ਝਬਾਲ : ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਸੀ ਪੀ ਆਈ ਨੇ ਕਸਬਾ ਝਬਾਲ, ਹਰੀਕੇ, ਅਲਗੋਂ, ਚੋਹਲਾ ਸਾਹਿਬ ਅਤੇ ਖਡੂਰ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਨਾਇਆ | ਇਸ ਮੌਕੇ ਸੰਬੋਧਨ ਕਰਦਿਆਂ ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬੇ ਨਾਨਕ ਦੇ ਵਿਚਾਰਾਂ ਨੂੰ ਅਮਲੀ ਰੂਪ ਦੇ ਕੇ ਸਮਾਜ ਵਿੱਚੋਂ ਜਾਤ-ਪਾਤ ਅਤੇ ਊਚ-ਨੀਚ ਦੇ ਫ਼ਰਕ ਨੂੰ ਮਿਟਾ ਕੇ ਬਰਾਬਰੀ ਵਾਲਾ ਸਮਾਜ ਬਣਾਉਣ ਲਈ ਇਨਕਲਾਬੀ ਸੰਘਰਸ਼ ਲੜਿਆ | ਦੱਬੇ-ਕੁਚਲੇ ਲੋਕਾਂ ਨੂੰ ਇਹ ਅਹਿਸਾਸ ਦਿਵਾਇਆ ਕਿ ਉਹ ਹੀ ਜ਼ਮੀਨ-ਜਾਇਦਾਦ ਦੇ ਮਾਲਕ ਹਨ ਅਤੇ ਇਹ ਸਮਾਜ ਵੀ ਤੁਹਾਡਾ ਹੈ | ਇਸ ਸਮਾਜ 'ਤੇ ਤੁਹਾਨੂੰ ਗਰਵ ਨਾਲ ਜਿਊਣਾ ਚਾਹੀਦਾ ਹੈ | ਕਿਸੇ ਲੁਟੇਰੇ ਜ਼ਾਲਮ ਸ਼ਾਸਕ ਦੀ ਅਧੀਨਗੀ ਨਹੀਂ ਕਬੂਲਣੀ ਚਾਹੀਦੀ | ਇਨ੍ਹਾਂ ਵਿਚਾਰਾਂ ਨੂੰ ਅਮਲ ਵਿੱਚ ਲਿਆਉਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਾਰਜ ਦੀ ਪੂਰਤੀ ਲਈ ਅਨੇਕ ਲੜਾਈਆਂ ਲੜੀਆਂ | ਇੱਥੋਂ ਤੱਕ ਕਿ ਆਪਣਾ ਸਾਰਾ ਪਰਵਾਰ ਸ਼ਹੀਦ ਕਰਵਾਇਆ | ਇਸੇ ਕਰਕੇ ਹੀ ਇਸ ਮਹਾਨ ਗੁਰੂ ਨੂੰ ਸਰਬੰਸਦਾਨੀ ਕਿਹਾ ਜਾਂਦਾ ਹੈ, ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਗੁਰੂਆਂ ਦੇ ਵਿਚਾਰਾਂ 'ਤੇ ਅੱਜ ਪਹਿਰਾ ਨਹੀਂ ਦਿੱਤਾ ਜਾ ਰਿਹਾ | ਜਾਤ-ਪਾਤ ਦਾ ਵਿਤਕਰਾ ਜਿੱਥੇ ਗੁਰੂ ਜੀ ਨੇ ਖਤਮ ਕਰਨ ਦਾ ਸੰਘਰਸ਼ ਲੜਿਆ ਸੀ, ਉਥੇ ਅੱਜ ਫੇਰ ਸਾਡੇ ਸਮਾਜ ਵਿੱਚ ਜਾਤ-ਪਾਤ ਅਤੇ ਊਚ-ਨੀਚ ਦਾ ਫ਼ਰਕ ਬਹੁਤ ਵਧ ਗਿਆ ਹੈ | ਪਿੰਡਾਂ ਵਿਚ ਜਾਤ, ਧਰਮ, ਨਸਲ ਦੇ ਆਧਾਰ 'ਤੇ ਗੁਰਦੁਆਰੇ, ਮੜ੍ਹੀਆਂ ਅਤੇ ਸਿੱਖਿਆ ਦੇ ਅਦਾਰੇ ਖੁੱਲ੍ਹੇ ਹੋਏ ਹਨ | ਊਚ-ਨੀਚ ਦਾ ਫ਼ਰਕ ਇੱਥੋਂ ਤੱਕ ਪਹੁੰਚ ਗਿਆ ਹੈ ਕਿ ਦੇਸ਼ ਦੀ 90 ਫ਼ੀਸਦੀ ਵਸੋਂ ਗ਼ਰੀਬੀ ਦੀ ਮਾਰ ਝੱਲ ਰਹੀ ਹੈ | ਦੇਸ਼ ਭਰ ਦਾ ਅੰਨਦਾਤਾ ਕਿਸਾਨ ਆਪਣੀ ਰੋਟੀ-ਰੋਜ਼ੀ ਬਚਾਉਣ ਅਤੇ ਰੁਜ਼ਗਾਰ ਵਾਸਤੇ ਦਿੱਲੀ ਦੇ ਬਾਰਡਰ 'ਤੇ ਜ਼ਿੰਦਗੀ-ਮੌਤ ਦਾ ਸੰਘਰਸ਼ ਲੜ ਰਿਹਾ ਹੈ | ਸਾਡਾ ਫਰਜ਼ ਬਣਦਾ ਹੈ ਕਿ ਆਪਣੇ ਮਹਾਨ ਗੁਰੂਆਂ ਦੇ ਵਿਚਾਰਾਂ ਦਾ ਸਮਾਜ ਸਿਰਜਿਆ ਜਾਵੇ | ਇਸ ਮੌਕੇ ਸੀ ਪੀ ਆਈ ਦੇ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ, ਪੰਜਾਬ ਇਸਤਰੀ ਸਭਾ ਦੀ ਤਰਨ ਤਾਰਨ ਜ਼ਿਲ੍ਹੇ ਦੀ ਪ੍ਰਧਾਨ ਸੀਮਾ ਸੋਹਲ, ਗੁਰਬਿੰਦਰ ਸੋਹਲ, ਜਗਤਾਰ ਸਿੰਘ ਜੱਗਾ, ਅਰਵਿੰਦ ਗੁਪਤਾ, ਬਿੱਲਾ ਖੂਹ ਵਾਲਾ, ਕੰਵਲਜੀਤ ਸਿੰਘ ਢਿੱਲੋਂ, ਮਲਕੀਅਤ ਸਿੰਘ ਬਘਾੜੀ, ਅਰਸ਼ਦੀਪ ਸਿੰਘ, ਅਮਰਜੀਤ ਸਿੰਘ ਪੱਧਰੀ, ਜਸਪਾਲ ਦੋਦੇ, ਬਲਵਿੰਦਰ ਕੌਰ, ਪੂਜਾ, ਤਰਸੇਮ, ਗੁਰਸ਼ਰਨ ਸਿੰਘ ਬਾਬਾ ਤੇ ਰਘਬੀਰ ਸਿੰਘ ਸੇਠੀ ਹਾਜ਼ਰ ਸਨ |