Latest News
ਬਸ ਰਾਮ ਭਰੋਸੇ

Published on 24 May, 2021 10:39 AM.

ਜਦੋਂ ਅਲਾਹਾਬਾਦ ਹਾਈ ਕੋਰਟ ਨੇ ਯੂ ਪੀ ਵਿੱਚ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਨਾਕਸ ਸਿਹਤ ਪ੍ਰਬੰਧਾਂ ਬਾਰੇ ਇਹ ਟਿੱਪਣੀ ਕੀਤੀ ਸੀ ਕਿ ਉਥੋਂ ਦੇ ਲੋਕ ਬਸ ਰਾਮ ਭਰੋਸੇ ਹਨ ਤਾਂ ਰਾਜ ਸਰਕਾਰ ਅੱਗ ਬਬੂਲਾ ਹੋਈ ਸੁਪਰੀਮ ਕੋਰਟ ਜਾ ਪੁੱਜੀ ਸੀ | ਯੂ ਪੀ ਦੇ 97 ਹਜ਼ਾਰ ਪਿੰਡਾਂ ਵਿੱਚ ਸਾਢੇ 15 ਕਰੋੜ ਅਬਾਦੀ ਵਸਦੀ ਹੈ | 'ਜਨ ਚੌਕ' ਦੀ ਇੱਕ ਰਿਪੋਰਟ ਅਨੁਸਾਰ ਇਸ ਸਮੇਂ ਜੋ ਹਾਲਤ ਪੇਂਡੂ ਖੇਤਰ ਦੀ ਬਣ ਚੁੱਕੀ ਹੈ, ਉਹ ਰੌਂਗਟੇ ਖੜ੍ਹੇ ਕਰਨ ਵਾਲੀ ਹੈ | ਕਈ ਘਰਾਂ ਵਿੱਚ ਦੋ-ਦੋ ਪੀੜ੍ਹੀਆਂ ਖ਼ਤਮ ਹੋ ਚੁੱਕੀਆਂ ਹਨ | ਪਿੰਡਾਂ ਵਿੱਚ ਸੰਨਾਟਾ ਛਾਇਆ ਹੋਇਆ ਹੈ | ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦੇ ਗ੍ਰਹਿ ਜ਼ਿਲ੍ਹੇ ਗੋਰਖਪੁਰ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ | ਜ਼ਿਲ੍ਹੇ ਦੇ ਬ੍ਰਹਮਪੁਰ ਪਿੰਡ ਦੀ ਸ਼ਸ਼ੀ ਦੇ ਦੋ ਜਵਾਨ ਬੇਟੇ ਕੋਰੋਨਾ ਦੀ ਭੇਟ ਚੜ੍ਹ ਚੁੱਕੇ ਹਨ | ਇਸ ਸਦਮੇ ਨਾਲ ਪਤੀ ਵੀ ਦਮ ਤੋੜ ਗਏ ਹਨ | ਇਸ ਤੋਂ ਪਹਿਲਾਂ ਵੱਡੇ ਬੇਟੇ ਦੀ ਪਤਨੀ ਦੀ ਮੌਤ ਹੋ ਗਈ ਸੀ | ਹੁਣ ਪਰਵਾਰ ਵਿੱਚ ਸਿਰਫ਼ ਸ਼ਸ਼ੀ ਬਚੀ ਹੈ | ਇਹ ਸਾਰੀਆਂ ਮੌਤਾਂ 20 ਅਪ੍ਰੈਲ ਤੋਂ 15 ਮਈ ਵਿਚਕਾਰ ਹੋਈਆਂ ਹਨ | ਸ਼ਾਹਪੁਰ ਖੇਤਰ ਦੀ ਸ਼ਤਾਬਦੀਪੁਰਮ ਕਲੋਨੀ ਨਿਵਾਸੀ ਅਜੈ ਜਾਇਸਵਾਲ (37) ਤੇ ਪਤਨੀ ਅੰਸ਼ਿਕਾ (35) ਦੀ ਇੱਕੋ ਦਿਨ ਮੌਤ ਹੋ ਗਈ | ਦੋਵੇਂ ਕੋਰੋਨਾ ਪੀੜਤ ਸਨ | ਪਤੀ-ਪਤਨੀ ਦੀ ਅਰਥੀ ਇਕੋ ਵੇਲੇ ਉਠੀ ਤੇ ਚਿਖਾ ਨੂੰ ਡੇਢ ਸਾਲ ਦੇ ਬੇਟੇ ਆਨੰਦ ਨੇ ਅਗਨੀ ਦਿੱਤੀ | ਹੁਣ ਪਰਵਾਰ ਵਿੱਚ 6 ਸਾਲ ਦੀ ਬੇਟੀ ਤੇ ਡੇਢ ਸਾਲ ਦਾ ਲੜਕਾ ਬਚਿਆ ਹੈ | ਇਸੇ ਜ਼ਿਲ੍ਹੇ ਦੇ ਮਝਿਗਾਵਾ ਪਿੰਡ ਵਿੱਚ ਪਹਿਲਾਂ ਦੀਪ ਨਰਾਇਣ ਸ਼ੁਕਲਾ ਦੀ ਮੌਤ ਹੋਈ ਤੇ ਪੰਜਵੇਂ ਦਿਨ ਪਿਤਾ ਗਜੇਂਦਰ ਨਾਥ ਵੀ ਦਮ ਤੋੜ ਗਏ | ਬੜਹਲਗੰਜ ਵਿੱਚ ਵਿਜੈ ਨਰਾਇਣ ਤੇ ਉਨ੍ਹਾ ਦੀ ਪਤਨੀ ਮੁਰਾਤੀ ਦੀ ਅਰਥੀ ਇੱਕੋ ਸਮੇਂ ਉੱਠੀ | ਭਰੋਹੀਆ ਬਲਾਕ ਦੇ ਪਿੰਡ ਫਰਦਹਨੀ ਵਿੱਚ ਰਾਜ ਕੁਮਾਰ ਵਰਮਾ ਤੇ ਉਨ੍ਹਾ ਦੇ ਭਰਾ ਦੁਰਗੇਸ਼ ਵਰਮਾ ਦੀ ਮੌਤ ਹੋ ਚੁੱਕੀ ਹੈ | ਮੁੜਿਲਾ ਪਿੰਡ ਵਿੱਚ ਅਨਿਰੁਧ ਤੇ ਉਨ੍ਹਾ ਦੇ ਬੇਟੇ ਅਨੀਕੇਤ ਦਮ ਤੋੜ ਚੁੱਕੇ ਹਨ | ਪਾਦਰੀ ਬਜ਼ਾਰ ਇਲਾਕੇ ਦੇ ਜੰਗਲ ਸਾਲਿਕਰਾਮ ਦੀ ਇੰਦਰਾਵਤੀ ਦੀ ਮੌਤ ਇੱਕ ਮਈ ਨੂੰ ਹੋਈ ਸੀ | ਪਤੀ ਸੁਭਾਸ਼ ਪਾਂਡੇ ਉਸ ਦੀਆਂ ਅਸਥੀਆਂ ਵਿਸਰਜਤ ਕਰਨ ਵਾਰਾਨਸੀ ਗਏ | ਵਾਪਸ ਆਏ ਤਾਂ ਤਬੀਅਤ ਵਿਗੜ ਗਈ | ਪਰਵਾਰ ਵਾਲੇ ਹਸਪਤਾਲ ਲੈ ਕੇ ਜਾਣ ਲੱਗੇ ਤਾਂ ਉਨ੍ਹਾ ਦਮ ਤੋੜ ਦਿੱਤਾ | ਇਸ ਇਲਾਕੇ ਦੇ ਮੋਹਨਾਪੁਰ ਦੇ ਰਾਮੂ ਨਿਸ਼ਾਦ ਦੀ 29 ਅਪ੍ਰੈਲ ਨੂੰ ਕੋਰੋਨਾ ਨਾਲ ਮੌਤ ਹੋ ਗਈ | ਤਿੰਨ ਮਈ ਨੂੰ ਉਸ ਦੀ ਮਾਂ ਨੇ ਵੀ ਦਮ ਤੋੜ ਦਿੱਤਾ | ਇਸ ਜ਼ਿਲ੍ਹੇ ਦੇ ਬ੍ਰਹਮਪੁਰ ਦੇ ਸਰਵੇਸ਼ ਦਿਵੇਦੀ ਦੀ ਕੋਰੋਨਾ ਨਾਲ ਮੌਤ ਹੋ ਗਈ | ਇਸ ਤੋਂ ਬਾਅਦ ਉਨ੍ਹਾ ਦੇ ਪਿਤਾ ਨੇ ਵੀ ਦਮ ਤੋੜ ਦਿੱਤਾ | ਵੱਡੇ ਭਰਾ ਪ੍ਰਦੀਪ ਕੋਰੋਨਾ ਕਾਰਨ ਹਸਪਤਾਲ ਵਿੱਚ ਦਾਖ਼ਲ ਸਨ, ਉਨ੍ਹਾ ਦੀ ਵੀ ਮੌਤ ਹੋ ਗਈ | ਦੁਰਗਾਬਾੜੀ ਨਿਵਾਸੀ ਦਵਾਈ ਵਿਕਰੇਤਾ ਨੀਰਜ ਤਿਵਾੜੀ ਦੀ ਮਾਂ ਕਮਲਾ ਦੇਵੀ, ਪਿਤਾ ਸ਼ਿਵਜੀ ਤਿਵਾੜੀ ਤੇ ਭੈਣ ਆਸ਼ਾ ਪਾਂਡੇ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ | ਆਸ਼ਾ ਪਾਂਡੇ ਸਹੁਰੇ ਪਿੰਡੋਂ ਮਾਂ-ਪਿਓ ਦੀ ਸੇਵਾ ਕਰਨ ਆਈ ਸੀ, ਕੋਰੋਨਾ ਦੀ ਲਾਗ ਨੇ ਉਸ ਨੂੰ ਵੀ ਨਿਗਲ ਲਿਆ | ਖੈਰਾਬਾਰ ਇਲਾਕੇ ਦੇ ਚੰਬਰੀ ਪਿੰਡ ਦੇ ਹੀਰਾ ਲਾਲ, ਪੁੱਤਰ ਸੁਰੇਸ਼ ਚੰਦ ਤੇ ਵੱਡੇ ਬੇਟੇ ਮਨੋਜ ਦੀ ਪਤਨੀ ਚੰਪਾ ਦੇਵੀ ਦੀ ਕੋਰੋਨਾ ਨਾਲ ਮੌਤ ਹੋ ਗਈ | ਮਨੋਜ ਹਸਪਤਾਲ ਦਾਖਲ ਸੀ, ਇਸ ਲਈ ਉਹ ਸਸਕਾਰ ਵਿੱਚ ਸ਼ਾਮਲ ਨਾ ਹੋ ਸਕਿਆ | ਦੂਸਰੇ ਦਿਨ ਮਨੋਜ ਦੀ ਵੀ ਮੌਤ ਹੋ ਗਈ, ਪਰਵਾਰ ਦੇ ਬਚੇ ਮੈਂਬਰ ਬੇਟੀ ਅਨੀਤਾ, ਹੀਰਾ ਲਾਲ ਦੀ ਪਤਨੀ ਤੇ ਸੁਰੇਸ਼ ਦੀ ਪਤਨੀ ਸਭ ਕੋਰੋਨਾ ਤੋਂ ਪੀੜਤ ਹਨ | ਚੌਰਾਚੌਰੀ ਤਹਿਸੀਲ ਦੇ ਪਿੰਡ ਭੈਸਹੀ ਰਾਮਦੱਤ ਵਿੱਚ 12 ਦਿਨਾਂ ਅੰਦਰ ਇੱਕ ਪਰਵਾਰ ਦੇ ਤਿੰਨ ਮੈਬਰਾਂ ਦੀ ਮੌਤ ਹੋ ਚੁੱਕੀ ਹੈ | ਇਨ੍ਹਾਂ ਵਿੱਚ ਪਤੀ, ਪਤਨੀ ਤੇ ਵਕੀਲ ਬੇਟਾ ਸ਼ਾਮਲ ਹਨ | ਕੈਪਰੀਆਗੰਜ ਦੇ ਨਵਾਪਰ ਪਿੰਡ ਵਿੱਚ ਪਹਿਲਾਂ ਕਪਿਲ ਦੇਵ ਮਿਸ਼ਰਾ ਦੀ ਮੌਤ ਹੋਈ ਤੇ ਤਿੰਨ ਘੰਟੇ ਬਾਅਦ ਬੇਟੇ ਨੇ ਵੀ ਦਮ ਤੋੜ ਦਿੱਤਾ | ਉਪਰੋਕਤ ਸਾਰੀ ਹਾਲਤ ਸਿਰਫ਼ ਇੱਕ ਜ਼ਿਲ੍ਹੇ ਦੇ ਕੁਝ ਪਿੰਡਾਂ ਦੀ ਹੈ | ਇਸ ਖੇਤਰ ਦੇ ਦੇਵਰੀਆ, ਕੁਸ਼ੀਨਗਰ ਤੇ ਮਹਾਰਾਜਗੰਜ ਜ਼ਿਲਿ੍ਹਆਂ ਦੀ ਹਾਲਤ ਵੀ ਇਸ ਤੋਂ ਵੱਖਰੀ ਨਹੀਂ, ਪਰ ਯੋਗੀ ਸਰਕਾਰ ਲਗਾਤਾਰ ਸਥਿਤੀ ਵਿੱਚ ਸੁਧਾਰ ਦੇ ਦਾਅਵੇ ਕਰ ਰਹੀ ਹੈ | ਸਰਕਾਰ ਦਾ ਸਿਹਤ ਵਿਭਾਗ ਦਾਅਵਾ ਕਰ ਰਿਹਾ ਹੈ ਕਿ ਉਸ ਵੱਲੋਂ 89,512 ਪਿੰਡਾਂ 'ਚ ਕਰਾਈ ਟੈਸਟਿੰਗ ਤੋਂ ਬਾਅਦ ਸਿਰਫ਼ 28,742 ਪਿੰਡਾਂ ਵਿੱਚ ਹੀ ਕੋਰੋਨਾ ਕੇਸ ਮਿਲੇ ਹਨ ਤੇ ਬਾਕੀ ਬਚੇ ਹੋਏ ਹਨ | ਇਸ ਸੰਬੰਧੀ ਜਦੋਂ ਪੱਤਰਕਾਰਾਂ ਦੀ ਟੀਮ ਨੇ ਕੁਝ ਪਿੰਡਾਂ ਵਿੱਚ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਦੋ-ਦੋ ਹਜ਼ਾਰ ਦੀ ਅਬਾਦੀ ਵਾਲੇ ਪਿੰਡਾਂ ਵਿੱਚ ਸਿਰਫ਼ 20-25 ਲੋਕਾਂ ਦੀ ਜਾਂਚ ਤੋਂ ਬਾਅਦ ਸਿੱਟੇ ਕੱਢ ਲਏ ਗਏ | ਅਸਲ ਵਿੱਚ ਯੂ ਪੀ ਦੇ ਪਿੰਡਾਂ ਦੀ ਜੋ ਹਾਲਤ ਬਣ ਚੁੱਕੀ ਹੈ, ਉਸ ਉੱਤੇ ਅਦਾਲਤ ਦੀ 'ਰਾਮ ਭਰੋਸੇ' ਵਾਲੀ ਟਿੱਪਣੀ ਹੀ ਸਟੀਕ ਬੈਠਦੀ ਹੈ |

812 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper