ ਤਿੰਨ ਜਨਰਲ ਇੰਸ਼ੋਰੈਂਸ ਕੰਪਨੀਆਂ ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਟਿਡ, ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਟਿਡ ਅਤੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ ਤਕੜਾ ਕਰਨ ਲਈ 12450 ਕਰੋੜ ਦੇਣ ਦਾ ਫੈਸਲਾ ਵੀ ਕੀਤਾ ਹੈ। ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ 7 ਕਰੋੜ 40 ਲੱਖ ਗਰੀਬ ਮਹਿਲਾਵਾਂ ਸਤੰਬਰ ਤੱਕ ਤਿੰਨ ਐੱਲ ਪੀ ਜੀ ਸਿਲੰਡਰ ਫਰੀ ਹਾਸਲ ਕਰ ਸਕਦੀਆਂ ਹਨ। ਪਹਿਲਾਂ ਉਹ ਅਪ੍ਰੈਲ ਤੋਂ ਜੂਨ ਤਕ ਹਾਸਲ ਕਰ ਸਕਦੀਆਂ ਸਨ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦੱਸਿਆ ਕਿ ਕੈਬਨਿਟ ਨੇ ਖੇਤੀਬਾੜੀ ਸੈਕਟਰ ਵਿਚ ਬੁਨਿਆਦੀ ਢਾਂਚਾ ਸੁਧਾਰਨ ਲਈ ਇਕ ਲੱਖ ਕਰੋੜ ਰੁਪਏ ਵੀ ਮਨਜ਼ੂਰ ਕੀਤੇ ਹਨ।

166 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper