Latest News
ਕਿਸਾਨ ਅੰਦੋਲਨ ਨੇ ਸਾਰੇ ਦੇਸ਼ ਨੂੰ ਕਲਾਵੇ 'ਚ ਲਿਆ : ਭਦੌੜ

Published on 07 Mar, 2021 09:35 AM.


ਸਿੰਘੂ ਬਾਰਡਰ (ਦਿੱਲੀ) (ਗਿਆਨ ਸੈਦਪੁਰੀ)
ਐਤਵਾਰ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਇੱਕ ਜਥਾ ਸੂਬਾ ਮੁਖੀ ਮਾਸਟਰ ਰਜਿੰਦਰ ਭਦੌੜ ਦੀ ਅਗਵਾਈ ਵਿੱਚ ਤਰਕਸ਼ੀਲ ਵੈਨ ਲੈ ਕੇ ਸਿੰਘੂ ਬਾਰਡਰ ਪੁੱਜਾ | ਸੁਸਾਇਟੀ ਵੱਲੋਂ 'ਖੇਤੀ ਕਾਨੂੰਨ-ਸੰਘਰਸ਼ ਤੇ ਵਿਗਿਆਨਕ ਚੇਤਨਾ' ਨਾਂਅ ਦੀ ਕਿਤਾਬ ਮੋਰਚੇ ਵਿੱਚ ਬੈਠੇ ਕਿਸਾਨਾਂ ਨੂੰ ਵੰਡੀ ਗਈ | ਤਰਕਸ਼ੀਲ ਕਾਫਲੇ ਨੇ ਰੋਹ ਭਰਪੂਰ ਨਾਹਰੇ ਲਾਉਂਦਿਆਂ ਮੋਰਚੇ ਵਿੱਚ ਮਾਰਚ ਕੱਢਿਆ | ਮਾਰਚ ਨੂੰ ਕਿਸਾਨਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ |
ਮਾਰਚ ਉਪਰੰਤ ਤਰਕਸ਼ੀਲ ਕਾਰਕੁਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੱਗੇ ਵਿਸ਼ਾਲ ਪੰਡਾਲ ਵਿੱਚ ਸ਼ਾਮਲ ਹੋਏ | ਇੱਥੇ ਮਾਸਟਰ ਰਜਿੰਦਰ ਭਦੌੜ ਨੇ ਸੰਬੋਧਨ ਕੀਤਾ | ਉਨ੍ਹਾ ਕਿਸਾਨ ਮੋਰਚੇ ਦੇ ਚਾਲਕ ਆਗੂਆਂ ਅਤੇ ਕਿਸਾਨਾਂ ਦੇ ਜਜ਼ਬੇ, ਸਮਰਪਣ ਅਤੇ ਸਬਰ ਨੂੰ ਸਲਾਮ ਕਰਦਿਆਂ ਕਿਹਾ ਕਿ ਪੰਜਾਬ ਤੋਂ ਸ਼ੁਰੂ ਹੋਏ ਸੰਘਰਸ਼ ਨੇ ਹੁਣ ਸਾਰੇ ਮੁਲਕ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ | ਹੁਣ ਤੱਕ ਇਸ ਸੰਘਰਸ਼ ਨੇ ਮਹੱਤਵਪੂਰਨ ਪ੍ਰਾਪਤੀਆਂ ਕਰ ਲਈਆਂ ਹਨ | ਜਿੰਨੀ ਵੱਡੀ ਗਿਣਤੀ ਵਿੱਚ ਇਸ ਅੰਦੋਲਨ ਵਿੱਚ ਔਰਤਾਂ ਨੇ ਹਿੱਸਾ ਲਿਆ ਹੈ, ਇਤਹਾਸ ਵਿੱਚ ਪਹਿਲਾਂ ਇੰਜ ਕਦੇ ਨਹੀ ਹੋਇਆ | ਇਸ ਸੰਘਰਸ਼ ਦੀ ਇਹ ਵੀ ਪ੍ਰਾਪਤੀ ਹੈ ਕਿ ਹਰਿਆਣਾ ਤੇ ਪੰਜਾਬ ਦਾ ਭਾਈਚਾਰਾ ਮਜ਼ਬੂਤ ਹੋਇਆ ਹੈ | ਦੋਵੇਂ ਸੂਬਿਆਂ ਦੇ ਕਿਰਤੀ ਸਮਝ ਗਏ ਹਨ ਕਿ ਸਿਆਸੀ ਆਗੂ ਵੋਟਾਂ ਖਾਤਰ ਲੜਾਉਂਦੇ ਰਹੇ ਹਨ | ਉਹਨਾ ਕਿਹਾ ਕਿ ਇਹ ਅੰਦੋਲਨ ਹੁਣ ਸਿਰਫ ਖੇਤੀ ਕਨੂੰਨ ਰੱਦ ਕਰਨ ਤੱਕ ਮਹਿਦੂਦ ਨਹੀਂ ਰਿਹਾ, ਸਗੋਂ ਕਿਸਾਨ ਮੁਕਤੀ ਦਾ ਅੰਦੋਲਨ ਬਣ ਗਿਆ ਹੈ |
ਉਨ੍ਹਾ ਦੱਸਿਆ ਕਿ ਉਹ ਲੋਕਾਂ 'ਚ ਜਾਗਰਤੀ ਲਿਆਉਣ ਲਈ 4 ਲੱਖ ਰੁਪਏ ਦੀ ਕੀਮਤ ਦੀਆਂ ਕਿਤਾਬਾਂ ਲੈ ਕੇ ਆਏ ਹਨ | ਪਹਿਲਾਂ ਉਹ 6 ਲੱਖ ਦੀਆਂ ਕਿਤਾਬਾਂ ਵੰਡ ਕੇ ਗਏ ਸਨ | ਇਹ ਕਿਤਾਬਾਂ ਮੁਫਤ ਵੰਡੀਆਂ ਗਈਆਂ ਹਨ |
ਇਹ ਕਿਤਾਬਾਂ ਦੱਸਣਗੀਆਂ ਕਿ ਕਾਰਪੋਰੇਟ ਘਰਾਣੇ ਕਿਸ ਤਰਾਂ ਲੋਕਾਈ ਦੀ ਲੁੱੱਟ ਕਰ ਰਹੇ ਹਨ | ਕਿਤਾਬਾਂ ਇਹ ਦੱਸਣਗੀਆਂ ਕਿ ਸਾਡੀ ਕਿਸਮਤ ਨਹੀਂ ਮਾੜੀ, ਸਗੋਂ ਹਾਕਮਾਂ ਦੀ ਨੀਤ ਮਾੜੀ ਹੈ | ਆਉਣ ਵਾਲੇ ਸਮੇਂ ਵਿੱਚ ਸੁਸਾਇਟੀ ਹੋਰ ਕਿਤਾਬਾਂ ਲੈ ਕੇ ਮੋਰਚੇ ਵਿੱਚ ਸ਼ਾਮਲ ਹੋਵੇਗੀ | ਤਰਕਸ਼ੀਲ ਕਾਫਲੇ ਵਿੱਚ ਰਾਮ ਸਵਰਨ ਲੱਖੇਵਾਲੀ, ਜੋਗਿੰਦਰ ਕੁੱਲੇਵਾਲ, ਸੁਖਵਿੰਦਰ ਬਾਗਪੁਰ, ਰਾਮ ਕੁਮਾਰ ਪਟਿਆਲਾ, ਸੁਖਦੇਵ ਫਗਵਾੜਾ, ਬਿੱਟੂ ਰੂਪੇਵਾਲੀ, ਅਵਤਾਰ ਦੀਪ ਤੇ ਗੁਰਪ੍ਰੀਤ ਸ਼ਹਿਣਾ ਆਦਿ ਸ਼ਾਮਲ ਸਨ |

247 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper