Latest News
ਪੁਲਸ ਵੱਲੋਂ ਝੂਠ ਦੀ ਪੈਰਵੀ

Published on 26 May, 2021 10:13 AM.

ਦੇਸ਼ ਵਿੱਚ ਲੋਕਤੰਤਰ ਹੈ ਜਾਂ ਪੁਲਸ ਰਾਜ, ਇਹ ਸਵਾਲ ਇਸ ਲਈ ਜ਼ਰੂਰੀ ਹੋ ਗਿਆ ਹੈ ਕਿ ਹਾਕਮ ਹਰ ਅਵਾਜ਼ ਨੂੰ ਦਬਾਉਣ ਲਈ ਪੁਲਸ ਨੂੰ ਅੱਗੇ ਕਰ ਦਿੰਦੇ ਹਨ | ਪੱਤਰਕਾਰਾਂ ਤੇ ਸਮਾਜਿਕ ਕਾਰਕੁਨਾਂ ਵਿਰੁੱਧ ਰਾਜਧ੍ਰੋਹ ਦੇ ਕਾਨੂੰਨ ਦੀ ਵਰਤੋਂ ਤਾਂ ਆਮ ਗੱਲ ਹੋ ਚੁੱਕੀ ਹੈ | ਵਿਰੋਧੀਆਂ ਨੂੰ ਪੁਲਸ ਮੁਕਾਬਲਿਆਂ ਰਾਹੀਂ ਪਾਰ ਬੁਲਾ ਦੇਣਾ ਹਾਕਮਾਂ ਦੀ ਨਿੱਤ ਦਿਨ ਦੀ ਖੇਡ ਬਣ ਚੁੱਕਾ ਹੈ | ਹੁਣ ਤਾਂ ਜੇਲ੍ਹ ਅੰਦਰ ਵੀ ਪੁਲਸ ਮੁਕਾਬਲੇ ਹੋਣ ਲੱਗ ਪਏ ਹਨ | ਭਾਜਪਾ ਆਗੂਆਂ ਦੇ ਝੂਠ ਨੂੰ ਸੱਚ ਬਣਾਉਣ ਦੀ ਜ਼ਿੰਮੇਵਾਰੀ ਵੀ ਪੁਲਸ ਨੂੰ ਦੇ ਦਿੱਤੀ ਗਈ ਹੈ | ਪਿਛਲੇ ਦਿਨੀਂ ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਕਾਂਗਰਸ ਪਾਰਟੀ ਉਤੇ ਦੋਸ਼ ਲਾਇਆ ਸੀ ਕਿ ਉਹ ਇੱਕ ਟੂਲਕਿਟ ਰਾਹੀਂ ਮੋਦੀ ਸਰਕਾਰ ਦਾ ਅਕਸ ਵਿਗਾੜ ਰਹੀ ਹੈ | ਇਸ ਦੇ ਜਵਾਬ ਵਿੱਚ ਕਾਂਗਰਸ ਨੇ ਕਿਹਾ ਸੀ ਕਿ ਸੰਬਿਤ ਪਾਤਰਾ ਵੱਲੋਂ ਪੇਸ਼ ਕੀਤਾ ਗਿਆ ਦਸਤਾਵੇਜ਼ (ਟੂਲਕਿੱਟ) ਫਰਜ਼ੀ ਹੈ | ਕਾਂਗਰਸੀ ਆਗੂਆਂ ਨੇ ਇਸ ਵਿਰੁੱਧ ਦਿੱਲੀ ਤੇ ਛੱਤੀਸਗੜ੍ਹ ਅੰਦਰ ਭਾਜਪਾ ਆਗੂਆਂ ਵਿਰੁੱਧ ਕੇਸ ਵੀ ਦਰਜ ਕਰਾਏ ਸਨ | ਇਸ ਦੇ ਨਾਲ ਹੀ ਕਾਂਗਰਸ ਵੱਲੋਂ ਸੰਬਿਤ ਪਾਤਰਾ, ਜੇ ਪੀ ਨੱਢਾ ਤੇ ਸਮਿ੍ਤੀ ਈਰਾਨੀ ਸਮੇਤ ਦਰਜਨ ਭਰ ਭਾਜਪਾ ਆਗੂਆਂ ਵਿਰੁੱਧ ਟਵਿੱਟਰ ਇੰਡੀਆ ਕੋਲ ਸ਼ਿਕਾਇਤ ਦਰਜ ਕਰਾਈ ਗਈ ਹੈ | ਟਵਿੱਟਰ ਇੰਡੀਆ ਨੇ ਕਾਰਵਾਈ ਕਰਦਿਆਂ ਸੰਬਿਤ ਪਾਤਰਾ ਦੇ ਟੂਲਕਿੱਟ ਵਾਲੇ ਦਸਤਾਵੇਜ਼ ਨਾਲ ਮੈਨੂਪਲੇਟਿਡ ਦਾ ਟੈਗ ਨਾ ਦਿੱਤਾ ਸੀ | ਇਹ ਟੈਗ ਲਾਏ ਜਾਣ ਤੋਂ ਬਾਅਦ ਭਾਜਪਾ ਦੀ ਸੋਸ਼ਲ ਮੀਡੀਆ 'ਤੇ ਬਹੁਤ ਭੰਡੀ ਹੋਈ ਸੀ | ਇਸ 'ਤੇ ਕੇਂਦਰ ਸਰਕਾਰ ਨੇ ਟਵਿੱਟਰ ਇੰਡੀਆ ਵਿਰੁੱਧ ਰੋਸ ਪ੍ਰਗਟ ਕਰਦਿਆਂ ਕਿਹਾ ਸੀ ਕਿ ਉਹ ਮੈਨੂਪਲੇਟਿਡ ਵਾਲੇ ਟੈਗ ਨੂੰ ਹਟਾ ਦੇਵੇ, ਕਿਉਂਕਿ ਇਹ ਮਾਮਲਾ ਜਾਂਚ ਏਜੰਸੀਆਂ ਕੋਲ ਪੈਂਡਿੰਗ ਹੈ | ਇਸ 'ਤੇ ਟਵਿੱਟਰ ਇੰਡੀਆ ਨੇ ਜਦੋਂ ਚੁੱਪ ਵੱਟੀ ਰੱਖੀ ਤਾਂ ਸਰਕਾਰ ਨੇ ਦਿੱਲੀ ਪੁਲਸ ਨੂੰ ਕਮਾਂਡ ਸੰਭਾਲ ਦਿੱਤੀ | ਬੀਤੇ ਸੋਮਵਾਰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੇ ਕਈ ਅਧਿਕਾਰੀ ਟਵਿੱਟਰ ਇੰਡੀਆ ਦੇ ਦਿੱਲੀ ਤੇ ਗੁਰੂਗਰਾਮ ਦਫ਼ਤਰਾਂ ਵਿੱਚ ਆਣ ਧਮਕੇ ਅਤੇ ਇਹ ਪੜਤਾਲ ਅਰੰਭ ਦਿੱਤੀ ਕਿ ਟਵਿੱਟਰ ਇੰਡੀਆ ਨੇ ਟੂਲਕਿੱਟ ਸੰਬੰਧੀ ਭਾਜਪਾ ਬੁਲਾਰੇ ਸੰਬਿਤ ਪਾਤਰਾ ਦੇ ਟਵੀਟ ਉੱਤੇ ਕਿਸ ਅਧਾਰ 'ਤੇ ਮੈਨੂਪਲੇਟਿਡ (ਤੋੜ-ਮਰੋੜ ਕੇ) ਟੈਗ ਲਗਾਇਆ ਹੈ | ਅਖਬਾਰੀ ਰਿਪੋਰਟਾਂ ਅਨੁਸਾਰ ਦਿੱਲੀ ਪੁਲਸ ਦੀ ਇਹ ਛਾਪੇਮਾਰੀ ਸਰਕਾਰ ਵੱਲੋਂ ਟਵਿੱਟਰ ਇੰਡੀਆ ਨੂੰ ਟੈਗ ਹਟਾਉਣ ਵਿਰੁੱਧ ਜਾਰੀ ਕੀਤੀ ਚੇਤਾਵਨੀ ਤੋਂ ਦੋ ਦਿਨ ਬਾਅਦ ਕੀਤੀ ਗਈ, ਜੋ ਸਿੱਧੇ ਤੌਰ 'ਤੇ ਟਵਿੱਟਰ ਇੰਡੀਆ 'ਤੇ ਦਬਾਅ ਬਣਾਉਣ ਲਈ ਕੀਤੀ ਗਈ ਸੀ | ਅਸਲ ਵਿੱਚ ਇਸ ਸਾਰੇ ਕੇਸ ਵਿੱਚ ਭਾਜਪਾ ਕਾਂਗਰਸ ਦੇ ਹੱਥੋਂ ਹਾਰ ਚੁੱਕੀ ਸੀ, ਇਸ ਲਈ ਪੁਲਸ ਵੱਲੋਂ ਇਸ ਛਾਪੇਮਾਰੀ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਟਵਿੱਟਰ ਇੰਡੀਆ ਦੀ ਕਾਰਵਾਈ ਗਲਤ ਹੈ | ਇਸੇ ਲਈ ਟਵਿੱਟਰ ਇੰਡੀਆ ਦੇ ਦਿੱਲੀ ਦੇ ਲਾਡੋ ਸਰਾਏ ਤੇ ਗੁਰੂਗਰਾਮ ਵਾਲੇ ਦਫ਼ਤਰਾਂ ਉੱਤੇ ਛਾਪੇਮਾਰੀ ਕਰਨ ਗਈਆਂ ਦੋਵੇਂ ਟੀਮਾਂ ਆਪਣੇ ਨਾਲ ਚੋਣਵੇਂ ਪੱਤਰਕਾਰਾਂ ਨੂੰ ਵੀ ਨਾਲ ਲੈ ਕੇ ਗਈਆਂ, ਤਾਂ ਜੋ ਇਸ ਦਾ ਪ੍ਰਸਾਰਨ ਕੀਤਾ ਜਾ ਸਕੇ | ਛਾਪੇਮਾਰੀ ਦੀ ਵੱਡੇ ਪੱਧਰ 'ਤੇ ਹੋਈ ਅਲੋਚਨਾ ਤੋਂ ਬਾਅਦ ਦਿੱਲੀ ਪੁਲਸ ਦੇ ਲੋਕ ਸੰਪਰਕ ਅਧਿਕਾਰੀ ਨੇ ਇਸ ਮਾਮਲੇ ਨੂੰ ਇਹ ਕਹਿ ਕੇ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਟੀਮਾਂ ਤਾਂ ਟਵਿੱਟਰ ਇੰਡੀਆ ਨੂੰ ਨੋਟਿਸ ਦੇਣ ਗਈਆਂ ਸਨ, ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਨ੍ਹਾਂ ਕਿਸ ਅਧਾਰ ਉੱਤੇ ਸੰਬਿਤ ਪਾਤਰਾ ਦੇ ਟਵੀਟ 'ਤੇ ਟੈਗ ਲਾਇਆ ਹੈ | ਇਹ ਸਫ਼ਾਈ ਕਿਸੇ ਦੇ ਸੰਘੋਂ ਨਹੀਂ ਉਤਰ ਰਹੀ, ਕਿਉਂਕਿ ਨੋਟਿਸ ਤਾਂ ਈ-ਮੇਲ ਜਾਂ ਕਿਸੇ ਸਿਪਾਹੀ ਹੱਥ ਵੀ ਭੇਜਿਆ ਜਾ ਸਕਦਾ ਹੈ, ਫਿਰ ਅਧਿਕਾਰੀਆਂ ਦੀ ਅਗਵਾਈ ਵਿੱਚ ਪੁਲਸ ਦਲ ਕਿਸ ਮਕਸਦ ਲਈ ਭੇਜੇ ਗਏ ਸਨ | ਇਸ ਛਾਪੇਮਾਰੀ ਬਾਰੇ ਪੱਤਰਕਾਰ ਅਭਿਸਾਰ ਸ਼ਰਮਾ ਨੇ ਕਿਹਾ ਹੈ, ''ਟਵਿੱਟਰ ਉੱਤੇ ਛਾਪੇਮਾਰੀ? ਕੀ ਮੋਦੀ ਸਰਕਾਰ ਨੇ ਮਾਨਸਿਕ ਸੰਤੁਲਨ ਗੁਆ ਦਿੱਤਾ ਹੈ? ਕੀ ਉਹ ਦੇਸ਼ ਦੇ ਮਾਣ-ਸਨਮਾਨ ਤੋਂ ਪ੍ਰੇਸ਼ਾਨ ਹਨ? ਕੀ ਆਪ ਮੇਰੇ ਦੇਸ਼ ਨੂੰ ਮਜ਼ਾਕ ਦਾ ਪਾਤਰ ਬਣਾਉਣਾ ਚਾਹੁੰਦੇ ਹੋ? ਇਸ ਦੇ ਨਤੀਜੇ ਮਾਰੂ ਨਿਕਲਣਗੇ |''

855 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper