Latest News
ਭਾਜਪਾ ਦੀਆਂ ਪੈੜਾਂ ਨਾਪਦੇ ਅਖੌਤੀ ਵਿਰੋਧੀ

Published on 11 Aug, 2020 10:36 AM.


ਅੱਜ ਜਦੋਂ ਦੇਸ਼ ਗਹਿਰੇ ਆਰਥਿਕ ਸੰਕਟ ਦੇ ਮੁਹਾਨੇ 'ਤੇ ਖੜ੍ਹਾ ਹੈ, ਕਰੋੜਾਂ ਲੋਕਾਂ ਦਾ ਰੁਜ਼ਗਾਰ ਖੁਸ ਚੁੱਕਾ ਹੈ, ਆਰਥਿਕਤਾ ਡੂੰਘੇ ਸੰਕਟ ਵਿੱਚ ਫਸ ਚੁੱਕੀ ਹੈ ਤੇ ਸੰਕਟ ਵਿੱਚੋਂ ਨਿਕਲਣ ਦਾ ਕੋਈ ਰਾਹ ਨਹੀਂ ਦਿਸ ਰਿਹਾ, ਸੱਤਾਧਾਰੀ ਧਿਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਪੱਠੇ ਪਾ ਕੇ ਆਪਣੀ ਸੱਤਾ ਦੀ ਉਮਰ ਲੰਮੀ ਕਰਨ ਦੇ ਆਹਰ ਵਿੱਚ ਰੁਝੀ ਹੋਈ ਹੈ। ਰਾਮ ਜਨਮ ਭੂਮੀ ਮੰਦਰ ਦਾ ਪ੍ਰਧਾਨ ਮੰਤਰੀ ਵੱਲੋਂ ਨੀਂਹ ਪੱਥਰ ਅਸਲ ਵਿੱਚ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਸੇਧਤ ਇੱਕ ਕਦਮ ਕਿਹਾ ਜਾ ਸਕਦਾ ਹੈ। ਇਹ ਗੱਲ ਮਨ ਨੂੰ ਸਕੂਨ ਦੇਣ ਵਾਲੀ ਹੈ ਕਿ ਆਰ ਐੱਸ ਐੱਸ ਤੇ ਇਸ ਨਾਲ ਜੁੜੀਆਂ ਸੰਸਥਾਵਾਂ ਅਤੇ ਸਰਕਾਰ ਪੱਖੀ ਮੀਡੀਆ ਵੱਲੋਂ ਧੂੰਆਂ-ਧਾਰ ਪ੍ਰਚਾਰ ਦੇ ਬਾਵਜੂਦ ਆਮ ਲੋਕਾਂ ਨੇ ਰਾਮ ਮੰਦਰ ਦੀ ਸਥਾਪਨਾ ਦੇ ਜਸ਼ਨਾਂ ਪ੍ਰਤੀ ਉਹ ਉਤਸ਼ਾਹ ਨਹੀਂ ਦਿਖਾਇਆ, ਜਿਸ ਦੀ ਸੱਤਾਧਾਰੀਆਂ ਵੱਲੋਂ ਉਮੀਦ ਕੀਤੀ ਜਾ ਰਹੀ ਸੀ। ਸੰਘ ਤੇ ਭਾਜਪਾ ਨੇ ਆਸ ਕੀਤੀ ਸੀ ਕਿ ਮੰਦਰ ਦਾ ਨੀਂਹ ਪੱਥਰ ਰੱਖੇ ਜਾਣ ਵਾਲੇ ਦਿਨ 5 ਅਗਸਤ ਦੀ ਰਾਤ ਨੂੰ ਸਾਰੇ ਦੇਸ਼ ਵਿੱਚ ਦੀਵਾਲੀ ਮਨਾਈ ਜਾਵੇਗੀ, ਪਰ ਲਾਕਡਾਊਨ ਦੌਰਾਨ ਮੋਦੀ ਦੇ ਸੱਦੇ ਉੱਤੇ ਢੋਲ-ਨਗਾਰੇ ਲੈ ਕੇ ਸੜਕਾਂ 'ਤੇ ਨਿਕਲਣ ਤੇ ਕੋਰੋਨਾ ਨੂੰ ਭਜਾਉਣ ਲਈ ਘਰਾਂ ਦੇ ਬਨੇਰਿਆਂ ਉਤੇ ਦੀਵੇ ਜਗਾਉਣ ਵਾਲੇ ਇਸ ਵਾਰ ਖਾਮੋਸ਼ ਬੈਠੇ ਰਹੇ। ਗੋਦੀ ਮੀਡੀਆ ਨੇ ਜ਼ਰੂਰ ਕੁਝ ਚੋਣਵੇਂ ਥਾਵਾਂ ਦੀਆਂ ਝਾਕੀਆਂ ਦਿਖਾ ਕੇ ਦੀਵਾਲੀ ਮਨਾ ਲਈ, ਪਰ ਸਮੁੱਚੇ ਤੌਰ 'ਤੇ ਇਹ ਦਿਨ ਲੋਕਾਂ ਲਈ ਆਮ ਦਿਨਾਂ ਵਾਂਗ ਹੀ ਗੁਜ਼ਰ ਗਿਆ।
ਕਾਰਲ ਮਾਰਕਸ ਨੇ ਕਿਹਾ ਸੀ ਕਿ ਧਰਮ ਅਫੀਮ ਹੁੰਦੀ ਹੈ। ਜਾਪਦਾ ਹੈ ਕਿ ਸੰਘ ਤੇ ਭਾਜਪਾ ਵੱਲੋਂ ਲੋਕਾਂ ਨੂੰ ਵਰਤਾਈ ਜਾ ਰਹੀ ਅਫ਼ੀਮ ਦਾ ਨਸ਼ਾ ਉਤਰ ਰਿਹਾ ਹੈ। ਅਫੀਮ ਦਾ ਨਸ਼ਾ ਜਦੋਂ ਉਤਰਦਾ ਹੈ, ਫਿਰ ਭੁੱਖ ਬਹੁਤ ਤੇਜ਼ ਲਗਦੀ ਹੈ, ਪਰ ਜਦੋਂ ਆਰਥਿਕ ਤਬਾਹੀ ਨੇ ਦੇਸ਼ ਬਰਬਾਦ ਕਰ ਦਿੱਤਾ ਹੋਵੇ, ਨੌਕਰੀਆਂ ਖੁਸ ਗਈਆਂ ਹੋਣ, ਲੋਕਾਂ ਦੀਆਂ ਜੇਬਾਂ ਖਾਲੀ ਹੋ ਚੁੱਕੀਆਂ ਹੋਣ ਤੇ ਉਪਰੋਂ ਭੁੱਖ ਸਤਾ ਰਹੀ ਹੋਵੇ, ਫਿਰ ਭਲਾ ਦੀਵਾਲੀ ਦੇ ਪਟਾਕੇ ਕਿੱਥੋਂ ਖਰੀਦੇ ਜਾ ਸਕਦੇ ਹਨ।
ਹੈਰਾਨੀ ਤਾਂ ਇਸ ਸਮੇਂ ਇਸ ਗੱਲੋਂ ਹੋ ਰਹੀ ਹੈ ਕਿ ਜਦੋਂ ਵਿਰੋਧੀ ਧਿਰਾਂ ਨੂੰ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਲੈ ਕੇ ਸੜਕਾਂ ਮਲਣੀਆਂ ਚਾਹੀਦੀਆਂ ਸਨ, ਉਹ ਖੁਦ ਭਾਜਪਾ ਦੀਆਂ ਭੈਣਾਂ ਬਣ ਕੇ ਉਸ ਤੋਂ ਅੱਗੇ ਲੰਘਣ ਲਈ ਉਸ ਦੀਆਂ ਪੈੜਾਂ 'ਤੇ ਤੁਰ ਰਹੀਆਂ ਹਨ। ਦੋ ਦਿਨ ਪਹਿਲਾਂ ਇਹ ਖ਼ਬਰ ਆਈ ਸੀ ਕਿ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਪਾਰਟੀ ਦੇ ਬ੍ਰਾਹਮਣ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਇਹ ਫੈਸਲਾ ਕੀਤਾ ਹੈ ਕਿ ਪਾਰਟੀ ਹਰ ਜ਼ਿਲ੍ਹੇ ਵਿੱਚ ਪਰਸੂਰਾਮ ਦੀ ਮੂਰਤੀ ਲਾਵੇਗੀ ਤੇ ਸਭ ਤੋਂ ਉੱਚੀ 108 ਫੁੱਟੀ ਮੂਰਤੀ ਲਖਨਊ ਵਿੱਚ ਲਾਈ ਜਾਵੇਗੀ। ਇਸ ਤੋਂ ਅਗਲੇ ਹੀ ਦਿਨ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਦਾ ਬਿਆਨ ਆ ਗਿਆ ਕਿ ਉਨ੍ਹਾ ਦੀ ਪਾਰਟੀ ਪਰਸੂਰਾਮ ਦੀ ਸਮਾਜਵਾਦੀ ਪਾਰਟੀ ਨਾਲੋਂ ਵੀ ਵੱਡੀ ਮੂਰਤੀ ਲਾਵੇਗੀ। ਬਸਪਾ ਨੇ ਆਪਣੇ ਬਿਆਨ ਵਿੱਚ ਇਸ ਮੂਰਤੀ -ਯੁੱਧ ਅਧੀਨ ਇਹ ਵੀ ਕਹਿ ਦਿੱਤਾ ਹੈ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਬਸਪਾ ਹਰ ਧਰਮ ਤੇ ਜਾਤੀਆਂ ਦੇ ਮਹਾਂਪੁਰਸ਼ਾਂ ਦੀਆਂ ਮੂਰਤੀਆਂ ਸਥਾਪਤ ਕਰੇਗੀ। ਕਾਂਗਰਸ ਪਾਰਟੀ ਪਹਿਲਾਂ ਹੀ ਉੱਤਰ ਪ੍ਰਦੇਸ਼ ਵਿੱਚ ਬ੍ਰਾਹਮਣ ਜਾਤੀ ਦੇ ਆਪਣੇ ਪੁਰਾਣੇ ਜਨ-ਅਧਾਰ ਦੇ ਸਹਾਰੇ ਟਿਕਾਣਾ ਬਣਾਉਣ ਦੀ ਕੋਸ਼ਿਸ਼ ਵਜੋਂ ਬ੍ਰਾਹਮਣ ਸੈੱਲ ਬਣਾ ਕੇ ਨਵਾਂ ਦਾਅ ਖੇਡ ਰਹੀ ਹੈ। ਰਾਮ ਮੰਦਰ ਸਥਾਪਨਾ ਸੰਬੰਧੀ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੇ ਬਿਆਨ ਵੀ ਭਾਜਪਾ ਆਗੂਆਂ ਤੋਂ ਕੋਈ ਵੱਖਰੇ ਨਹੀਂ ਸਨ। ਉਨ੍ਹਾਂ ਨੂੰ ਇੱਕ ਧਰਮ-ਨਿਰਪੱਖ ਲੋਕਤੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇੱਕ ਧਾਰਮਿਕ ਸਥਾਨ ਦਾ ਨੀਂਹ ਪੱਥਰ ਰੱਖਣ ਸੰਬੰਧੀ ਵੀ ਕੋਈ ਬੁਰਾਈ ਨਹੀਂ ਸੀ ਲੱਗੀ। ਉਹ ਇਹ ਵੀ ਭੁੱਲ ਗਏ ਕਿ ਅਜ਼ਾਦੀ ਤੋਂ ਬਾਅਦ ਜਦੋਂ ਸੋਮਨਾਥ ਮੰਦਰ ਦਾ ਨਵੀਨੀਕਰਨ ਕੀਤਾ ਜਾਣਾ ਸੀ ਤਾਂ ਵੇਲੇ ਦੇ ਪ੍ਰਧਾਨ ਮੰਤਰੀ ਉਨ੍ਹਾ ਦੇ ਨਾਨੇ ਪੰਡਤ ਜਵਾਹਰ ਲਾਲ ਨਹਿਰੂ ਨੇ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਨੂੰ ਉਸ ਸਮਾਰੋਹ ਵਿੱਚ ਸ਼ਾਮਲ ਹੋਣੋਂ ਰੋਕਣ ਲਈ ਉਨ੍ਹਾ ਨੂੰ ਬਾਕਾਇਦਾ ਖਤ ਲਿਖਿਆ ਸੀ। ਅਸੀਂ ਪਿਛਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਸਮੇਂ ਰਾਹੁਲ ਗਾਂਧੀ ਵੱਲੋਂ ਜਨੇਊ ਧਾਰਨ ਕਰਕੇ ਮੰਦਰੋਂ-ਮੰਦਰੀ ਜਾਣ ਵਾਲਾ ਨਾਟਕ ਵੀ ਦੇਖ ਚੁੱਕੇ ਹਾਂ।
ਅਸਲ ਵਿੱਚ ਉਪਰੋਕਤ ਸਭ ਵਰਤਾਰੇ ਦੇਸ਼ ਦੇ ਇਨ੍ਹਾਂ ਮੁੱਖ ਵਿਰੋਧੀ ਦਲਾਂ ਦੇ ਵਿਚਾਰਕ ਤੇ ਸਿਧਾਂਤਕ ਦੀਵਾਲੀਆਪਣ ਨੂੰ ਸਾਹਮਣੇ ਲਿਆਉਂਦੇ ਹਨ। ਲੰਮੇ ਸਮੇਂ ਤੋਂ ਕਾਂਗਰਸ ਦੀ ਭੂਮਿਕਾ ਭਾਵੇਂ ਪੂਰੀ ਤਰ੍ਹਾਂ ਧਰਮ-ਨਿਰਪੱਖ ਤਾਂ ਨਹੀਂ ਰਹੀ, ਪਰ ਅਸੀਂ ਇਸ ਨੂੰ ਫਿਰਕਾਪ੍ਰਸਤ ਵੀ ਨਹੀਂ ਕਹਿ ਸਕਦੇ। ਲੱਗਭੱਗ ਇਹੋ ਜਿਹਾ ਚਲਨ ਹੀ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦਾ ਰਿਹਾ ਹੈ। ਪਰ ਹੁਣ ਜਦੋਂ ਸਾਰਾ ਦੇਸ਼ ਮਹਾਂਮਾਰੀ, ਬੇਰੁਜ਼ਗਾਰੀ ਤੇ ਮਹਿੰਗਾਈ ਦੀ ਮਾਰ ਨਾਲ ਹਾਏ-ਤੌਬਾ ਕਰ ਰਿਹਾ ਹੈ ਤਾਂ ਇਹ ਵਿਰੋਧੀ ਪਾਰਟੀਆਂ ਭਾਜਪਾ ਦੀ ਮੰਦਰ-ਮੂਰਤੀ ਦੀ ਰਾਜਨੀਤੀ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਤੁਰ ਪਈਆਂ ਹਨ। ਅਸਲ ਵਿੱਚ ਇਸ ਦਾ ਮੁੱਖ ਕਾਰਨ ਇਹ ਹੈ ਕਿ ਇਹ ਸਾਰੀਆਂ ਪਾਰਟੀਆਂ ਆਰਥਿਕ ਨੀਤੀਆਂ ਦੇ ਮਾਮਲੇ ਵਿੱਚ ਭਾਜਪਾ ਦੀਆਂ ਹੀ ਪਿਛਲੱਗ ਹਨ। ਇਹ ਸਭ ਪਾਰਟੀਆਂ ਨਵ-ਉਦਾਰਵਾਦੀ ਆਰਥਿਕ ਨੀਤੀ ਦੇ ਵਿਰੋਧ ਵਿੱਚ ਲੋਕ ਅੰਦੋਲਨਾਂ ਨੂੰ ਰੋਕਣ ਲਈ ਹਰ ਹੀਲਾ ਵਰਤਦੀਆਂ ਹਨ। ਇਸੇ ਲਈ ਇਹ ਪਾਰਟੀਆਂ ਹੁਣ ਆਰ ਐੱਸ ਐਸ ਦੀ ਵਿਚਾਰਧਾਰਾ ਵਿੱਚੋਂ ਆਪਣਾ ਹਿੱਸਾ ਢੂੰਡ ਰਹੀਆਂ ਹਨ। ਅਜੋਕੇ ਰਾਜਨੀਤਕ ਮਾਹੌਲ ਵਿੱਚ ਇਨ੍ਹਾਂ ਨੂੰ ਵਿਰੋਧੀਆਂ ਪਾਰਟੀਆਂ ਕਹਿਣਾ ਵੀ ਜਾਇਜ਼ ਨਹੀਂ ਹੈ।
ਇਸ ਸਮੇਂ ਭਾਰਤ ਦੇ ਸਿਆਸੀ ਮੰਚ ਉੱਤੇ ਖੱਬੇ-ਪੱਖੀ ਪਾਰਟੀਆਂ, ਕਿਸਾਨ-ਮਜ਼ਦੂਰ ਸੰਗਠਨ ਤੇ ਦਲਿਤ-ਆਦਿਵਾਸੀਆਂ ਦੇ ਦਲ ਹੀ ਅਸਲ ਵਿਰੋਧ ਦੀ ਭੂਮਿਕਾ ਨਿਭਾਅ ਰਹੇ ਹਨ। ਬੇਸ਼ੱਕ ਗੋਦੀ ਮੀਡੀਆ ਇਨ੍ਹਾਂ ਪਾਰਟੀਆਂ ਤੇ ਸੰਗਠਨਾਂ ਦੇ ਸੰਘਰਸ਼ਾਂ ਨੂੰ ਅਣਦੇਖਿਆ ਕਰਦਾ ਆ ਰਿਹਾ ਹੈ, ਪਰ ਇਹ ਲੋਕ ਸਰਕਾਰੀ ਜਬਰ ਦਾ ਮੁਕਾਬਲਾ ਕਰਦਿਆਂ ਵੀ ਆਪਣੀ ਅਵਾਜ਼ ਉਠਾ ਰਹੇ ਹਨ। 9 ਤੇ 10 ਅਗਸਤ ਦੇ ਦੇਸ਼ ਭਰ ਵਿੱਚ ਮਜ਼ਦੂਰਾਂ-ਕਿਸਾਨਾਂ ਦੇ ਰੋਹ ਭਰੇ ਧਰਨੇ-ਮੁਜ਼ਾਹਰੇ ਇਸ ਗੱਲ ਦੇ ਸੂਚਕ ਹਨ ਕਿ ਲੋਕ ਉੱਠ ਰਹੇ ਹਨ ਤੇ ਦੇਸ਼ ਦੇ ਸਿਆਸੀ ਮੰਚ ਉੱਤੇ ਇੱਕ 'ਸੱਚੀ ਆਪੋਜ਼ੀਸ਼ਨ' ਦਸਤਕ ਦੇ ਰਹੀ ਹੈ।
-ਚੰਦ ਫਤਿਹਪੁਰੀ

648 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper