Latest News
ਮੰਤਰੀ ਦੇ ਮੁੰਡੇ ਦੀ ਮਹਿਲਾ ਕਾਂਸਟੇਬਲ ਨੂੰ ਧਮਕੀ, ਇਕ ਸਾਲ ਤੈਨੂੰ ਇਥੇ ਹੀ ਖੜ੍ਹੀ ਰੱਖ ਸਕਦਾਂ

Published on 12 Jul, 2020 08:37 AM.


ਅਹਿਮਦਾਬਾਦ : ਇਕ ਸਾਲ ਤੱਕ ਤੈਨੂੰ ਇਥੇ ਹੀ ਖੜ੍ਹੀ ਰੱਖ ਸਕਦਾ ਹਾਂ। ਦੋਸ਼ ਹੈ ਕਿ ਇਹ ਧਮਕੀ ਗੁਜਰਾਤ ਦੇ ਭਾਜਪਾ ਮੰਤਰੀ ਦੇ ਬੇਟੇ ਨੇ ਇਕ ਮਹਿਲਾਂ ਕਾਂਸਟੇਬਲ ਨੂੰ ਦਿੱਤੀ। ਸਿਹਤ ਮੰਤਰੀ ਕੁਮਾਰ ਕਨਾਨੀ ਦਾ ਬੇਟਾ ਪ੍ਰਕਾਸ਼ ਇਕ ਵਾਇਰਲ ਆਡੀਓ ਵਿਚ ਮਹਿਲਾ ਕਾਂਸਟੇਬਲ ਸੁਨੀਤਾ ਯਾਦਵ ਨੂੰ ਇਸ ਤਰ੍ਹਾਂ ਧਮਕਾਉਂਦਾ ਸੁਣਾਈ ਦੇ ਰਿਹਾ ਹੈ। ਖਬਰ ਹੈ ਕਿ ਪ੍ਰੇਸ਼ਾਨ ਹੋ ਕੇ ਸੁਨੀਤਾ ਨੇ ਅਸਤੀਫਾ ਦੇ ਦਿੱਤਾ ਹੈ। ਸੁਨੀਤਾ ਨੇ ਬੁੱਧਵਾਰ ਰਾਤ ਸੂਰਤ ਦੇ ਮਾਨਗੜ੍ਹ ਚੌਕ ਵਿਚ ਪ੍ਰਕਾਸ਼ ਤੇ ਉਸ ਦੇ ਦੋਸਤਾਂ ਨੂੰ ਕਰਫਿਊ ਨਿਯਮਾਂ ਦੀ ਉਲੰਘਣਾ ਕਰਕੇ ਘੁੰਮਣ 'ਤੇ ਰੋਕਿਆ ਸੀ। ਪ੍ਰਕਾਸ਼ ਨੇ ਮਾਸਕ ਵੀ ਨਹੀਂ ਪਾਇਆ ਹੋਇਆ ਸੀ। ਸੁਨੀਤਾ ਨੇ ਉਸ ਨੂੰ ਸਵਾਲ ਪੁੱਛੇ ਸਨ। ਪ੍ਰਕਾਸ਼ ਆਡੀਓ ਕਲਿੱਪ ਵਿਚ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ, 'ਮੇਰੇ ਕੋਲ ਪਾਵਰ ਹੈ। 365 ਦਿਨ ਤੈਨੂੰ ਇਥੇ ਹੀ ਖੜ੍ਹੀ ਰੱਖ ਸਕਦਾ ਹਾਂ।'' ਇਸ ਦੇ ਬਾਅਦ ਸੁਨੀਤਾ ਉਸ ਨੂੰ ਕਰੜਾ ਜਵਾਬ ਦਿੰਦੀ ਕਹਿੰਦੀ ਹੈ, 'ਮੈਂ ਤੇਰੇ ਜਾਂ ਤੇਰੇ ਪਿਓ ਦੀ ਨੌਕਰਾਣੀ ਨਹੀਂ, ਜੋ ਤੂੰ ਮੈਨੂੰ ਇਕ ਸਾਲ ਤੱਕ ਇਥੇ ਖੜ੍ਹਾ ਰੱਖ ਸਕੇਂ।' ਸੁਨੀਤਾ ਨੇ ਮਾਮਲੇ ਦੀ ਜਾਣਕਾਰੀ ਫੋਨ ਕਰਕੇ ਸੀਨੀਅਰ ਅਫਸਰ ਨੂੰ ਦਿੱਤੀ, ਪਰ ਉਸ ਨੇ ਉਸ ਨੂੰ ਉਥੋਂ ਚਲੇ ਜਾਣ ਦੀ ਸਲਾਹ ਦੇ ਦਿੱਤੀ। ਦੱਸਿਆ ਜਾਂਦਾ ਹੈ ਕਿ ਇਸ ਤੋਂ ਦੁਖੀ ਹੋ ਕੇ ਸੁਨੀਤਾ ਨੇ ਅਸਤੀਫਾ ਦੇ ਦਿੱਤਾ। ਆਡੀਓ ਵਾਇਰਲ ਹੋਣ ਦੇ ਬਾਅਦ ਪੁਲਸ ਕਮਿਸ਼ਨਰ ਆਰ ਬੀ ਬ੍ਰਹਮ ਭੱਟ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ।

98 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper