Latest News
ਸੱਚ 'ਤੇ ਐਨਕਾਊਂਟਰ ਦਾ ਪਰਦਾ

Published on 12 Jul, 2020 08:34 AM.


ਆਖਰਕਾਰ ਇੱਕ ਅਖੌਤੀ ਪੁਲਸ ਮੁਕਾਬਲੇ ਵਿੱਚ ਯੂ ਪੀ ਪੁਲਸ ਨੇ 8 ਪੁਲਸ ਮੁਲਾਜ਼ਮਾਂ ਦੇ ਹਤਿਆਰੇ ਵਿਕਾਸ ਦੂਬੇ ਨੂੰ ਮਾਰ ਦਿੱਤਾ। ਪੁਲਸ ਦੀ ਮੁਕਾਬਲੇ ਦੀ ਕਹਾਣੀ ਏਨੀ ਹਾਸੋਹੀਣੀ ਤੇ ਲੱਚਰ ਹੈ ਕਿ ਇਸ ਉੱਤੇ ਰੱਤੀ ਭਰ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਜਦੋਂ 9 ਜੁਲਾਈ ਨੂੰ ਵਿਕਾਸ ਦੂਬੇ ਨੂੰ ਉਜੈਨ ਦੇ ਮਹਾਂਕਾਲ ਮੰਦਰ ਵਿੱਚੋਂ ਫੜਿਆ ਗਿਆ ਸੀ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਰਿਹਾ ਕਿ ਸਾਰਾ ਡਰਾਮਾ ਪਹਿਲਾਂ ਤੋਂ ਮਿਥੀ ਵਿਉਂਤ ਅਨੁਸਾਰ ਹੋ ਰਿਹਾ ਹੈ।
ਮਹਾਂਕਾਲ ਮੰਦਰ ਵਿੱਚ ਇੱਕ ਨਿਹੱਥਾ ਸੁਰੱਖਿਆ ਗਾਰਡ ਉਸ ਨੂੰ ਫੜਦਾ ਹੈ। ਨਿਹੱਥੀ ਪੁਲਸ ਉਸ ਨੂੰ ਆਪਣੇ ਨਾਲ ਲੈ ਜਾਂਦੀ ਹੈ ਤੇ ਇੱਕ ਸਿਪਾਹੀ ਉਸ ਨੂੰ ਥੱਪੜ ਵੀ ਮਾਰਦਾ ਹੈ। ਇਸ ਆਤਮ-ਸਮਰਪਣ ਜਾਂ ਗ੍ਰਿਫ਼ਤਾਰੀ ਤੋਂ ਇੱਕ ਦਿਨ ਪਹਿਲਾਂ ਡੀ ਐੱਮ ਤੇ ਪੁਲਸ ਕਪਤਾਨ ਮੰਦਰ ਦਾ ਦੌਰਾ ਕਰਦੇ ਹਨ। ਐੱਸ ਟੀ ਐੱਫ਼ ਉਸ ਨੂੰ ਲੈ ਕੇ ਯੂ ਪੀ ਰਵਾਨਾ ਹੁੰਦੀ ਹੈ। ਕਾਨਪੁਰ ਪੁੱਜਣ ਤੋਂ ਪਹਿਲਾਂ ਨਾਲ ਚੱਲ ਰਹੀਆਂ ਮੀਡੀਆ ਦੀਆਂ ਗੱਡੀਆਂ ਨੂੰ ਰੋਕ ਦਿੱਤਾ ਜਾਂਦਾ ਹੈ। ਅੱਗੇ ਜਾ ਕੇ ਇੱਕ ਸੜਕ ਦੁਰਘਟਨਾ, ਜ਼ਖ਼ਮੀ ਮੁਲਜ਼ਮ ਵੱਲੋਂ ਪੁਲਸ ਮੁਲਾਜ਼ਮ ਦਾ ਰਿਵਾਲਵਰ ਖੋਹ ਕੇ ਭੱਜਣ ਦੀ ਕੋਸ਼ਿਸ਼, ਪੁਲਸ 'ਤੇ ਹਮਲਾ, ਪੁਲਸ ਵੱਲੋਂ ਆਤਮ ਰੱਖਿਆ ਲਈ ਗੋਲੀ ਚਲਾਉਣਾ ਤੇ ਫਿਰ ਅਪਰਾਧੀ ਦਾ ਮਾਰਿਆ ਜਾਣਾ। ਇਸ ਫ਼ਿਲਮੀ ਕਹਾਣੀ ਉੱਤੇ ਕੋਈ ਮੂਰਖ ਹੀ ਇਤਬਾਰ ਕਰੇਗਾ। ਜਿਹੜਾ ਅਪਰਾਧੀ ਆਪਣੇ ਪੁਲਸ ਮੁਕਾਬਲੇ ਵਿੱਚ ਮਾਰੇ ਜਾਣ ਤੋਂ ਬਚਣ ਲਈ ਇੱਕ ਮੰਦਰ ਵਰਗੀ ਜਨਤਕ ਥਾਂ ਉੱਤੇ ਆਤਮ-ਸਮਰਪਣ ਕਰਦਾ ਹੈ, ਉਹ ਭਲਾ ਪੁਲਸ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਕਰਕੇ ਆਪਣੀ ਮੌਤ ਨੂੰ ਬੁਲਾਵਾ ਕਿਉਂ ਦੇਵੇਗਾ?
ਵਿਕਾਸ ਦੂਬੇ ਦਾ ਐਨਕਾਊਂਟਰ ਅਸਲ ਵਿੱਚ ਉਸ ਸੱਚ ਦਾ ਐਨਕਾਊਂਟਰ ਹੈ, ਜਿਹੜਾ ਸੱਚ ਉਸ ਦੀ ਮੌਤ ਦੇ ਨਾਲ ਹੀ ਦਫਨ ਹੋ ਗਿਆ ਹੈ। ਵਿਕਾਸ ਦੂਬੇ ਦੀ ਮੌਤ ਨਾਲ ਰਾਜਨੀਤੀ, ਪੁਲਸ ਤੇ ਅਪਰਾਧ ਦਾ ਗਠਜੋੜ ਬੇਪਰਦ ਹੋਣ ਤੋਂ ਬਚ ਗਿਆ ਹੈ। ਵਿਕਾਸ ਦੂਬੇ ਸਾਡੇ ਸਮਾਜ ਤੇ ਸਾਡੀ ਵਿਵਸਥਾ ਵਿੱਚ ਫੈਲੇ ਸਿਆਸੀ, ਪ੍ਰਸ਼ਾਸਨਿਕ ਤੇ ਅਪਰਾਧੀਆਂ ਦੇ ਗਹਿਰੇ ਸੰਬੰਧਾਂ ਦਾ ਇੱਕ ਮੋਹਰਾ ਸੀ। ਖ਼ਬਰ ਹੈ ਕਿ ਉਜੈਨ ਤੋਂ ਲੈ ਕੇ ਮੁਕਾਬਲੇ ਵਾਲੀ ਥਾਂ ਤੱਕ ਪੁੱਜਦਿਆਂ ਵਿਕਾਸ ਦੂਬੇ ਨੇ ਪੁਲਸ ਪੁੱਛਗਿੱਛ ਵਿੱਚ ਦੱਸਿਆ ਸੀ ਕਿ ਉਸ ਦੇ ਦੋ ਮੰਤਰੀਆਂ, ਇੱਕ ਦਰਜਨ ਵਿਧਾਇਕਾਂ ਤੇ 50 ਤੋਂ ਵੱਧ ਪੁਲਸ ਅਫ਼ਸਰਾਂ ਤੇ ਮੁਲਾਜ਼ਮਾਂ ਨਾਲ ਗਹਿਰੇ ਸੰਬੰਧ ਸਨ ਤੇ ਉਹ ਉਸ ਦੀ ਹਰ ਸੰਭਵ ਮਦਦ ਕਰਦੇ ਸਨ। ਸਾਰੇ ਜਾਣਦੇ ਹਨ ਕਿ ਵਿਕਾਸ ਦੂਬੇ ਸਿਆਸੀ ਤੇ ਪ੍ਰਸ਼ਾਸਨਿਕ ਸਰਪ੍ਰਸਤੀ ਹੇਠ ਪਿਛਲੇ 30 ਸਾਲਾਂ ਤੋਂ ਆਪਣਾ ਸਾਮਰਾਜ ਚਲਾ ਰਿਹਾ ਸੀ। ਇਸ ਦੌਰਾਨ ਪਤਾ ਨਹੀਂ ਉਸ ਨੇ ਕਿੰਨੇ ਬੇਗੁਨਾਹਾਂ ਨੂੰ ਮਾਰਿਆ ਤੇ ਕਿੰਨੀ ਲੁੱਟ ਮਚਾਈ। ਇਹ ਸਭ ਕੁਝ ਉਹ ਸਿਆਸੀ ਤੇ ਪ੍ਰਸ਼ਾਸਨਿਕ ਸੁਰੱਖਿਆ ਛਤਰੀ ਤੋਂ ਬਿਨਾਂ ਨਹੀਂ ਸੀ ਕਰ ਸਕਦਾ। ਅੱਜ ਅਪਰਾਧ, ਰਾਜਨੀਤੀ ਤੇ ਕਾਰਜ ਪਾਲਿਕਾ ਦੇ ਸੰਬੰਧ ਏਨੇ ਮਜ਼ਬੂਤ ਹੋ ਚੁੱਕੇ ਹਨ ਕਿ ਇਨ੍ਹਾਂ ਵਿੱਚ ਅੰਤਰ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਵਿਕਾਸ ਦੂਬੇ ਦੇ ਐਨਕਾਊਂਟਰ ਤੋਂ ਪਹਿਲਾਂ ਉਸ ਦਾ ਚਚੇਰਾ ਭਰਾ ਅਤੁਲ ਦੂਬੇ, ਮਾਮਾ ਪ੍ਰੇਮ ਪ੍ਰਕਾਸ਼ ਪਾਂਡੇ, ਤਿੰਨ ਸਾਥੀ ਬਊਆ ਦੂਬੇ, ਪ੍ਰਭਾਤ ਮਿਸ਼ਰਾ ਅਤੇ ਅਮਰ ਦੂਬੇ ਵੀ ਅਜਿਹੇ ਹੀ ਵੱਖ-ਵੱਖ ਮੁਕਾਬਲਿਆਂ ਵਿੱਚ 2 ਤੋਂ 9 ਜੁਲਾਈ ਤੱਕ ਮਾਰੇ ਗਏੇ।
ਵਿਕਾਸ ਦੂਬੇ ਸਣੇ 6 ਅਪਰਾਧੀਆਂ ਦਾ ਇੱਕ ਹਫ਼ਤੇ ਵਿੱਚ ਪੁਲਸ ਹੱਥੋਂ ਮਾਰੇ ਜਾਣਾ ਇਨ੍ਹਾਂ ਅਪਰਾਧੀਆਂ ਦਾ ਐਨਕਾਊਂਟਰ ਨਹੀਂ, ਅਸਲ ਵਿੱਚ ਇਹ ਯੂ ਪੀ ਵਿੱਚ ਫੈਲ ਚੁੱਕੇ ਅਪਰਾਧਤੰਤਰ ਦੇ ਗਵਾਹਾਂ ਦਾ ਕਤਲ ਹੈ। ਜੇਕਰ ਇਹ ਅਪਰਾਧੀ ਜ਼ਿੰਦਾ ਰਹਿੰਦੇ ਤਾਂ ਉਨ੍ਹਾਂ ਨੂੰ ਪਾਲਣ ਵਾਲੇ ਸਭ ਸਫੈਦਪੋਸ਼ਾਂ ਦੇ ਨਾਂਅ ਸਾਹਮਣੇ ਆਉਣੇ ਸੀ, ਜੋ ਹੁਣ ਨਹੀਂ ਆਉਣਗੇ। ਵਿਕਾਸ ਦੂਬੇ ਤੇ ਉਸ ਦੇ ਸਾਥੀ ਜ਼ਿੰਦਾ ਰਹਿੰਦੇ ਤਾਂ ਨੇਤਾਵਾਂ, ਵਪਾਰੀਆਂ ਤੇ ਅਫ਼ਸਰਾਂ ਦੇ ਨਾਂਅ ਸਾਹਮਣੇ ਆਉਂਦੇ ਤਾਂ ਰਾਜਨੀਤੀ ਵਿੱਚ ਭੁਚਾਲ ਆ ਜਾਣਾ ਸੀ। ਸਾਨੂੰ ਯਾਦ ਹੈ ਗੁਜਰਾਤ ਵਿੱਚ ਸੋਹਰਾਬੂਦੀਨ ਸ਼ੇਖ ਤੇ ਤੁਲਸੀ ਪ੍ਰਜਾਪਤੀ ਦਾ ਇਸਤੇਮਾਲ ਹਾਰੇਨ ਪਾਂਡਿਆ ਸਮੇਤ ਕਿੰਨੇ ਵਿਰੋਧੀਆਂ ਨੂੰ ਟਿਕਾਣੇ ਲਾਉਣ ਲਈ ਕੀਤਾ ਗਿਆ ਸੀ ਤੇ ਜਦੋਂ ਉਹ ਸੱਤਾਧਾਰੀਆਂ ਲਈ ਖ਼ਤਰਾ ਬਣ ਗਏ ਤਾਂ ਇੱਕ ਝੂਠੇ ਮੁਕਾਬਲੇ ਰਾਹੀਂ ਉਨ੍ਹਾਂ ਨੂੰ ਮੁਕਾ ਦਿੱਤਾ ਗਿਆ। ਵਿਕਾਸ ਦੂਬੇ ਯੂ ਪੀ ਦਾ ਸੋਹਰਾਬੂਦੀਨ ਤੇ ਪ੍ਰਜਾਪਤੀ ਸੀ। ਇਸ ਦਾ ਇਸਤੇਮਾਲ ਵੀ ਸਭ ਸੱਤਾਧਾਰੀ ਕਰਦੇ ਰਹੇ ਸਨ।
ਵਿਕਾਸ ਦੂਬੇ ਦੇ ਐਨਕਾਊਂਟਰ ਵਿੱਚ ਮਾਰੇ ਜਾਣ ਉੱਤੇ ਪੀੜਤ ਪਰਵਾਰਾਂ ਦਾ ਖੁਸ਼ ਹੋਣਾ ਸੁਭਾਵਕ ਹੈ, ਇੱਕ ਲੋਕਤੰਤਰੀ ਦੇਸ਼ ਵਿੱਚ ਕਿਸੇ ਵੀ ਐਨਕਾਊਂਟਰ ਉੱਤੇ ਆਮ ਜਨਮਾਨਸ ਵੱਲੋਂ ਜਸ਼ਨ ਮਨਾਉਣਾ ਚਿੰਤਾ ਦਾ ਵਿਸ਼ਾ ਹੈ। ਇਸ ਦਾ ਮਤਲਬ ਹੈ ਕਿ ਆਮ ਆਦਮੀ ਦਾ ਕਾਨੂੰਨ, ਸੰਵਿਧਾਨ ਤੇ ਨਿਆਂ ਪਾਲਿਕਾ ਉੱਤੋਂ ਵਿਸ਼ਵਾਸ ਉੱਠ ਰਿਹਾ ਹੈ। ਇਹ ਚਿੰਤਾ ਵਾਲੀ ਗੱਲ ਹੈ ਕਿ ਅੱਜ ਅਸੀਂ ਨਿਆਂ ਲਈ 'ਖ਼ੂਨ ਦਾ ਬਦਲਾ ਖ਼ੂਨ' ਵਾਲੀ ਮੱਧਯੁੱਗੀ ਮਾਨਸਿਕਤਾ ਵੱਲ ਵਧ ਰਹੇ ਹਾਂ।
ਇੱਕ ਸੱਭਿਆ ਸਮਾਜ ਵਿੱਚ ਅਪਰਾਧੀ ਨੂੰ ਸਜ਼ਾ ਸੰਵਿਧਾਨ ਤੇ ਕਾਨੂੰਨ ਅਧੀਨ ਦੇਣੀ ਲੋਕਤੰਤਰ ਦੀ ਪਛਾਣ ਹੁੰਦੀ ਹੈ, ਪਰ ਅਜੋਕੇ ਸੱਤਾਧਾਰੀ ਸਾਡੇ ਸਮਾਜ ਨੂੰ ਮੱਧ ਯੁੱਗ ਵੱਲ ਧੱਕੀ ਜਾ ਰਹੇ ਹਨ। ਇੱਕ ਸਿਰ ਬਦਲੇ 10 ਸਿਰ, ਮੌਬ ਲਿੰਚਿੰਗ ਦੀ ਪੁਸ਼ਤਪਨਾਹੀ, ਪੁਲਸ ਮੁਕਾਬਲਿਆਂ ਦੀ ਵਾਹਵਾਹੀ, ਇਹ ਸਭ ਸਾਡੇ ਸਮਾਜ ਨੂੰ ਰੱਤ ਪਿਆਸੇ ਮਾਨਵਾਂ ਵਿੱਚ ਬਦਲ ਦੇਣ ਦੀ ਇੱਕ ਸੋਚੀ-ਸਮਝੀ ਵਿਉਂਤ ਹੈ। ਇੱਕ ਅਜਿਹਾ ਸਮਾਜ ਸਿਰਜਿਆ ਜਾ ਰਿਹਾ ਹੈ, ਜਿਸ ਵਿੱਚ ਇੱਕ ਵਿਅਕਤੀ ਨੂੰ ਰੋਜ਼ੀ, ਰੋਟੀ ਤੇ ਕੱਪੜੇ ਦੀ ਥਾਂ ਆਪਣੇ ਵਿਰੋਧੀ ਨੂੰ ਖ਼ਤਮ ਕਰਨ ਦੀ ਵਧੇਰੇ ਚਿੰਤਾ ਹੋਵੇਗੀ। ਇਹ ਵਿਰੋਧੀ ਵੱਖਰੇ ਧਰਮ, ਵੱਖਰੀ ਜਾਤ, ਵੱਖਰੀ ਨਸਲ, ਵੱਖਰੀ ਪਹਿਚਾਣ ਤੇ ਵੱਖਰੀ ਜੀਵਨ-ਜਾਚ ਵਾਲਾ ਕੋਈ ਵੀ ਹੋ ਸਕਦਾ ਹੈ। ਇਸ ਲਈ ਵਿਕਾਸ ਦੂਬੇ ਤੇ ਉਸ ਦੇ ਸਾਥੀਆਂ ਦਾ ਕਤਲ ਸੱਤਾਧਾਰੀਆਂ ਦਾ ਇਸ ਦਿਸ਼ਾ ਵਿੱਚ ਅੱਗੇ ਵਧਣ ਦਾ ਹੀ ਇੱਕ ਕਦਮ ਹੈ। ਇਸ ਉੱਤੇ ਖੁਸ਼ੀ ਮਨਾਉਣੀ ਵਾਜਬ ਨਹੀਂ, ਕੱਲ੍ਹ ਨੂੰ ਇਹੋ ਕੁਝ ਕਿਸੇ ਬੇਗੁਨਾਹ ਨਾਲ ਵੀ ਵਾਪਰ ਸਕਦਾ ਹੈ ਤੇ ਹੋ ਸਕਦਾ ਹੈ ਉਹ ਬੇਗੁਨਾਹ ਤੁਸੀਂ ਖੁਦ ਹੋਵੋ।
-ਚੰਦ ਫਤਿਹਪੁਰੀ

659 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper