Latest News
ਓ2 ਸਪਲਾਈ ਨੂੰ ਟਰੈਕ ਕਰਨ ਲਈ ਸੁਪਰੀਮ ਕੋਰਟ ਨੇ ਬਣਾਈ ਟਾਸਕ ਫੋਰਸ

Published on 08 May, 2021 09:59 AM.


ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ਨੀਵਾਰ ਨੂੰ ਨੈਸ਼ਨਲ ਟਾਸਕ ਫੋਰਸ ਗਠਿਤ ਕੀਤੀ ਹੈ, ਜੋ ਕਿ ਦੇਸ਼ 'ਚ ਆਕਸੀਜਨ ਦੀ ਉਪਲੱਬਧਤਾ ਅਤੇ ਸਪਲਾਈ ਦਾ ਮੁਲਾਂਕਣ ਅਤੇ ਸਿਫਾਰਿਸ਼ ਕਰੇਗੀ | ਟਾਸਕ ਫੋਰਸ 'ਚ 12 ਮੈਂਬਰ ਹੋਣਗੇ | ਸੁਪਰੀਮ ਕੋਰਟ ਨੇ ਕਿਹਾ ਕਿ ਟਾਸਕ ਫੋਰਸ ਹੁਣ ਅਤੇ ਭਵਿੱਖ ਲਈ ਪਾਰਦਰਸ਼ੀ ਅਤੇ ਪੇਸ਼ੇਵਰ ਅਧਾਰ 'ਤੇ ਮਹਾਂਮਾਰੀ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਨਪੁੱਟ ਅਤੇ ਰਣਨੀਤੀ ਪ੍ਰਦਾਨ ਕਰੇਗੀ | ਟਾਸਕ ਫੋਰਸ ਵਿਗਿਆਨਕ, ਤਰਕਸੰਗਤ ਅਤੇ ਨਿਆਂਸੰਗਤ ਦੇ ਅਧਾਰ 'ਤੇ ਸੂਬਿਆਂ ਨੂੰ ਆਕਸੀਜਨ ਲਈ ਕਾਰਜਪ੍ਰਣਾਲੀ ਤਿਆਰ ਕਰੇਗੀ |
ਡਾ. ਭਬਤੋਸ਼ ਵਿਸਵਾਸ ਪੱਛਮੀ ਬੰਗਾਲ ਸਿਹਤ ਵਿਗਿਆਨ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਕੋਲਕਾਤਾ, ਡਾ. ਦਵੇਂਦਰ ਸਿੰਘ ਰਾਣਾ ਚੇਅਰਪਰਸਨ ਮੈਨੇਜਮੈਂਟ ਬੋਰਡ ਸਰ ਗੰਗਾ ਰਾਮ ਹਸਪਤਾਲ ਦਿੱਲੀ, ਡਾ. ਦੇਵੀ ਪ੍ਰਸਾਦ ਸੈੱਟੀ ਚੇਅਰਪਰਸਨ ਅਤੇ ਕਾਰਜਕਾਰੀ ਨਿਰਦੇਸ਼ਕ ਨਾਰਾਇਣ ਹੈੱਲਥਕੇਅਰ ਬੰਗਲੌਰ, ਡਾ. ਗਗਨਦੀਪ ਕੰਗ ਪ੍ਰੋਫੈਸਰ ਕਿ੍ਸਚੀਅਨ ਮੈਡੀਕਲ ਕਾਲਜ ਵੇਲੂਰ (ਤਾਮਿਲਨਾਡੂ), ਡਾਕਟਰ ਜੇ ਵੀ ਪੀਟਰ ਡਾਇਰੈਕਟਰ ਕਿ੍ਸਚੀਅਨ ਮੈਡੀਕਲ ਕਾਲਜ ਵੇਲੂਰ (ਤਾਮਿਲਨਾਡੂ), ਡਾ. ਨਰੇਸ਼ ਤ੍ਰੇਹਨ ਚੇਅਰਪਰਸਨ ਅਤੇ ਪ੍ਰਬੰਧ ਨਿਰਦੇਸ਼ਕ ਮੇਦਾਂਤਾ ਹਸਪਤਾਲ ਅਤੇ ਹਾਰਟ ਇੰਸਟੀਚਿਊਟ ਗੁਰੂਗਰਾਮ, ਡਾਕਟਰ ਰਾਹੁਲ ਪੰਡਤ ਡਾਇਰੈਕਟਰ ਕਿ੍ਟੀਕਲ ਕੇਅਰ ਮੈਡੀਸਨ ਅਤੇ ਆਈ ਸੀ ਯੂ ਫੋਰਟਿਸ ਹਸਪਤਾਲ ਮੁਲੁੰਦ (ਮੁੰਬਈ), ਡਾ. ਸੋਮਿੱਤਰ ਰਾਵਤ ਚੇਅਰਮੈਨ ਅਤੇ ਮੁਖੀ ਸਰਜੀਕਲ ਗੈਸਟ੍ਰੋਐਂਟਰੋਲੋਜੀ ਅਤੇ ਲਿਵਰ ਟ੍ਰਾਂਸਪਲਾਂਟ ਵਿਭਾਗ ਸਰ ਗੰਗਾ ਰਾਮ ਹਸਪਤਾਲ ਦਿੱਲੀ, ਡਾ. ਸ਼ਿਵ ਕੁਮਾਰ ਸਰੀਨ ਸੀਨੀਅਰ ਪ੍ਰੋਫੈਸਰ ਅਤੇ ਹੈਪਟੋਲੋਜੀ ਵਿਭਾਗ ਦੇ ਮੁਖੀ ਡਾਇਰੈਕਟਰ, ਇੰਸਟੀਚਿਟ ਆਫ ਲਿਵਰ ਐਂਡ ਬਿਲੀਅਰੀ ਸਾਇੰਸ (ਆਈ ਐੱਲ ਬੀ ਐੱਸ) ਦਿੱਲੀ, ਡਾ. ਜੈਰਿਰ ਐੱਫ ਉਡਵਿਆ ਸਲਾਹਕਾਰ ਛਾਤੀ ਡਾਕਟਰ ਹਿੰਦੂਜਾ ਹਸਪਤਾਲ ਬਰੀਚ ਕੈਂਡੀ ਹਸਪਤਾਲ ਅਤੇ ਪਾਰਸੀ ਜਨਰਲ ਹਸਪਤਾਲ ਮੁੰਬਈ, ਸੈਕਟਰੀ ਸਿਹਤ ਅਤੇ ਪਰਵਾਰ ਭਲਾਈ ਮੰਤਰਾਲਾ ਭਾਰਤ ਸਰਕਾਰ ਨੈਸ਼ਨਲ ਟਾਸਕ ਫੋਰਸ ਦੇ ਕਨਵੀਨਰ ਵੀ ਇਸ ਦੇ ਮੈਂਬਰ ਹੋਣਗੇ, ਜੋ ਕੇਂਦਰ ਸਰਕਾਰ ਵਿਚ ਕੈਬਨਿਟ ਸਕੱਤਰ ਪੱਧਰ ਦੇ ਅਧਿਕਾਰੀ ਹੋਣਗੇ |
ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਤੋਂ ਆਕਸੀਜਨ ਦੀ ਕਮੀ ਦੇਖੀ ਜਾ ਰਹੀ ਹੈ | ਇਸ ਕਾਰਨ ਵੱਖ-ਵੱਖ ਸੂਬਿਆਂ ਦੇ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ ਚੱਲ ਰਹੀ ਹੈ | ਪਟਨਾ, ਇਲਾਹਾਬਾਦ, ਦਿੱਲੀ ਹਾਈ ਕੋਰਟ ਨੇ ਆਕਸੀਜਨ ਸੰਕਟ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਝਾੜ ਵੀ ਪਾਈ, ਜਦਕਿ ਸੁਪਰੀਮ ਕੋਰਟ ਨੇ ਵੀ ਪਿਛਲੇ ਦਿਨੀਂ ਸੁਣਵਾਈ ਸਮੇਂ ਕੇਂਦਰ ਨੂੰ ਝਾੜਿਆ ਅਤੇ ਦਿੱਲੀ ਨੂੰ 700 ਮੀਟਰਕ ਟਨ ਆਕਸੀਜਨ ਦੀ ਸਪਲਾਈ ਰੋਜ਼ਾਨਾ ਦੇਣ ਲਈ ਕਿਹਾ ਸੀ |
ਕੋਰੋਨਾ ਦਿਨ-ਬ-ਦਿਨ ਖ਼ਤਰਨਾਕ ਹੁੰਦਾ ਜਾ ਰਿਹਾ ਹੈ | ਪਿਛਲੇ 24 ਘੰਟਿਆਂ 'ਚ ਦੇਸ਼ ਵਿੱਚ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਦੀ ਗਿਣਤੀ ਸਾਹਮਣੇ ਆਈ ਹੈ | ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ 4,01,078 ਕੋਰੋਨਾ ਲਾਗ ਦੇ ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 4187 ਲੋਕਾਂ ਦੀ ਮੌਤ ਹੋਈ ਹੈ | ਇਸ ਦੇ ਨਾਲ ਦੇਸ਼ 'ਚ ਕੁੱਲ ਪ੍ਰਭਾਵਤਾਂ ਦੀ ਗਿਣਤੀ 2 ਕਰੋੜ 38 ਹਜ਼ਾਰ 270 ਹੋ ਗਈ ਹੈ | ਉਥੇ ਹੀ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 'ਚ ਪਿਛਲੇ 24 ਘੰਟਿਆਂ 'ਚ 78 ਹਜ਼ਾਰ 282 ਨਵੇਂ ਮਰੀਜ਼ਾਂ ਦਾ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਐਕਟਿਵ ਮਰੀਜ਼ਾਂ ਦੀ ਗਿਣਤੀ 37 ਲੱਖ 23 ਹਜ਼ਾਰ 446 ਹੋ ਗਈ ਹੈ | ਇਹ ਅੰਕੜਾ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਨੀਵਾਰ ਸਵੇਰੇ 8 ਵਜੇ ਤੱਕ ਦਾ ਹੈ | ਰਾਜਧਾਨੀ ਦਿੱਲੀ 'ਚ ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 17364 ਨਵੇਂ ਮਾਮਲੇ ਦਰਜ ਕੀਤੇ ਗਏ ਹਨ | ਉਥੇ ਹੀ ਕੋਰੋਨਾ ਦੇ ਚਲਦੇ ਬੀਤੇ 24 ਘੰਟਿਆਂ 'ਚ 332 ਮਰੀਜ਼ਾਂ ਦੀ ਜਾਨ ਗਈ ਹੈ | ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਦਿੱਲੀ 'ਚ ਲਾਗ ਲੱਗਣ ਦੀ ਦਰ 'ਚ ਗਿਰਾਵਟ ਆਈ ਹੈ |

328 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper