Latest News
ਕਸ਼ਮੀਰ ਤੋਂ ਬਾਅਦ ਲਕਸ਼ਦੀਪ

Published on 25 May, 2021 10:19 AM.


ਕੇਂਦਰ ਸ਼ਾਸਤ ਪ੍ਰਦੇਸ਼ ਲਕਸ਼ਦੀਪ 36 ਟਾਪੂਆਂ ਨੂੰ ਮਿਲਾ ਕੇ ਬਣਾਇਆ ਗਿਆ ਹੈ | ਇਨ੍ਹਾਂ ਵਿਚੋਂ ਸਿਰਫ 10 ਵਿਚ ਮਨੁੱਖੀ ਆਬਾਦੀ ਹੈ | ਬਹੁਗਿਣਤੀ ਮੁਸਲਮਾਨਾਂ ਦੀ ਹੈ, ਜਿਹੜੇ ਕੋਈ 65 ਕੁ ਹਜ਼ਾਰ ਹਨ, ਜੋ ਕਿ ਕੁਲ ਆਬਾਦੀ ਦਾ 96 ਫੀਸਦੀ ਬਣਦੇ ਹਨ | ਇਥੋਂ ਦੇ ਲੋਕ ਅੱਜਕੱਲ੍ਹ ਇਸ ਗੱਲੋਂ ਡਰੇ ਹੋਏ ਹਨ ਕਿ ਮੁਸਲਮਾਨਾਂ ਤੋਂ ਖਾਰ ਖਾਣ ਵਾਲਾ ਸੰਘ ਪਰਵਾਰ ਇਸ ਦਾ ਵੀ ਕਸ਼ਮੀਰ ਵਾਲਾ ਹਾਲ ਕਰਨ ਜਾ ਰਿਹਾ ਹੈ | ਇਥੇ ਸਾਰੀਆਂ ਤਾਕਤਾਂ ਪ੍ਰਸ਼ਾਸਕ ਦੇ ਹੱਥ ਹੁੰਦੀਆਂ ਹਨ ਤੇ ਅੱਜਕੱਲ੍ਹ ਪ੍ਰਸ਼ਾਸਕ ਪ੍ਰਫੁਲ ਖੋਦਾ ਪਟੇਲ ਹੈ, ਜਿਸ ਨੂੰ ਪਿਛਲੇ ਸਾਲ ਦਸੰਬਰ ਵਿਚ ਨਿਯੁਕਤ ਕੀਤਾ ਗਿਆ ਸੀ | ਇਹ ਉਹੀ ਪਟੇਲ ਹੈ, ਜਿਹੜਾ ਸੋਹਰਾਬੂਦੀਨ ਸ਼ੇਖ ਮੁਕਾਬਲੇ ਦੇ ਕੇਸ ਵਿਚ ਅਮਿਤ ਸ਼ਾਹ ਨੂੰ ਅਸਤੀਫਾ ਦੇਣਾ ਪੈ ਜਾਣ ਕਾਰਨ 2010 ਵਿਚ ਨਰਿੰਦਰ ਮੋਦੀ ਨੇ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਗ੍ਰਹਿ ਮੰਤਰੀ ਬਣਾਇਆ ਸੀ ਤੇ ਉਹ 2012 ਤੱਕ ਇਸ ਅਹੁਦੇ 'ਤੇ ਰਿਹਾ | ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਆਜ਼ਾਦੀ ਤੋਂ ਬਾਅਦ ਹਮੇਸ਼ਾ ਨੌਕਰਸ਼ਾਹ ਹੀ ਪ੍ਰਸ਼ਾਸਕ ਨਿਯੁਕਤ ਕੀਤੇ ਜਾਂਦੇ ਰਹੇ ਹਨ, ਪਟੇਲ ਦੀ ਸਿਆਸੀ ਬੰਦੇ ਵਜੋਂ ਨਿਯੁਕਤੀ ਹੋਈ ਹੈ | ਸ਼ਾਹ ਦੇ ਕਰੀਬੀ ਰਹੇ ਪਟੇਲ ਨੇ ਪਿਛਲੇ ਪੰਜ ਮਹੀਨਿਆਂ ਵਿਚ ਹੀ ਜਿੰਨੇ ਹੁਕਮ ਕਰ ਦਿੱਤੇ ਹਨ, ਉਨ੍ਹਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਸੰਘ ਦਾ ਏਜੰਡਾ ਲਾਗੂ ਕਰਨ ਲਈ ਉਹ ਕਿੰਨਾ ਕਾਹਲਾ ਵਗ ਰਿਹਾ ਹੈ | ਉਸ ਨੇ ਸਕੂਲਾਂ ਵਿਚ ਮਿਡ ਡੇ ਮੀਲ ਤੇ ਹੋਸਟਲਾਂ 'ਚ ਨਾਨ-ਵੈਜੀਟੇਰੀਅਨ ਫੂਡ ਨੂੰ ਹਟਾ ਦਿੱਤਾ ਹੈ, ਦੋ ਤੋਂ ਵੱਧ ਬੱਚਿਆਂ ਵਾਲਿਆਂ 'ਤੇ ਪੰਚਾਇਤ ਚੋਣਾਂ ਲੜਨ 'ਤੇ ਰੋਕ ਲਾ ਦਿੱਤੀ ਹੈ, 2 ਹਜ਼ਾਰ ਆਰਜ਼ੀ ਸਰਕਾਰੀ ਵਰਕਰਾਂ ਨੂੰ ਹਟਾ ਦਿੱਤਾ ਹੈ, ਜਿਸ ਤੋਂ ਇਹ ਡਰ ਪੈਦਾ ਹੋਇਆ ਹੈ ਕਿ ਉਨ੍ਹਾਂ ਦੀ ਥਾਂ ਬਾਹਰਲਿਆਂ ਨੂੰ ਨਿਯੁਕਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਕੰਟਰੋਲ ਆਫ ਗੁੰਡਾ ਐਕਟ ਲਾਗੂ ਕਰ ਦਿੱਤਾ ਹੈ | ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ (ਐੱਨ ਆਰ ਸੀ) ਤੇ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਵਿਰੁੱਧ ਲੱਗੇ ਸਾਰੇ ਪੋਸਟਰ ਤੇ ਬੋਰਡ ਹਟਵਾ ਦਿੱਤੇ ਹਨ | ਗੁੰਡਾ ਐਕਟ ਵਿਚ ਕਿਸੇ ਨੂੰ ਬਿਨਾਂ ਵਾਰੰਟ ਗਿ੍ਫਤਾਰ ਕੀਤਾ ਜਾ ਸਕਦਾ ਹੈ ਤੇ ਲੰਮੇ ਸਮੇਂ ਤੱਕ ਨਜ਼ਰਬੰਦ ਰੱਖਿਆ ਜਾ ਸਕਦਾ ਹੈ | ਪੁਲਸ ਨੌਜਵਾਨਾਂ ਨੂੰ ਧਮਕਾ ਰਹੀ ਹੈ ਕਿ ਜੇ ਉਨ੍ਹਾਂ ਐੱਨ ਆਰ ਸੀ ਤੇ ਸੀ ਏ ਏ ਖਿਲਾਫ ਮੁਜ਼ਾਹਰੇ ਕੀਤੇ ਤਾਂ ਗੁੰਡਾ ਐਕਟ ਤਹਿਤ ਅੰਦਰ ਕਰ ਦਿੱਤੇ ਜਾਓਗੇ | ਮੀਟ ਤੇ ਮੱਛੀ ਲੋਕਾਂ ਦੀ ਖੁਰਾਕ ਦਾ ਹਿੱਸਾ ਹੈ, ਪਰ ਪ੍ਰਸ਼ਾਸਕ ਨੇ ਗਊ ਮਾਸ (ਬੀਫ) ਦੀ ਵਿਕਰੀ, ਖਪਤ, ਸਟੋਰੇਜ ਤੇ ਟਰਾਂਸਪੋਰਟ ਉਤੇ ਰੋਕ ਲਾਉਣ ਦੇ ਨਾਲ-ਨਾਲ ਮਛੇਰਿਆਂ ਦਾ ਜੀਣਾ ਵੀ ਹਰਾਮ ਕਰ ਦਿੱਤਾ ਹੈ | ਕੁਲ ਆਬਾਦੀ ਵਿਚੋਂ 80 ਫੀਸਦੀ ਤੋਂ ਵੱਧ ਲੋਕ ਮੱਛੀਆਂ ਫੜਨ ਤੇ ਵੇਚਣ ਦਾ ਕੰਮ ਕਰਦੇ ਹਨ | ਪਟੇਲ ਪ੍ਰਸ਼ਾਸਨ ਨੇ ਤੱਟਵਰਤੀ ਖੇਤਰ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਸਮੁੰਦਰ ਕੰਢਿਓਾ ਮਛੇਰਿਆਂ ਦੀਆਂ ਆਰਜ਼ੀ ਝੌਂਪੜੀਆਂ, ਸ਼ੈੱਡ, ਕਿਸ਼ਤੀਆਂ ਤੇ ਸਟੋਰ ਹਟਵਾ ਦਿੱਤੇ ਹਨ | ਮੁਸਲਮ ਧਰਮ ਤੇ ਸਿੱਭਆਚਾਰ ਮੁਤਾਬਕ ਮੁਸਲਮਾਨ ਸ਼ਰਾਬ ਤੋਂ ਦੂਰ ਰਹਿੰਦੇ ਹਨ, ਪਰ ਪ੍ਰਸ਼ਾਸਕ ਨੇ ਟੂਰਿਜ਼ਮ ਨੂੰ ਵਧਾਉਣ ਤੇ ਨਿੱਜੀ ਆਜ਼ਾਦੀ ਦੇ ਓਹਲੇ ਸ਼ਰਾਬ ਦੇ ਲਸੰਸ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ | ਪ੍ਰਸ਼ਾਸਕ ਜਿਹੜੀ ਸਭ ਤੋਂ ਖਤਰਨਾਕ ਚਾਲ ਰਿਹਾ ਹੈ, ਉਹ ਹੈ ਲਕਸ਼ਦੀਪ ਡਿਵੈੱਲਪਮੈਂਟ ਅਥਾਰਟੀ ਰੈਗੂਲੇਸ਼ਨ 2021 ਲਾਗੂ ਕਰਨਾ, ਜਿਸ ਤਹਿਤ ਸ਼ਹਿਰੀ ਤੇ ਪੇਂਡੂ ਇਲਾਕਿਆਂ ਦੇ ਵਿਕਾਸ ਦੀ ਗੱਲ ਕਹੀ ਗਈ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਬਹਾਨੇ ਬਾਹਰਲੇ ਲੋਕਾਂ ਦੇ ਉਨ੍ਹਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਵਾਏ ਜਾਣਗੇ | ਲਕਸ਼ਦੀਪ ਦਾ ਕੇਰਲਾ ਨਾਲ ਕਰੀਬੀ ਰਿਸ਼ਤਾ ਹੈ | ਕੇਰਲਾ ਤੋਂ ਸੀ ਪੀ ਆਈ ਦੇ ਰਾਜ ਸਭਾ ਮੈਂਬਰ ਬਿਨੋਏ ਵਿਸਵਮ, ਲਕਸ਼ਦੀਪ ਦੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨ ਸੀ ਪੀ) ਦੇ ਸਾਂਸਦ ਮੁਹੰਮਦ ਫੈਜ਼ਲ ਸਮੇਤ ਕਈ ਆਗੂਆਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਲਿਖਿਆ ਹੈ ਕਿ ਪਟੇਲ ਸਥਾਨਕ ਲੋਕਾਂ ਤੇ ਉਨ੍ਹਾਂ ਦੀਆਂ ਚੁਣੀਆਂ ਬਾਡੀਆਂ ਨਾਲ ਸਲਾਹ ਕੀਤੇ ਬਿਨਾਂ ਫੈਸਲੇ ਕਰ ਰਿਹਾ ਹੈ | ਖੇਤਰ ਦੀ ਸਮਾਜੀ-ਆਰਥਕ ਹਕੀਕਤ ਨੂੰ ਨਜ਼ਰਅੰਦਾਜ਼ ਕਰਕੇ ਕੀਤੇ ਜਾਣ ਵਾਲੇ ਫੈਸਲੇ ਲੋਕਾਂ ਦਾ ਜੀਣਾ ਹਰਾਮ ਕਰ ਦੇਣਗੇ | ਇਨ੍ਹਾਂ ਆਗੂਆਂ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਇਹ ਫੈਸਲੇ ਰੱਦ ਕੀਤੇ ਜਾਣ ਤੇ ਪਟੇਲ ਨੂੰ ਅਹੁਦੇ ਤੋਂ ਹਟਾਇਆ ਜਾਵੇ | ਦੇਖਣ ਵਾਲੀ ਗੱਲ ਹੋਵੇਗੀ ਕਿ ਸੰਘ ਪਿਛੋਕੜ ਵਾਲੇ ਰਾਸ਼ਟਰਪਤੀ ਕੀ ਕਰਦੇ ਹਨ | ਉਂਜ ਕਸ਼ਮੀਰੀਆਂ ਨੂੰ ਖੂੰਜੇ ਲਾਉਣ ਲਈ ਜੰਮੂ-ਕਸ਼ਮੀਰ ਦਾ ਰਾਜ ਦਾ ਰੁਤਬਾ ਖਤਮ ਕਰਕੇ ਉਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ (ਜੰਮੂ-ਕਸ਼ਮੀਰ ਤੇ ਲੱਦਾਖ) ਵਿਚ ਬਦਲਣ ਦੇ ਕਾਨੂੰਨ ਨੂੰ ਲਾਗੂ ਕਰਨ ਦਾ ਫਰਮਾਨ ਜਾਰੀ ਕਰਨ 'ਚ ਉਨ੍ਹਾਂ ਦੇਰ ਨਹੀਂ ਲਾਈ ਸੀ | ਹੁਣ ਮੁਸਲਮਾਨਾਂ ਦੀ ਭਾਰੀ ਬਹੁਗਿਣਤੀ ਵਾਲੇ ਲਕਸ਼ਦੀਪ ਦੀ ਵਾਰੀ ਹੈ |

814 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper