Latest News
26 ਮਈ ਨੂੰ ਇਤਿਹਾਸਕ ਬਣਾ ਦਿਓ

Published on 23 May, 2021 09:43 AM.


ਖੇਤੀ ਸੰਬੰਧੀ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਹੱਦਾਂ 'ਤੇ ਲੱਗੇ ਮੋਰਚਿਆਂ ਨੂੰ ਅਗਲੇ ਦਿਨੀਂ ਛੇ ਮਹੀਨੇ ਪੂਰੇ ਹੋ ਜਾਣਗੇ | ਇਸ ਦੇ ਨਾਲ ਹੀ ਪੰਜਾਬ ਵਿੱਚ ਭਾਜਪਾ ਆਗੂਆਂ ਦੇ ਘਰਾਂ ਤੇ ਕਾਰਪੋਰੇਟ ਅਦਾਰਿਆਂ ਅੱਗੇ ਲਾਏ ਗਏ ਪੱਕੇ ਧਰਨਿਆਂ ਨੂੰ ਲੱਗਭੱਗ ਅੱਠ ਮਹੀਨਿਆਂ ਦਾ ਸਮਾਂ ਹੋ ਜਾਵੇਗਾ | ਇੰਨੇ ਲੰਮੇ ਤੇ ਸ਼ਾਂਤਮਈ ਅੰਦੋਲਨ ਦੀ ਅੱਜ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ | ਸੰਸਾਰ ਭਰ ਦੀਆਂ ਬਹੁਤ ਸਾਰੀਆਂ ਉੱਘੀਆਂ ਹਸਤੀਆਂ ਇਸ ਅੰਦੋਲਨ ਨੂੰ ਆਪਣੀ ਹਮਾਇਤ ਦੇ ਚੁੱਕੀਆਂ ਹਨ |
ਇਸ ਅਰਸੇ ਦੌਰਾਨ ਇਸ ਅੰਦੋਲਨ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਸਰਦ ਰੁੱਤ ਦੀ ਹੱਡ ਚੀਰਵੀਂ ਠੰਢ ਵੀ ਅੰਦੋਲਨਕਾਰੀਆਂ ਦੇ ਹੌਸਲੇ ਨੂੰ ਤੋੜ ਨਾ ਸਕੀ | ਅਪ੍ਰੈਲ-ਮਈ ਦੇ ਮਹੀਨੇ ਅੰਦੋਲਨਕਾਰੀਆਂ ਲਈ ਵੱਡੀ ਪ੍ਰੀਖਿਆ ਦੀ ਘੜੀ ਸਨ | ਇੱਕ ਪਾਸੇ ਵਾਢੀ ਦਾ ਮੌਸਮ ਤੇ ਦੂਜੇ ਪਾਸੇ ਕੋਰੋਨਾ ਦੀ ਦੂਜੀ ਲਹਿਰ ਦੇ ਚੜ੍ਹਾਅ ਨੇ ਅੰਦੋਲਨ ਦੇ ਸ਼ੱੁਭਚਿੰਤਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ | ਇਸ ਮੌਕੇ ਮੁਲਾਜ਼ਮਾਂ, ਸਨਅਤੀ ਮਜ਼ਦੂਰਾਂ ਤੇ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਅੰਦੋਲਨ ਲਈ ਢਾਲ ਬਣ ਕੇ ਸਾਹਮਣੇ ਆਈਆਂ | ਇਨ੍ਹਾਂ ਜਥੇਬੰਦੀਆਂ ਦੀ ਅਗਵਾਈ ਵਿੱਚ ਆਏ ਜੱਥਿਆਂ ਨੇ ਵਾਢੀ ਦੇ ਦਿਨਾਂ ਵਿੱਚ ਮੋਰਚਿਆਂ ਦੀ ਹਾਜ਼ਰੀ ਨੂੰ ਮੱਠਾ ਨਹੀਂ ਪੈਣ ਦਿੱਤਾ | ਸਭ ਮੋਰਚਿਆਂ 'ਤੇ ਮਈ ਦਿਵਸ ਨੂੰ ਧੂਮਧਾਮ ਨਾਲ ਮਨਾਇਆ ਗਿਆ |
ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੇ ਤੂੜੀ ਤੰਦ ਸਾਂਭਣ ਤੋਂ ਬਾਅਦ ਮਈ ਦੇ ਪਹਿਲੇ ਹਫ਼ਤੇ ਫਿਰ ਮੋਰਚਿਆਂ ਵੱਲ ਧਾਵਾ ਬੋਲ ਦਿੱਤਾ | 12 ਮਈ ਨੂੰ ਸਰਹਿੰਦ ਫਤਿਹ ਦਿਵਸ ਦੇ ਮੌਕੇ ਉੱਤੇ ਸਭ ਮੋਰਚਿਆਂ 'ਤੇ ਅੰਦੋਲਨਕਾਰੀਆਂ ਦੀ ਗਿਣਤੀ ਪਹਿਲਾਂ ਨਾਲੋਂ ਵੀ ਦੂਣ-ਸਵਾਈ ਹੋ ਗਈ |
ਪੰਜਾਬ ਦੇ ਪਿੰਡਾਂ ਵਿੱਚ ਅੰਦੋਲਨ ਪ੍ਰਤੀ ਕਿੰਨਾ ਉਤਸ਼ਾਹ ਹੈ, ਇਹ ਹਾੜ੍ਹੀ ਦੀ ਫ਼ਸਲ 'ਤੇ ਕਿਸਾਨ ਜਥੇਬੰਦੀਆਂ ਨੂੰ ਮਿਲੇ ਫੰਡ ਤੋਂ ਪਤਾ ਲੱਗਦਾ ਹੈ | ਮਾਲਵੇ ਦੇ ਛੋਟੇ ਤੋਂ ਵੱਡੇ ਪਿੰਡਾਂ ਵਿੱਚ 3 ਲੱਖ ਤੋਂ 11 ਲੱਖ ਤੱਕ ਫੰਡ ਇਕੱਠਾ ਹੋਇਆ ਹੈ | ਲੋਕਾਂ ਨੇ ਕਣਕ ਦੇ ਵੀ ਅੰਬਾਰ ਲਾ ਦਿੱਤੇ ਹਨ | ਇਸ ਦੌਰਾਨ ਦੋ ਮਈ ਨੂੰ ਆਏ 5 ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਨਤੀਜਿਆਂ ਨੇ ਕਿਸਾਨ ਸੰਘਰਸ਼ ਵਿੱਚ ਨਵਾਂ ਜੋਸ਼ ਭਰਨ ਦਾ ਕੰਮ ਕੀਤਾ | ਪੱਛਮੀ ਬੰਗਾਲ, ਜਿਸ ਨੂੰ ਜਿੱਤਣ ਲਈ ਮੋਦੀ ਸਮੇਤ ਸਮੁੱਚੀ ਸਰਕਾਰ, ਰਾਜ ਸਰਕਾਰਾਂ, ਭਾਜਪਾ ਤੇ ਆਰ ਐੱਸ ਐੱਸ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਸੀ, ਵਿੱਚ ਭਾਜਪਾ ਬੁਰੀ ਤਰ੍ਹਾਂ ਹਾਰ ਗਈ | ਕਿਸਾਨ ਅੰਦੋਲਨ ਦੇ ਆਗੂਆਂ ਨੇ ਉੱਥੇ ਭਾਜਪਾ ਨੂੰ ਹਰਾਉਣ ਲਈ ਲਗਾਤਾਰ ਮਿਹਨਤ ਕੀਤੀ ਸੀ, ਇਸ ਲਈ ਅੰਦੋਲਨਕਾਰੀਆਂ ਦਾ ਭਾਜਪਾ ਦੀ ਹਾਰ ਤੋਂ ਉਤਸ਼ਾਹਤ ਹੋਣਾ ਸੁਭਾਵਕ ਸੀ |
ਭਾਜਪਾ ਦੀ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਹਾਰ ਹੋ ਜਾਣ ਦੇ ਬਾਵਜੂਦ ਲਗਾਤਾਰ ਇਹ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਕਿ ਕਿਸਾਨ ਅੰਦੋਲਨ ਨੂੰ ਉਖਾੜ ਦਿੱਤਾ ਜਾਵੇ | ਇੱਕ ਵਾਰ ਤਾਂ ਇਹ ਖ਼ਬਰ ਵੀ ਆ ਗਈ ਕਿ ਸਰਕਾਰ ਅੰਦੋਲਨ ਨੂੰ ਖ਼ਤਮ ਕਰਨ ਲਈ 'ਅਪ੍ਰੇਸ਼ਨ ਕਲੀਨ' ਸ਼ੁਰੂ ਕਰਨ ਜਾ ਰਹੀ ਹੈ | ਇਸ ਦੌਰਾਨ ਸਰਕਾਰ ਲਈ ਇਹ ਮਾੜੀ ਖ਼ਬਰ ਆ ਗਈ ਕਿ ਯੂ ਪੀ ਦੀਆਂ ਪੰਚਾਇਤ ਚੋਣਾਂ ਵਿੱਚ ਲੋਕਾਂ ਨੇ ਪਿੰਡਾਂ ਵਿੱਚ ਉਸ ਨੂੰ ਲੱਕ ਤੋੜਵੀਂ ਹਾਰ ਦੇ ਦਿੱਤੀ ਹੈ | ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਕੋਰੋਨਾ ਦਾ ਕਹਿਰ ਮੁਸੀਬਤ ਬਣ ਕੇ ਟੁੱਟ ਪਿਆ | ਹਸਪਤਾਲਾਂ ਵਿੱਚ ਬੈੱਡਾਂ ਦੀ ਭਾਲ ਵਿੱਚ ਲੋਕ ਸੜਕਾਂ 'ਤੇ ਦਮ ਤੋੜਨ ਲੱਗੇ | ਆਕਸੀਜਨ ਦੀ ਕਮੀ ਕਾਰਨ ਹਸਪਤਾਲਾਂ ਵਿੱਚ ਪਏ ਮਰੀਜ਼ ਤੜਫ ਤੜਫ ਕੇ ਮਰ ਰਹੇ ਸਨ | ਸ਼ਮਸ਼ਾਨਾਂ ਵਿੱਚ ਲਾਸ਼ਾਂ ਦੇ ਸਸਕਾਰ ਲਈ ਲਾਈਨਾਂ ਲੱਗ ਗਈਆਂ | ਗੰਗਾ ਤੇ ਹੋਰ ਦਰਿਆਵਾਂ ਵਿੱਚ ਤੈਰਦੀਆਂ ਲਾਸ਼ਾਂ ਨੇ ਵਿਵਸਥਾ ਦਾ ਦੀਵਾਲਾ ਕੱਢ ਦਿੱਤਾ | ਦੁਨੀਆ ਭਰ ਵਿੱਚ ਹਾਕਮਾਂ ਦੀ ਬਦਨਾਮੀ ਦੇ ਡੰਕੇ ਵੱਜਣ ਲੱਗੇ |
ਇਸ ਸਮੇਂ ਤਾਨਾਸ਼ਾਹ ਹਾਕਮਾਂ ਦੀਆਂ ਲੱਤਾਂ ਭਾਰ ਨਹੀਂ ਝੱਲ ਰਹੀਆਂ | ਭਾਜਪਾ ਦਾ ਚਾਣਕਿਆ ਤਾਂ ਲਗਦਾ ਹੈ ਗੁਪਤਵਾਸ ਚਲਾ ਗਿਆ ਹੈ | ਕਿਸਾਨ ਅੰਦੋਲਨ ਲਈ ਇਹੋ ਮੌਕਾ ਸੀ ਕਿ ਮੂਰਛਿਤ ਹੋ ਚੁੱਕੇ ਹਾਕਮਾਂ ਉੱਤੇ ਅਜਿਹੀ ਵਦਾਣੀ ਸੱਟ ਮਾਰੀ ਜਾਵੇ, ਜਿਸ ਨਾਲ ਉਸ ਨੂੰ ਹੋਸ਼ ਆ ਸਕੇ | ਠੀਕ ਤੌਰ ਉੱਤੇ ਕਿਸਾਨ ਜਥੇਬੰਦੀਆਂ ਨੇ 26 ਮਈ ਨੂੰ ਸਮੁੱਚੇ ਦੇਸ਼ ਅੰਦਰ ਕਾਲਾ ਦਿਵਸ ਮਨਾ ਕੇ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਹੈ | ਇਸ ਦਿਨ ਸਭ ਭਾਰਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ, ਕਾਰਾਂ ਤੇ ਮੋਟਰ ਸਾਈਕਲਾਂ 'ਤੇ ਕਾਲੇ ਝੰਡੇ ਲਾ ਕੇ ਆਪਣੀ ਏਕਤਾ ਤੇ ਗੁੱਸੇ ਦਾ ਪ੍ਰਗਟਾਵਾ ਕਰਨ | ਅੰਦੋਲਨਕਾਰੀ ਆਗੂਆਂ ਨੇ ਅੰਦੋਲਨ ਨੂੰ ਹੋਰ ਵਿਸਥਾਰ ਦਿੰਦਿਆਂ ਆਪਣੀਆਂ ਮੰਗਾਂ ਵਿੱਚ ਕੋਰੋਨਾ ਮਹਾਂਮਾਰੀ ਵਿਰੁੱਧ ਸਿਹਤ ਪ੍ਰਬੰਧਾਂ ਨੂੰ ਮਜ਼ਬੂਤ ਕਰਨ, ਸਭ ਲਈ ਮੁਫ਼ਤ ਵੈਕਸੀਨ ਮੁਹੱਈਆ ਕਰਵਾਉਣ ਤੇ ਲੋੜਵੰਦ ਪਰਵਾਰਾਂ ਨੂੰ ਮੁਫ਼ਤ ਅਨਾਜ ਦੇਣ ਆਦਿ ਨੂੰ ਵੀ ਸ਼ਾਮਲ ਕੀਤਾ ਹੈ | ਦੇਸ਼ ਦੀਆਂ 10 ਮੁੱਖ ਟਰੇਡ ਯੂਨੀਅਨਾਂ ਨੇ ਇਸ ਕਾਲੇ ਦਿਵਸ ਦੇ ਸੱਦੇ ਨੂੰ ਹਮਾਇਤ ਦਿੰਦਿਆਂ ਆਪਣੀਆਂ ਸਭ ਇਕਾਈਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਿਨ ਆਪਣੇ ਘਰਾਂ ਤੇ ਵਾਹਨਾਂ ਉੱਤੇ ਕਾਲੇ ਝੰਡੇ ਲਹਿਰਾਉਣ | ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕੋਰੋਨਾ ਦੀ ਭਿਅੰਕਰਤਾ ਦੇ ਦੌਰ ਵਿੱਚ ਅਿ ਜਹੀ ਮੁਹਿੰਮ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੋ ਸਕਦਾ | ਇਸ ਲਈ ਹਰ ਪੰਜਾਬੀ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਦਿਨ ਆਪਣੇ ਘਰ ਤੇ ਵਾਹਨਾਂ 'ਤੇ ਹਰ ਹਾਲਤ ਕਾਲਾ ਝੰਡਾ ਲਹਿਰਾ ਕੇ ਆਪਣੀ ਇੱਕਜੁਟਤਾ ਤੇ ਸੰਘਰਸ਼ ਲਈ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰੇ | ਸਮੁੱਚੇ ਦੇਸ਼ ਵਾਸੀਆਂ ਦੇ ਏਕੇ ਦੀ ਸ਼ਕਤੀ ਹੀ ਸਾਡੀ ਜਿੱਤ ਦੀ ਜ਼ਾਮਨ ਹੈ |
-ਚੰਦ ਫਤਿਹਪੁਰੀ

843 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper