Latest News
ਪਿਆਰ ਫਿਰ ਜਿੱਤਿਆ

Published on 20 Jan, 2021 10:40 AM.


ਜਦੋਂ ਕਿ ਇਕ ਤੋਂ ਬਾਅਦ ਦੂਜੀ ਭਾਜਪਾਈ ਸੂਬਾ ਸਰਕਾਰ ਲਵ ਜਿਹਾਦ ਦੇ ਨਾਂਅ 'ਤੇ ਧਰਮ ਪਰਿਵਰਤਨ ਖਿਲਾਫ ਆਰਡੀਨੈਂਸ ਜਾਰੀ ਕਰਕੇ ਇਕ ਘੱਟਗਿਣਤੀ ਭਾਈਚਾਰੇ ਦੇ ਪਿੱਛੇ ਪਈ ਹੋਈ ਹੈ | ਉਦੋਂ ਕੁਝ ਹਾਈਕੋਰਟਾਂ ਦੇ ਫਾਜ਼ਲ ਜੱਜ ਅਜਿਹੇ ਫੈਸਲੇ ਦੇ ਰਹੇ ਹਨ, ਜਿਸ ਨਾਲ ਅੰਤਰ-ਭਾਈਚਾਰਕ ਵਿਆਹ ਦੇ ਹਮਾਇਤੀਆਂ ਨੂੰ ਬਲ ਮਿਲਦਾ ਹੈ | ਤਾਜ਼ਾ ਮਿਸਾਲ ਬੰਬੇ ਹਾਈਕੋਰਟ ਦੇ ਫੈਸਲੇ ਦੀ ਹੈ, ਜਿਸ ਵਿਚ ਉਸ ਨੇ ਕਿਹਾ ਹੈ ਕਿ ਬਾਲਗ ਕੁੜੀ ਆਪਣੀ ਪਸੰਦ ਦੇ ਮੁੰਡੇ ਨਾਲ ਰਹਿ ਸਕਦੀ ਹੈ | ਦਰਅਸਲ ਐੱਮ ਬੀ ਏ ਦੇ ਇਕ ਵਿਦਿਆਰਥੀ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਹ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਹੈ, ਪਰ ਉਸ ਦੇ ਪਰਵਾਰ ਵਾਲੇ ਇਸ ਦੇ ਖਿਲਾਫ ਹਨ, ਕਿਉਂਕਿ ਦੋਹਾਂ ਦੇ ਧਰਮ ਵੱਖਰੇ-ਵੱਖਰੇ ਹਨ | ਪਰਵਾਰ ਨੇ ਕੁੜੀ ਨੂੰ ਜਬਰੀ ਆਪਣੇ ਕੋਲ ਰੱਖਿਆ ਹੋਇਆ ਹੈ | ਹਾਈਕੋਰਟ ਦੇ ਜਸਟਿਸ ਐੱਸ ਐੱਸ ਸ਼ਿੰਦੇ ਤੇ ਜਸਟਿਸ ਮਨੀਸ਼ ਪਿਤਲੇ ਦੀ ਬੈਂਚ ਨੇ ਦਲੀਲਾਂ ਸੁਣਨ ਤੋਂ ਬਾਅਦ ਹੁਕਮ ਦਿੱਤਾ ਕਿ ਕੁੜੀ 23 ਸਾਲ ਦੀ ਹੈ ਤੇ ਆਪਣੀ ਇੱਛਾ ਮੁਤਾਬਕ ਕਿਸੇ ਨਾਲ ਵੀ ਵਿਆਹ ਕਰਨ ਲਈ ਆਜ਼ਾਦ ਹੈ | ਕੁੜੀ ਦੇ ਮਾਂ-ਬਾਪ ਉਸ ਦੀ ਆਜ਼ਾਦੀ 'ਤੇ ਰੋਕ ਨਹੀਂ ਲਾ ਸਕਦੇ | ਮੁੰਡੇ ਦੇ ਵਕੀਲ ਨੇ ਕਿਹਾ ਸੀ ਕਿ ਮੁੰਡੇ ਤੇ ਕੁੜੀ ਵਿਚਾਲੇ ਲੱਗਭੱਗ ਪੰਜ ਸਾਲ ਤੋਂ ਸੰਬੰਧ ਹਨ ਅਤੇ ਐੱਮ ਬੀ ਏ ਖਤਮ ਕਰਨ ਤੋਂ ਬਾਅਦ ਦੋਹਾਂ ਦੀ ਵਿਆਹ ਕਰਾਉਣ ਦੀ ਯੋਜਨਾ ਸੀ, ਪਰ ਕੁੜੀ ਦੇ ਮਾਂ-ਬਾਪ ਹੁਣ ਦੋਹਾਂ ਵਿਚਾਲੇ ਸੰਪਰਕ ਨਹੀਂ ਹੋਣ ਦੇ ਰਹੇ | ਮੁੰਡੇ ਨੇ 16 ਦਸੰਬਰ 2020 ਨੂੰ ਮੁੰਬਈ ਪੁਲਸ ਨੂੰ ਵੀ ਇਸ ਬਾਰੇ ਦੱਸਿਆ ਸੀ ਤੇ ਮਦਦ ਮੰਗੀ ਸੀ | ਹਾਈਕੋਰਟ ਦੀ ਹਦਾਇਤ 'ਤੇ ਪੁਲਸ ਨੇ ਜਦੋਂ ਮੰਗਲਵਾਰ ਕੁੜੀ ਨੂੰ ਅਦਾਲਤ ਵਿਚ ਪੇਸ਼ ਕੀਤਾ ਤਾਂ ਫਾਜ਼ਲ ਜੱਜਾਂ ਨੇ ਉਸ ਨਾਲ ਗੱਲਬਾਤ ਕੀਤੀ | ਉਨ੍ਹਾਂ ਨੂੰ ਤਸੱਲੀ ਹੋ ਗਈ ਕਿ ਮੁੰਡਾ-ਕੁੜੀ ਗ੍ਰੈਜੂਏਟ ਹਨ ਤੇ ਉਨ੍ਹਾਂ ਵਿਚਾਲੇ ਰਿਸ਼ਤਾ ਹੈ | ਕੁੜੀ ਦੇ ਮਾਂ-ਬਾਪ ਵੀ ਅਦਾਲਤ ਵਿਚ ਮੌਜੂਦ ਸਨ | ਉਹ ਕੁੜੀ ਦੀ ਉਮਰ ਬਾਰੇ ਤਾਂ ਕੁਝ ਨਹੀਂ ਬੋਲੇ, ਪਰ ਕੁੜੀ ਦੀ ਮੰੁਡੇ ਨਾਲ ਰਹਿਣ ਦੀ ਇੱਛਾ ਉੱਤੇ ਚੁੱਪ ਰਹੇ | ਇਸ ਤੋਂ ਬਾਅਦ ਅਦਾਲਤ ਨੇ ਠਾਣੇ ਦੀ ਪੁਲਸ ਨੂੰ ਹੁਕਮ ਦਿੱਤਾ ਕਿ ਕੁੜੀ ਜਿੱਥੇ ਜਾਣਾ ਚਾਹੁੰਦੀ ਹੈ, ਉਹ ਉਸ ਨੂੰ ਉਥੇ ਆਪਣੀ ਸੁਰੱਖਿਆ ਵਿਚ ਸੁਰੱਖਿਅਤ ਪਹੁੰਚਾਏ |
ਅੰਤਰਜਾਤੀ ਤੇ ਅੰਤਰ-ਧਰਮ ਰਿਸ਼ਤਿਆਂ ਦੇ ਮਾਮਲੇ ਅਦਾਲਤਾਂ ਵਿਚ ਅਕਸਰ ਆਉਂਦੇ ਰਹਿੰਦੇ ਹਨ ਤੇ ਅਦਾਲਤਾਂ ਆਮ ਤੌਰ 'ਤੇ ਪਿਆਰ ਕਰਨ ਵਾਲੇ ਕੁੜੀ-ਮੰੁਡੇ ਦੇ ਹੱਕ ਵਿਚ ਹੀ ਫੈਸਲੇ ਸੁਣਾਉਂਦੀਆਂ ਹਨ, ਪਰ ਅਫਸੋਸ ਦੀ ਗੱਲ ਹੈ ਕਿ ਪੁਲਸ ਆਪਣਾ ਬਣਦਾ ਰੋਲ ਨਹੀਂ ਨਿਭਾਉਂਦੀ | ਇਹ ਤਾਂ ਪੁਲਸ ਵੀ ਪਤਾ ਲਾ ਸਕਦੀ ਸੀ ਕਿ ਕੁੜੀ ਬਾਲਗ ਹੈ ਕਿ ਨਹੀਂ | ਉਹ ਖੁਦ ਕੁੜੀ ਦੇ ਮਾਂ-ਬਾਪ ਨੂੰ ਮਨਾਉਣ ਦੀ ਕੋਸ਼ਿਸ਼ ਕਰ ਸਕਦੀ ਸੀ | ਪੁਲਸ ਦਾ ਕੰਮ ਤਾਂ ਇਹੀ ਹੈ ਕਿ ਮਾਮਲਿਆਂ ਨੂੰ ਆਪਸੀ ਗੱਲਬਾਤ ਨਾਲ ਹੱਲ ਕਰਵਾਏ ਤਾਂ ਕਿ ਲੋਕ ਅਦਾਲਤਾਂ ਵਿਚ ਖੱਜਲ-ਖੁਆਰ ਨਾ ਹੋਣ, ਪਰ ਲਗਦਾ ਹੈ ਕਿ ਪੁਲਸ ਨੇ ਆਪਣਾ ਇਹ ਰੋਲ ਪੂਰੀ ਤਰ੍ਹਾਂ ਭੁਲਾ ਦਿੱਤਾ ਹੈ | ਇਸੇ ਕਰਕੇ ਨਿੱਕੇ-ਨਿੱਕੇ ਮਾਮਲੇ ਅਦਾਲਤਾਂ ਵਿਚ ਪਹੁੰਚ ਰਹੇ ਹਨ | ਘੱਟੋ-ਘੱਟ ਬਾਲਗ ਕੁੜੀ-ਮੁੰਡੇ ਦੀ ਆਜ਼ਾਦੀ ਬਾਰੇ ਤਾਂ ਸਪੱਸ਼ਟ ਹੈ ਕਿ ਕਾਨੂੰਨ ਉਨ੍ਹਾਂ ਦੇ ਹੱਕ ਵਿਚ ਬੋਲਦਾ ਹੈ | ਜਦੋਂ ਤੋਂ ਸੂਬਿਆਂ ਵਿਚ ਭਾਜਪਾ ਸਰਕਾਰਾਂ ਆਈਆਂ ਹਨ, ਅੰਤਰ-ਧਰਮ ਰਿਸ਼ਤਿਆਂ ਦੇ ਖਿਲਾਫ ਇਕ ਮੁਹਿੰਮ ਹੀ ਚੱਲੀ ਹੋਈ ਹੈ | ਪੁਲਸ ਦਾ ਰਵੱਈਆ ਮੁੰਡੇ ਤੇ ਉਸ ਦੇ ਪਰਵਾਰ ਨੂੰ ਤੰਗ ਕਰਨ ਦਾ ਹੀ ਰਹਿੰਦਾ ਹੈ | ਯੂ ਪੀ ਤੋਂ ਤਾਂ ਅਜਿਹੀਆਂ ਖਬਰਾਂ ਰੋਜ਼ ਹੀ ਪੜ੍ਹਨ ਨੂੰ ਮਿਲ ਰਹੀਆਂ ਹਨ | ਚੰਗਾ ਹੋਵੇਗਾ ਕਿ ਅਦਾਲਤਾਂ ਅਜਿਹੇ ਮਾਮਲਿਆਂ ਦਾ ਹਾਂ-ਪੱਖੀ ਹੱਲ ਕਰਦਿਆਂ ਪੁਲਸ ਦੀ ਵੀ ਖਿਚਾਈ ਕਰਨ ਤਾਂ ਕਿ ਰਿਸ਼ਤਿਆਂ ਦੀ ਆਜ਼ਾਦੀ ਉੱਤੇ ਡਾਕੇ ਨਾ ਵੱਜਣ |

867 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper