Latest News
ਬੇਗੁਨਾਹਾਂ ਦੀ ਢਾਲ

Published on 21 May, 2021 10:07 AM.


ਸੁਪਰੀਮ ਕੋਰਟ ਨੇ ਲੰਘੇ ਵੀਰਵਾਰ ਇਹ ਅਹਿਮ ਰੂਲਿੰਗ ਦਿੱਤੀ ਕਿ ਇਹ ਅਦਾਲਤਾਂ ਦਾ ਫਰਜ਼ ਹੈ ਕਿ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਰੋਕਣ ਲਈ ਉਹ ਬੇਗੁਨਾਹ ਨਾਗਰਿਕਾਂ ਖਿਲਾਫ ਝੂਠੇ ਫੌਜਦਾਰੀ ਮਾਮਲਿਆਂ ਨੂੰ ਖਾਰਜ ਕਰਨ | ਉਸ ਨੇ ਇਥੋਂ ਤੱਕ ਕਿਹਾ ਕਿ ਜੇ ਜ਼ਰੂਰੀ ਹੋਵੇ ਤਾਂ ਫੌਜਦਾਰੀ ਮਾਮਲਾ ਫਰਦ ਜੁਰਮ ਆਇਦ ਹੋਣ ਜਾਂ ਟਰਾਇਲ ਕੋਰਟ ਵੱਲੋਂ ਮਾਮਲੇ ਦਾ ਨੋਟਿਸ ਲੈਣ ਤੋਂ ਪਹਿਲਾਂ ਹੀ ਖਾਰਜ ਕੀਤਾ ਜਾ ਸਕਦਾ ਹੈ | ਬੇਗੁਨਾਹ ਵਿਅਕਤੀ ਨੂੰ ਬਚਾਉਣ ਲਈ ਸ਼ੁਰੂਆਤੀ ਪੜਾਅ ਵਿਚ ਹੀ ਮਾਮਲਾ ਖਾਰਜ ਕਰਨ ਦੀਆਂ ਜ਼ਾਬਤਾ ਫੌਜਦਾਰੀ ਤਹਿਤ ਹਾਈ ਕੋਰਟ ਦੇ ਨਾਲ-ਨਾਲ ਸੈਸ਼ਨ ਕੋਰਟ ਨੂੰ ਵੀ ਤਾਕਤਾਂ ਮਿਲੀਆਂ ਹੋਈਆਂ ਹਨ | ਚੀਫ ਜਸਟਿਸ ਐੱਨ ਵੀ ਰਮੰਨਾ, ਜਸਟਿਸ ਸੂਰੀਆ ਕਾਂਤ ਤੇ ਜਸਟਿਸ ਅਨਿਰੁਧ ਬੋਸ ਉਤੇ ਆਧਾਰਤ ਬੈਂਚ ਨੇ ਇਹ ਰੂਲਿੰਗ ਯੂ ਪੀ ਦੇ ਇਕ ਗੈਸ ਏਜੰਸੀ ਡੀਲਰ ਸੰਜੇ ਕੁਮਾਰ ਰਾਇ ਦੀ ਅਪੀਲ 'ਤੇ ਮੁੜ ਵਿਚਾਰ ਕਰਨ ਦੀ ਇਲਾਹਾਬਾਦ ਹਾਈ ਕੋਰਟ ਨੂੰ ਹਦਾਇਤ ਕਰਦਿਆਂ ਦਿੱਤੀ | ਕੁਲਦੀਪ ਮਿਸ਼ਰਾ ਨਾਂਅ ਦੇ ਵਿਅਕਤੀ ਨੇ ਸੰਜੇ ਵਿਰੁੱਧ ਇਹ ਸ਼ਿਕਾਇਤ ਦਰਜ ਕਰਾਈ ਸੀ ਕਿ ਗੈਸ ਸਿਲੰਡਰਾਂ ਦੀ ਸਪਲਾਈ ਵਿਚ ਕਥਿਤ ਬੇਨੇਮੀਆਂ ਬਾਰੇ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮੰਗਣ 'ਤੇ ਸੰਜੇ ਨੇ ਉਸ ਦੇ ਚਿਹਰੇ ਨੂੰ ਗੋਲੀਆਂ ਨਾਲ ਛਲਣੀ ਕਰ ਦੇਣ ਦੀ ਧਮਕੀ ਦਿੱਤੀ ਸੀ | ਸੰਜੇ ਨੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕੋਲ ਅਰਜ਼ੀ ਦੇ ਕੇ ਕਿਹਾ ਕਿ ਸ਼ਿਕਾਇਤ ਝੂਠੀ ਹੈ ਅਤੇ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ 'ਤੇ ਹੀ ਦਰਜ ਕਰ ਲਈ, ਉਸ ਦਾ ਬਿਆਨ ਲਿਆ ਨਹੀਂ ਤੇ ਨਾ ਹੀ ਯੋਗ ਢੰਗ ਨਾਲ ਜਾਂਚ ਕੀਤੀ | ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਅਰਜ਼ੀ 'ਤੇ ਵਿਚਾਰ ਤੋਂ ਨਾਂਹ ਕਰ ਦਿੱਤੀ | ਸੰਜੇ ਨੇ ਦੋਸ਼ ਲਾਇਆ ਸੀ ਕਿ ਮਿਸ਼ਰਾ ਝੂਠ-ਮੂਠ ਇਕ ਕੌਮੀ ਅਖਬਾਰ ਦਾ ਰਿਪੋਰਟਰ ਹੋਣ ਦਾ ਦਾਅਵਾ ਕਰਦਾ ਹੈ | ਉਹ ਸ਼ੱਕੀ ਕਿਰਦਾਰ ਦਾ ਬੰਦਾ ਹੈ ਤੇ ਉਸ ਵਿਰੁੱਧ 7 ਫੌਜਦਾਰੀ ਮਾਮਲੇ ਹਨ | ਇਸ ਦੇ ਬਾਵਜੂਦ ਪੁਲਸ ਨੇ ਮਿਸ਼ਰਾ ਦੀ ਸ਼ਿਕਾਇਤ 'ਤੇ ਉਸ ਵਿਰੱੁਧ ਮਾਮਲਾ ਦਰਜ ਕਰ ਲਿਆ | ਜਦੋਂ ਸੰਜੇ ਇਲਾਹਾਬਾਦ ਹਾਈ ਕੋਰਟ ਗਿਆ ਤਾਂ ਉਸ ਨੇ ਇਸ ਆਧਾਰ 'ਤੇ ਕੇਸ ਖਾਰਜ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਦੋਸ਼ ਆਇਦ ਹੋਣ ਦਿੱਤੇ ਜਾਣ ਅਤੇ ਹਾਈ ਕੋਰਟਾਂ ਕੋਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਪਾਸ ਹੁਕਮ ਵਿਚ ਦਖਲ ਦੇਣ ਦੀਆਂ ਸ਼ਕਤੀਆਂ ਨਹੀਂ | ਇਸ ਤੋਂ ਬਾਅਦ ਸੰਜੇ ਨੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ | ਸੁਪਰੀਮ ਕੋਰਟ ਨੇ ਆਪਣੀ ਰੂਲਿੰਗ ਵਿਚ ਕਿਹਾ—ਇਹ ਕੋਰਟ ਇਹ ਸਿਫਾਰਸ਼ ਨਹੀਂ ਕਰਦੀ ਕਿ ਮਾਮਲਾ ਖਤਮ ਕਰ ਦਿੱਤਾ ਜਾਵੇ | ਫਿਰ ਵੀ ਅਦਾਲਤਾਂ ਨੂੰ ਦਖਲ ਦੇਣਾ ਚਾਹੀਦਾ ਹੈ, ਭਾਵੇਂ ਅਪਵਾਦਕ ਮਾਮਲਿਆਂ ਵਿਚ ਹੀ | ਨਹੀਂ ਤਾਂ ਨਾਗਰਿਕ ਦੇ ਹੱਕਾਂ ਦਾ ਹਨਨ ਹੋ ਸਕਦਾ ਹੈ | ਮਿਸਾਲ ਵਜੋਂ ਜਦੋਂ ਸ਼ਿਕਾਇਤ ਦੇ ਤੱਤ ਬੇਗੁਨਾਹ ਨੂੰ ਫਸਾਉਣ ਵਾਲੇ ਹੋਣ ਤਾਂ ਅਦਾਲਤਾਂ ਦਾ ਫਰਜ਼ ਬਣ ਜਾਂਦਾ ਹੈ ਕਿ ਉਹ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਨੂੰ ਰੋਕਣ | ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ ਪਹਿਲੇ ਹੁਕਮ ਨੂੰ ਰੱਦ ਕਰਦਿਆਂ ਮਾਮਲਾ ਮੁੜ ਉਸ ਕੋਲ ਭੇਜਦਿਆਂ ਕਿਹਾ ਕਿ ਉਹ ਕਾਨੂੰਨ ਮੁਤਾਬਕ ਮਾਮਲੇ 'ਤੇ ਮੁੜ ਵਿਚਾਰ ਕਰੇ | ਸੁਪਰੀਮ ਕੋਰਟ ਦੀ ਰੂਲਿੰਗ ਦੀ ਇਸ ਕਰਕੇ ਖਾਸ ਮਹੱਤਤਾ ਹੈ, ਕਿਉਂਕਿ ਕਿੜ ਕੱਢਣ ਲਈ ਲੋਕ ਸ਼ਿਕਾਇਤਾਂ ਕਰਦੇ ਹਨ ਤੇ ਪੁਲਸ ਤੋਂ ਕੇਸ ਦਰਜ ਕਰਾਉਣ ਵਿਚ ਸਫਲ ਵੀ ਰਹਿੰਦੇ ਹਨ | ਨਤੀਜੇ ਵਜੋਂ ਕਈ ਬੇਗੁਨਾਹ ਵਰਿ੍ਹਆਂ-ਬੱਧੀ ਅਦਾਲਤਾਂ ਦੇ ਚੱਕਰ ਕੱਟਦੇ ਰਹਿੰਦੇ ਹਨ |

677 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper