Latest News
ਕਿਸਾਨ ਜਥੇਬੰਦੀਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਰਲਵਾਂ-ਮਿਲਵਾਂ ਹੁੰਗਾਰਾ

Published on 08 May, 2021 09:55 AM.


ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਨਾਂਅ ਹੇਠ ਲਾਈਆਂ ਪਾਬੰਦੀਆਂ ਖ਼ਿਲਾਫ਼ ਕੀਤੇ ਵਿਰੋਧ ਪ੍ਰਦਰਸ਼ਨਾਂ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ | ਕਿਸਾਨ ਜਥੇਬੰਦੀਆਂ ਵੱਲੋਂ ਵਪਾਰੀਆਂ, ਦੁਕਾਨਦਾਰਾਂ ਅਤੇ ਮਜ਼ਦੂਰਾਂ ਨਾਲ ਇੱਕਜੁੱਟਤਾ ਪ੍ਰਗਟਾਉਂਦਿਆਂ ਸ਼ਹਿਰਾਂ ਦੇ ਬਜ਼ਾਰਾਂ ਅਤੇ ਪਿੰਡਾਂ 'ਚ ਵਿਰੋਧ ਮਾਰਚ ਕੱਢੇ ਗਏ ਅਤੇ ਦੁਕਾਨਾਂ ਖੋਲ੍ਹਣ ਦਾ ਸੱਦਾ ਦਿੱਤਾ ਗਿਆ | ਵਿਰੋਧ ਪ੍ਰਦਰਸ਼ਨਾਂ ਨੂੰ ਮਾਲਵੇ 'ਚ ਵੱਡਾ ਹੁੰਗਾਰਾ ਮਿਲਿਆ | ਮੋਗਾ, ਬਰਨਾਲਾ, ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਲੁਧਿਆਣਾ, ਜਲੰਧਰ, ਫਰੀਦਕੋਟ, ਫਿਰੋਜ਼ਪੁਰ ਜ਼ਿਲਿ੍ਹਆਂ ਸਮੇਤ ਪੰਜਾਬ ਭਰ 'ਚ ਕਰੀਬ 120 ਥਾਵਾਂ 'ਤੇ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪਾਬੰਦੀਆਂ 'ਚ ਭੁੱਖ ਨਾਲ ਮਰਨ ਨਾਲੋਂ ਸੰਘਰਸ਼ ਕਰਦਿਆਂ ਮਰਨਾ ਕਿਤੇ ਚੰਗਾ ਹੈ | ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਲੋਕਾਂ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਦੇਣ 'ਚ ਨਾਕਾਮਯਾਬ ਰਹੀਆਂ ਹਨ, ਆਕਸੀਜਨ ਅਤੇ ਵੈਂਟੀਲੇਟਰਾਂ ਦਾ ਪ੍ਰਬੰਧ ਕਰਨ 'ਚ ਸਰਕਾਰਾਂ ਨਾਕਾਮਯਾਬ ਰਹੀਆਂ ਹਨ, ਜਦੋਂਕਿ ਕੋਰੋਨਾ ਦੇ ਵਧਦੇ ਕੇਸਾਂ ਦਾ ਠੀਕਰਾ ਆਮ ਲੋਕਾਂ ਸਿਰ ਮੜਿ੍ਹਆ ਜਾ ਰਿਹਾ ਹੈ |
ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਇੱਕ ਵਰ੍ਹੇ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਨੇ ਕੋਰੋਨਾ ਤੋਂ ਬਚਾਅ ਲਈ ਸਿਹਤ ਸਹੂਲਤਾਂ 'ਚ ਕਿਹੋ ਜਿਹਾ ਵਾਧਾ ਕੀਤਾ ਹੈ, ਉਹ ਲੁਕਵਾਂ ਨਹੀਂ ਹੈ, ਸਰਕਾਰਾਂ ਦੀਆਂ ਨਲਾਇਕੀਆਂ ਦਾ ਪਰਦਾਫਾਸ਼ ਹੋ ਚੁੱਕਾ ਹੈ |
ਕਿਸਾਨ ਆਗੂਆਂ ਨੇ ਕਿਹਾ ਕਿ ਉਹ ਜਬਰੀ ਠੋਸੀਆਂ ਜਾਣ ਵਾਲੀਆਂ ਪਾਬੰਦੀਆਂ ਖ਼ਿਲਾਫ਼ ਹਰ ਵਰਗ ਨਾਲ ਖੜ੍ਹੇ ਹਨ, ਪਰ ਜ਼ਰੂਰਤ ਹੈ ਕਿ ਸਾਰੇ ਵਰਗ ਆਪਣੀ ਭੂਮਿਕਾ ਦੀ ਪਛਾਣ ਕਰਨ | ਕਿਸਾਨ ਆਗੂਆਂ ਨੇ ਕਿਹਾ ਕਿ ਚਲਾਨ ਕੱਟਦਿਆਂ ਲੋਕਾਂ ਦੀਆਂ ਜੇਬਾਂ ਖਾਲੀ ਕਰਵਾਈਆਂ ਜਾ ਰਹੀਆਂ ਹਨ, ਜਦੋਂਕਿ ਕੇਂਦਰ ਸਰਕਾਰ ਦੀਆਂ ਜੀ ਐੱਸ ਟੀ, ਨੋਟਬੰਦੀ ਜਿਹੇ ਮਾਰੂ ਫੈਸਲਿਆਂ ਕਾਰਨ ਲੋਕ ਪਹਿਲਾਂ ਹੀ ਤੰਗੀਆਂ-ਤੁਰਸ਼ੀਆਂ 'ਚੋਂ ਲੰਘ ਰਹੇ ਹਨ | ਆਗੂਆਂ ਨੇ ਕਿਹਾ ਕਿ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੀਆਂ ਸਰਕਾਰਾਂ ਦਾ ਚਲਾਨ ਕੱਟਣ ਲਈ ਸੰਘਰਸ਼ਾਂ ਨੂੰ ਹੋਰ ਤੇਜ਼, ਜਥੇਬੰਦ ਅਤੇ ਇੱਕਜੁੱਟ ਕਰਨ ਦੀ ਲੋੜ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕੋਰੋਨਾ ਬਿਮਾਰੀ ਤੋਂ ਬਚਾਅ ਲਈ ਡਾਕਟਰਾਂ, ਦਵਾਈਆਂ, ਹਸਪਤਾਲਾਂ ਦਾ ਪ੍ਰਬੰਧ ਕਰਨ ਦੀ ਥਾਂ ਲੋਕਾਂ ਨੂੰ ਜਬਰੀ ਘਰਾਂ ਵਿੱਚ ਕੈਦ ਕਰ ਰਹੀ ਹੈ | ਦੁਕਾਨਦਾਰਾਂ ਦੀਆਂ ਦੁਕਾਨਾਂ ਜਬਰੀ ਬੰਦ ਕਰਵਾ ਰਹੀ ਹੈ, ਜਿਸ ਦੇ ਨਤੀਜੇ ਵਜੋਂ ਪਹਿਲਾਂ ਹੀ ਇੱਕ ਸਾਲ ਦੇ ਘਾਟੇ ਦਾ ਸ਼ਿਕਾਰ ਦੁਕਾਨਦਾਰ ਮਰਨ ਕੰਢੇ ਖੜੇ ਹਨ, ਉਹਨਾਂ ਕੋਲ ਭੁੱਖੇ ਮਰਨ ਜਾਂ ਫੇਰ ਸੰਘਰਸ਼ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਰਿਹਾ ਹੈ |
ਦੂਸਰਾ ਸਰਕਾਰ ਨੇ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਲਈ ਲਾਕਡਾਊਨ ਲਗਾਇਆ ਹੈ, ਤਾਂ ਜੋ ਕੋਰੋਨਾ ਤੋਂ ਡਰਦੇ ਲੋਕ ਘਰਾਂ ਦੇ ਅੰਦਰ ਕੈਦ ਹੋ ਜਾਣ ਅਤੇ ਦਿੱਲੀ ਦੇ ਬਾਰਡਰਾਂ 'ਤੇ ਲੱਗੇ ਮੋਰਚੇ ਖਾਲੀ ਹੋ ਜਾਣ | ਸਰਕਾਰ ਬਿਮਾਰੀ ਦੇ ਨਾਂਅ 'ਤੇ ਦਹਿਸ਼ਤ ਫੈਲਾਉਣਾ ਚਾਹੁੰਦੀ ਹੈ |
ਆਗੂਆਂ ਨੇ ਕਿਹਾ ਕਿ ਕੋਰੋਨਾ ਸੰਕਟ ਤੋਂ ਬਾਅਦ ਜਬਰੀ ਥੋਪੇ ਲੌਕਡਾਊਨ ਕਾਰਨ ਸ਼ਹਿਰੀ ਕਾਰੋਬਾਰੀਆਂ/ਮਜ਼ਦੂਰਾਂ/ਪੇਂਡੂ ਲੋਕਾਂ ਨੂੰ ਭਾਰੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੈਪਟਨ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਵਿਗਿਆਨਕ ਢੰਗ ਅਪਨਾਉਣ, ਲੋੜੀਂਦੀਆਂ ਮੈਡੀਕਲ ਸਹੂਲਤਾਂ ਦੇਣ ਦੀ ਥਾਂ ਜਬਰੀ ਲੋਕਾਂ ਨੂੰ ਘਰਾਂ ਅੰਦਰ ਕੈਦ ਰੱਖਣ ਲਈ ਜਬਰੀ ਲਾਕਡਾਊਨ ਥੋਪ ਕੇ ਦਹਿਸ਼ਤ-ਪਾਊ ਨੀਤੀ ਉੱਪਰ ਚੱਲਿਆ ਜਾ ਰਿਹਾ ਹੈ | ਸ਼ਹਿਰੀ ਕਾਰੋਬਾਰੀਆਂ ਅਤੇ ਉਨ੍ਹਾਂ ਦੇ ਹੱਕ ਵਿੱਚ ਜਥੇਬੰਦੀਆਂ ਵੱਲੋਂ ਆਵਾਜ਼ ਬੁਲੰਦ ਕਰਨ ਤੋਂ ਬਾਅਦ ਭਾਵੇਂ ਬਹੁਤ ਸਾਰੇ ਕਾਰੋਬਾਰੀ ਅਦਾਰੇ ਸੀਮਤ ਸਮੇਂ ਲਈ ਖੋਲ੍ਹਣ ਦੀ ਇਜਾਜ਼ਤ ਦੇਣੀ ਪਈ ਹੈ, ਪਰ ਦੂਜੇ ਪਾਸੇ ਬੇਲੋੜੀਆਂ ਰੋਕਾਂ ਲਾ ਕੇੇ ਖੌਫ ਪੈਦਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ | ਆਗੂਆਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਅੰਦਰ ਇੱਕੋ ਇੱਕ ਸਰਕਾਰੀ ਹਸਪਤਾਲ ਵਿੱਚ ਸਾਲ ਭਰ ਪਹਿਲਾਂ ਆਏ ਵੈਂਟੀਲੇਟਰ ਚਿੱਟ ਹਾਥੀ ਬਣੇ ਹੋਏ ਹਨ |
ਮੋਦੀ ਹਕੂਮਤ ਸਮੇਤ ਰਾਜ ਸਰਕਾਰਾਂ ਕੋਰੋਨਾ ਵਾਇਰਸ ਨੂੰ ਰੋਕਣ ਦੇ ਬਹਾਨੇ ਹੇਠ ਛੋਟੇ ਕਾਰੋੋਬਾਰੀਆਂ ਅਤੇ ਕਿਰਤੀਆਂ ਦਾ ਲਾਕਡਾਊਨ ਦੇ ਨਾਂਅ ਹੇਠ ਉਜਾੜਾ ਕਰਨ 'ਤੇ ਤੁਲੀਆਂ ਹੋਈਆਂ ਹਨ | ਸਰਕਾਰਾਂ ਵੱਲੋਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਵਿਗਿਆਨਕ ਢੰਗ ਅਪਨਾਉਣ, ਲੋੜੀਂਦੀਆਂ ਮੈਡੀਕਲ ਸਹੂਲਤਾਂ ਦੇਣ ਦੀ ਥਾਂ ਜਬਰੀ ਲੋਕਾਂ ਨੂੰ ਘਰਾਂ ਅੰਦਰ ਕੈਦ ਰੱਖਣ ਲਈ ਜਬਰੀ ਲਾਕਡਾਊਨ ਥੋਪ ਕੇ ਦਹਿਸ਼ਤ-ਪਾਊ ਨੀਤੀ ਉੱਪਰ ਚੱਲਿਆ ਜਾ ਰਿਹਾ ਹੈ | ਸ਼ਹਿਰੀ ਕਾਰੋਬਾਰੀਆਂ ਅਤੇ ਉਨ੍ਹਾਂ ਦੇ ਹੱਕ ਵਿੱਚ ਜਥੇਬੰਦੀਆਂ ਵੱਲੋਂ ਆਵਾਜ਼ ਬੁਲੰਦ ਕਰਨ ਤੋਂ ਬਾਅਦ ਭਾਵੇਂ ਬਹੁਤ ਸਾਰੇ ਕਾਰੋਬਾਰੀ ਅਦਾਰੇ ਸੀਮਤ ਸਮੇਂ ਲਈ ਖੋਹਲਣ ਦੀ ਇਜਾਜ਼ਤ ਦੇਣੀ ਪਈ ਹੈ, ਪਰ ਦੂਜੇ ਪਾਸੇ ਬੇਲੋੜੀਆਂ ਰੋਕਾਂ ਲਾ ਕੇੇ ਖੌਫ ਪੈਦਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ | ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ 'ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਪੱਕੇ ਧਰਨਿਆਂ ਦੇ 219ਵੇਂ ਦਿਨ ਵੀ ਜੋਸ਼ੋ-ਖ਼ਰੋਸ਼ ਨਾਲ ਜਾਰੀ ਰਹੇ | 3 ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨਾਂ ਦਾ ਜਜ਼ਬਾ ਬਰਕਰਾਰ ਹੈ | ਪੰਜਾਬ ਭਰ 'ਚ 108 ਥਾਵਾਂ-ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ 'ਚ ਲਗਾਤਾਰ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇ ਗੂੰਜ ਰਹੇ ਹਨ |
10 ਅਤੇ 12 ਮਈ ਨੂੰ ਖਨੌਰੀ ਅਤੇ ਸ਼ੰਭੂ ਰਸਤਿਓਾ ਦਿੱਲੀ ਜਾਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ 'ਚ ਲਾਮਬੰਦੀ ਕੀਤੀ ਜਾ ਰਹੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਬੇਰੁਖੀ ਵੇਖਦਿਆਂ ਕਿਸਾਨਾਂ 'ਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਕਿਸਾਨ ਖੇਤੀ-ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਨੂੰ ਜਾਰੀ ਰੱਖਣਗੇ |
ਤਰਨ ਤਾਰਨ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸ਼ਹਿਰਾਂ ਤੇ ਕਸਬਿਆਂ 'ਚ ਕਾਰੋਬਾਰੀਆਂ ਦੇ ਕੰਮ ਚਲਾਉਣ ਦੀ ਹਮਾਇਤ 'ਚ ਤਰਨ ਤਾਰਨ ਵਿਖੇ ਮਾਰਚ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਲਾਕਡਾਊਨ ਤਾਂ ਲਾ ਦਿੰਦੀ ਹੈ, ਪਰ ਕਾਰੋਬਾਰੀਆਂ ਦੇ ਕਾਰੋਬਾਰ ਦੇ ਪ੍ਰਬੰਧ ਨਹੀਂ ਕੀਤੇ ਜਾਂਦੇ | ਮਾਰਚ ਦੀ ਅਗਵਾਈ ਆਲ ਇੰਡੀਆ ਕਿਸਾਨ ਸਭਾ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ (ਢੁੱਡੀਕੇ) ਦੇ ਆਗੂਆਂ ਨੇ ਕੀਤੀ | ਇਸ ਮੌਕੇ ਸ਼ਹਿਰੀ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਪਿ੍ਥੀਪਾਲ ਸਿੰਘ ਮਾੜੀਮੇਘਾ, ਬਲਦੇਵ ਸਿੰਘ ਪੰਡੋਰੀ, ਅਜੈਬ ਸਿੰਘ ਅਲਾਦੀਨਪੁਰ, ਨਿਰਵੈਲ ਸਿੰਘ ਡਾਲੇਕੇ, ਨਛੱਤਰ ਸਿੰਘ ਤਰਨ ਤਾਰਨ ਨੇ ਕਿਹਾ ਕਿ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਦਬਾਅ ਸਦਕਾ ਹੀ ਪੰਜਾਬ ਦੀ ਕੈਪਟਨ ਸਰਕਾਰ ਨੂੰ ਹਫਤੇ ਦੇ ਪੰਜ ਦਿਨ ਦੁਕਾਨਾਂ ਖੋਲ੍ਹਣ ਦੀ ਖੁੱਲ੍ਹ ਦਿੱਤੀ ਹੈ | ਉਕਤ ਆਗੂਆਂ ਨੇ ਕਿਹਾ ਕਿ ਕੋਰੋਨਾ ਦੀ ਬਿਮਾਰੀ ਦਾ ਮੁਕਾਬਲਾ ਲਾਕਡਾਊਨ ਕਰਕੇ ਕੀਤਾ ਜਾ ਰਿਹਾ ਹੈ | ਅਸਲ ਵਿੱਚ ਸਰਕਾਰ ਦੀ ਕੋਈ ਵਿਉਂਤਬੰਦੀ ਨਹੀਂ | ਬਿਮਾਰੀ ਦਾ ਮੁਕਾਬਲਾ ਕਰਨ ਲਈ ਸਰਕਾਰੀ ਹਸਪਤਾਲਾਂ ਵਿੱਚ ਵੈਂਟੀਲੇਟਰ, ਆਕਸੀਜਨ ਬੈੱਡ, ਸਰਕਾਰੀ ਬਿਲਡਿੰਗਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ | ਆਕਸੀਜਨ ਤੋਂ ਲੋਕ ਮਰ ਰਹੇ ਹਨ | ਵੈਕਸਨ ਤੇ ਆਕਸੀਜਨ ਦੀ ਬਲੈਕਮੇਲ ਵੱਡੀ ਪੱਧਰ 'ਤੇ ਹੋ ਰਹੀ ਹੈ | ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ, ਨਰਸਾਂ ਅਤੇ ਹੋਰ ਅਮਲੇ-ਫੈਲੇ ਦੀ ਘਾਟ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ | ਇਹਨਾਂ ਆਗੂਆਂ ਨੇ ਕਿਹਾ ਕਿ ਜੇਕਰ ਦੁਕਾਨਦਾਰ ਆਮ ਲੋਕ ਆਪਣੇ ਕਾਰੋਬਾਰ ਨੂੰ ਬਚਾਉਣ ਲਈ ਸੰਘਰਸ਼ ਦੇ ਮੈਦਾਨ ਵਿੱਚ ਨਾ ਆਏ ਤਾਂ ਲੋਕਾਂ ਦਾ ਜਿਉਣਾ ਦੁੱਭਰ ਹੋ ਜਾਵੇਗਾ | ਇਸ ਮੌਕੇ ਸਵਿੰਦਰ ਸਿੰਘ ਖੱਬੇ, ਤਰਲੋਚਨ ਸਿੰਘ ਤਰਨ ਤਾਰਨ, ਨਿਸ਼ਾਨ ਸਿੰਘ ਪੰਨੂ, ਅੰਮਿ੍ਤਪਾਲ ਸਿੰਘ ਜੋੜਾ, ਲੱਖਾ ਸਿੰਘ ਮੰਨਣ, ਹਰਦੀਪ ਸਿੰਘ ਰਸੂਲਪੁਰ, ਸੁਖਦੇਵ ਸਿੰਘ ਜਵੰਦਾ, ਗੁਰਪ੍ਰਤਾਪ ਸਿੰਘ ਬਾਠ, ਚਰਨ ਸਿੰਘ, ਕੁਲਦੀਪ ਸਿੰਘ, ਹਰਜੀਤ ਸਿੰਘ, ਮੇਜਰ ਸਿੰਘ ਕੱਦ, ਕਰਮਜੀਤ ਸਿੰਘ ਕਲੇਰ, ਪੂਰਨ ਸਿੰਘ ਦੇਉ, ਡਾਕਟਰ ਸਤਨਾਮ ਸਿੰਘ ਦੇਉ, ਗਿੱਲ ਸਤਨਾਮ ਜੌਹਲ, ਧੀਰ ਸਿੰਘ ਕੱਦਗਿੱਲ, ਪਿਆਰਾ ਸਿੰਘ, ਪਰਮਜੀਤ ਸਿੰਘ, ਕੁਲਵੰਤ ਸਿੰਘ ਖਹਿਰਾ ਤੇ ਬਲਵਿੰਦਰ ਸਿੰਘ ਸਖੀਰਾ ਆਦਿ ਹਾਜ਼ਰ ਸਨ |
ਦੁਕਾਨਬੰਦੀ ਖਿਲਾਫ ਸੈਂਕੜੇ ਕਿਸਾਨਾਂ ਵੱਲੋਂ ਮੁਜ਼ਾਹਰਾ
ਤਲਵੰਡੀ ਸਾਬੋ (ਜਗਦੀਪ ਗਿੱਲ) : ਸਥਾਨਕ ਸ਼ਹਿਰ ਦਾ ਦਿਲ ਸਮਝੇ ਜਾਂਦੇ ਗਿੱਲਾਂ ਵਾਲੇ ਉਸ ਖੂਹ, ਜਿਹੜਾ 75 ਵਰ੍ਹੇ ਪਹਿਲਾਂ ਵਕਤ ਦੇ ਵੱਡੇ ਜਗੀਰਦਾਰ ਦੀਆਂ ਗੋਡੀਆਂ ਲਵਾਉਂਦਿਆਂ ਮੁਜ਼ਾਰਿਆਂ ਨੇ ਉਸਾਰਿਆ ਸੀ, ਕੋਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸਰਕਾਰ ਦੀ ਤਰਫ ਤੋਂ ਜਬਰੀ ਬੰਦ ਕਰਵਾਈਆਂ ਦੁਕਾਨਾਂ ਖੋਲ੍ਹਣ ਲਈ ਕੀਤੇ ਇਕੱਠ ਵਿੱਚ ਸ਼ਹਿਰ ਦੇ ਉਨ੍ਹਾਂ ਹਟਵਾਣੀਆਂ ਨੂੰ ਹੀ ਸੱਪ ਸੁੰਘ ਗਿਆ, ਵੱਡੀ ਤਦਾਦ 'ਚ ਜਿਨ੍ਹਾਂ ਦਾ ਰੁਜ਼ਗਾਰ ਬਹਾਲ ਕਰਵਾਉਣ ਲਈ ਸੰਯੁਕਤ ਮੋਰਚੇ ਵੱਲੋਂ ਦਿੱਤੀ ਕਾਲ ਦੇ ਚਲਦਿਆਂ ਕਿਸਾਨਾਂ ਨੇ ਹੰਭਲਾ ਮਾਰਿਆ ਸੀ | ਇਹ ਸ਼ਾਇਦ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਗਈ ਉਸ ਘੁਰਕੀ ਦਾ ਹੀ ਅਸਰ ਸੀ, ਜਿਸ 'ਚ ਉਨ੍ਹਾ ਕਿਹਾ ਸੀ ਕਿ ਲਾਕਡਾਊਨ ਦੀ ਉਲੰਘਣਾ ਕਰਦਿਆਂ ਦੁਕਾਨਾਂ ਵਗੈਰਾ ਖੋਲ੍ਹਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ | ਪੰਜਾਬੀ ਦੇ ਇਸ ਮੁਹਾਵਰੇ 'ਰੱਬ ਨੇੜੇ ਕੇ ਘਸੁੰਨ' ਉਪਰ ਪੂਰਾ ਅਮਲ ਕਰਦਿਆਂ ਸਥਾਨਕ ਸ਼ਹਿਰੀਏ ਸੇਠਾਂ ਵੱਲੋਂ ਦੜ ਵੱਟ ਜਾਣ 'ਚ ਹੀ ਸ਼ਾਇਦ ਆਪਣਾ ਭਲਾ ਸਮਝ ਲਿਆ ਗਿਆ, ਜਦੋਂ ਕਿ ਆਸਾਵੀਂ ਤਾਲਾਬੰਦੀ ਦੇ ਚਲਦਿਆਂ ਛੋਟੇ ਦੁਕਾਨਦਾਰ ਭਾਈਚਾਰੇ ਦੇ ਘਰਾਂ 'ਚ ਵੀ ਹਾਲਤ ਭੰਗ ਭੁੱਜਣ ਵਰਗੀ ਹੋਈ ਪਈ ਦੱਸੀ ਜਾ ਰਹੀ ਹੈ |
ਉਧਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੈਂਕੜੇ ਕਾਰਕੁਨਾਂ ਵੱਲੋਂ ਆਪਣੇ ਆਗੂਆਂ, ਜਿਨ੍ਹਾਂ 'ਚ ਜਗਦੇਵ ਜੋਗੇਵਾਲਾ, ਬਹੱਤਰ ਸਿੰਘ ਨੰਗਲਾ ਅਤੇ ਮੋਹਣ ਸਿੰਘ ਚੱਠੇ ਵਾਲਾ ਪ੍ਰਮੁੱਖ ਸਨ, ਦੀ ਅਗਵਾਈ ਵਿੱਚ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਸਰਕਾਰੀ ਧਿੰਗੋਜ਼ੋਰੀਆਂ ਖਿਲਾਫ ਮਾਰਚ ਕੀਤਾ ਗਿਆ | ਉਨ੍ਹਾਂ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਲੋਕਾਂ ਉੱਪਰ ਨਾਦਰਸ਼ਾਹੀ ਹੁਕਮ ਲਾਗੂ ਕਰਨ ਦੀ ਥਾਂ ਦਵਾਈਆਂ, ਹਸਪਤਾਲ, ਬੈੱਡਾਂ, ਵੈਂਟੀਲੇਟਰਾਂ ਅਤੇ ਹੋਰ ਲੋੜੀਂਦੇ ਸਾਜ਼ੋ-ਸਾਮਾਨ ਦਾ ਪ੍ਰਬੰਧ ਕਰੇ, ਜੋ ਕੀਤਾ ਨਹੀਂ ਜਾ ਰਿਹਾ |

176 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper