Latest News
ਕਾਮਰੇਡ ਅੰਮਿ੍ਤ ਲਾਲ ਨੂੰ ਅੰਤਿਮ ਵਿਦਾਇਗੀ

Published on 08 May, 2021 09:51 AM.


ਜਲੰਧਰ : ਬੈਂਕ ਮੁਲਾਜ਼ਮਾਂ ਦੇ ਕੌਮੀ ਆਗੂ ਕਾਮਰੇਡ ਅੰਮਿ੍ਤ ਲਾਲ ਦਾ ਅੱਜ ਮਾਡਲ ਟਾਊਨ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ | ਉਹ ਕੁਝ ਸਮੇਂ ਤੋਂ ਕੋਰੋਨਾ ਤੋਂ ਪੀੜਤ ਸਨ | ਕੁਝ ਦਿਨ ਦੇ ਇਲਾਜ ਤੋਂ ਬਾਅਦ ਉਨ੍ਹਾ ਕੋਰੋਨਾ ਨੂੰ ਮਾਤ ਦੇ ਦਿੱਤੀ ਸੀ, ਪਰ ਫੇਫੜਿਆਂ ਦਾ ਏਨਾ ਨੁਕਸਾਨ ਹੋ ਗਿਆ, ਜਿਹੜਾ ਜਾਨਲੇਵਾ ਸਾਬਤ ਹੋਇਆ ਤੇ 7 ਮਈ ਨੂੰ ਉਨ੍ਹਾ ਦਾ ਦੇਹਾਂਤ ਹੋ ਗਿਆ | ਉਨ੍ਹਾ ਦੇ ਸਸਕਾਰ ਮੌਕੇ ਉੱਘੇ ਪੱਤਰਕਾਰ ਜਤਿੰਦਰ ਪਨੂੰ, ਨਵਾਂ ਜ਼ਮਾਨਾ ਦੇ ਸੰਪਾਦਕ ਚੰਦ ਫਤਿਹਪੁਰੀ, ਕਾਮਰੇਡ ਰਵਿੰਦਰ ਠਾਕੁਰ ਡਿਪਟੀ ਜਨਰਲ ਸਕੱਤਰ, ਕਾਮਰੇਡ ਕੰਵਰਜੀਤ ਸਿੰਘ ਕਾਕਾ ਡਿਪਟੀ ਜਨਰਲ ਸਕੱਤਰ (ਨਾਰਥ ਜ਼ੋਨ), ਕਾਮਰੇਡ ਆਰ ਐੱਸ ਭੱਟੀ ਵਾਈਸ ਪ੍ਰੈਜ਼ੀਡੈਂਟ ਬੈਂਕ ਆਫ਼ ਬੜੌਦਾ ਇੰਪਲਾਈਜ਼ ਯੂਨੀਅਨ ਨਾਰਥ ਜ਼ੋਨ, ਕਾਮਰੇਡ ਬੀ ਸੀ ਜੋਸ਼ੀ ਖਜ਼ਾਨਚੀ, ਕਾਮਰੇਡ ਉਗਰ ਸੈਨ ਤੇ ਕਾਮਰੇਡ ਜੁਗਿੰਦਰ ਪਾਲ ਅਰੋੜਾ ਹਾਜ਼ਰ ਸਨ | ਕਾਮਰੇਡ ਅੰਮਿ੍ਤ ਲਾਲ ਦਾ ਸਾਰਾ ਜੀਵਨ ਸੰਘਰਸ਼ਾਂ ਭਰਿਆ ਸੀ | ਉਨ੍ਹਾ 1969 ਵਿੱਚ ਬੀ ਐੱਸ ਐੱਫ਼ ਵਿੱਚ ਭਰਤੀ ਹੋ ਕੇ '71 ਦੀ ਹਿੰਦ-ਪਾਕਿ ਜੰਗ ਵਿੱਚ ਹਿੱਸਾ ਲਿਆ ਸੀ | 1974 ਵਿੱਚ ਉਨ੍ਹਾ ਬੀ ਐੱਸ ਐੱਫ਼ ਦੀ ਸੇਵਾ ਛੱਡ ਕੇ ਦੋਆਬਾ ਕਾਲਜ ਤੋਂ ਉੱਚ ਵਿੱਦਿਆ ਪ੍ਰਾਪਤ ਕੀਤੀ ਤੇ 1976 ਵਿੱਚ ਬੈਂਕ ਆਫ਼ ਬੜੌਦਾ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ | ਇਸ ਉਪਰੰਤ ਬੈਂਕ ਮੁਲਾਜ਼ਮਾਂ ਦੀ ਜਥੇਬੰਦੀ ਵਿੱਚ ਕੰਮ ਕਰਦਿਆਂ ਜਥੇਬੰਦੀ ਦੇ ਸਿਰਮੌਰ ਆਗੂ ਬਣ ਗਏ | 2010 ਵਿੱਚ ਸੇਵਾ-ਮੁਕਤ ਹੋਣ ਤੋਂ ਬਾਅਦ ਉਨ੍ਹਾ ਨੇ ਆਪਣੇ ਕੰਮ ਦਾ ਘੇਰਾ ਹੋਰ ਵਿਸ਼ਾਲ ਕਰ ਦਿੱਤਾ | ਉਹ ਬੈਂਕ ਮੁਲਾਜ਼ਮਾਂ ਦੇ ਤਾਂ ਆਗੂ ਸਨ ਹੀ, ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਕੌਂਸਲ ਦੇ ਮੈਂਬਰ ਤੇ ਨਵਾਂ ਜ਼ਮਾਨਾ ਟਰੱਸਟ ਦੇ ਮੀਤ ਪ੍ਰਧਾਨ ਦੇ ਤੌਰ 'ਤੇ ਵੀ ਆਪਣੇ ਫਰਜ਼ ਨਿਭਾਉਂਦੇ ਰਹੇ | ਉਹ ਵਧੀਆ ਲਿਖਾਰੀ ਵੀ ਸਨ ਤੇ ਨਵਾਂ ਜ਼ਮਾਨਾ ਲਈ ਲਗਾਤਾਰ ਲਿਖਦੇ ਰਹਿੰਦੇ ਸਨ | ਉਹ ਆਪਣੇ ਪਿੱਛੇ ਪਤਨੀ ਤੇ ਬੇਟੀ ਛੱਡ ਗਏ ਹਨ | ਬੈਂਕ ਮੁਲਾਜ਼ਮਾਂ ਦੇ ਕੌਮੀ ਆਗੂ ਕਾਮਰੇਡ ਅੰਮਿ੍ਤ ਲਾਲ ਦੇ ਕੋਰੋਨਾ ਵਾਇਰਸ ਕਾਰਨ ਸਦੀਵੀ ਵਿਛੋੜਾ ਦੇਣ ਜਾਣ 'ਤੇ ਤਰਕਸ਼ੀਲ ਸੁਸਾਇਟੀ ਜਲੰਧਰ ਵੱਲੋਂ ਮੀਡੀਆ ਇੰਚਾਰਜ ਵਿਸ਼ਵਾ ਮਿੱਤਰ ਬੰਮੀ ਦੀ ਪ੍ਰਧਾਨਗੀ ਹੇਠ ਕੀਤੀ ਮੀਟਿੰਗ 'ਚ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ | ਉਹਨਾ ਕਿਹਾ ਕਿ ਕੋਰੋਨਾ ਦੀ ਆੜ ਵਿਚ ਜਦੋਂ ਕੇਂਦਰ ਸਰਕਾਰ ਅਤੇ ਉਸ ਦੀ ਪਾਰਟੀ ਦੀਆਂ ਸੂਬਾਈ ਸਰਕਾਰਾਂ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕੀ ਘੋਲਾਂ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਵਿਚ ਹਨ, ਉਦੋਂ ਕਾਮਰੇਡ ਅੰਮਿ੍ਤ ਲਾਲ ਵਰਗਿਆਂ ਦੀ ਜ਼ਿਆਦਾ ਲੋੜ ਸੀ | ਅਸੀਂ ਦੁੱਖ ਨੂੰ ਰੋਹ ਵਿਚ ਬਦਲਦੇ ਹੋਏ ਆਪਣੇ ਹੱਕੀ ਘੋਲਾਂ ਨੂੰ ਹੋਰ ਤੇਜ਼ ਕਰਾਂਗੇ, ਇਹੋ ਉਹਨਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ |

147 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper