Latest News
ਕਿਸਾਨ ਅੰਦੋਲਨ ਦੀ ਦੂਜੀ ਲਹਿਰ

Published on 27 May, 2021 11:33 AM.


ਖੇਤੀ ਸੰਬੰਧੀ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਦਰਾਂ ਉੱਤੇ ਲੱਗੇ ਕਿਸਾਨ ਮੋਰਚਿਆਂ ਨੇ 26 ਮਈ ਨੂੰ ਛੇ ਮਹੀਨੇ ਪੂਰੇ ਕਰ ਲਏ ਹਨ | ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਉਣ ਲਈ ਸਮੁੱਚੇ ਦੇਸ਼ ਵਾਸੀਆਂ ਨੂੰ ਆਪਣੇ ਘਰਾਂ ਤੇ ਵਾਹਨਾਂ 'ਤੇ ਕਾਲੇ ਝੰਡੇ ਲਹਿਰਾਉਣ ਅਤੇ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਗਿਆ ਸੀ | ਇਸ ਸੱਦੇ ਨੂੰ ਉਸ ਸਮੇਂ ਹੋਰ ਹੁਲਾਰਾ ਮਿਲਿਆ, ਜਦੋਂ ਦੇਸ਼ ਭਰ ਦੀਆਂ 12 ਵਿਰੋਧੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਸੋਨੀਆ ਗਾਂਧੀ, ਐੱਚ ਡੀ ਦੇਵਗੌੜਾ, ਸ਼ਰਦ ਪਵਾਰ, ਮਮਤਾ ਬੈਨਰਜੀ, ਊਧਵ ਠਾਕਰੇ, ਐਮ ਕੇ ਸਟਾਲਿਨ, ਹੇਮੰਤ ਸੋਰੇਨ, ਫਾਰੂਕ ਅਬਦੁੱਲਾ, ਅਖਿਲੇਸ਼ ਯਾਦਵ, ਤੇਜਸਵੀ ਯਾਦਵ, ਡੀ. ਰਾਜਾ ਤੇ ਸੀਤਾ ਰਾਮ ਯੇਚੁਰੀ ਨੇ ਇਸ ਦੀ ਹਮਾਇਤ ਦਾ ਐਲਾਨ ਕਰਦਿਆਂ ਇੱਕ ਸਾਂਝਾ ਬਿਆਨ ਜਾਰੀ ਕਰਕੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਉਹ ਖੇਤੀ ਸੰਬੰਧੀ ਤਿੰਨੇ ਕਾਨੂੰਨਾਂ ਨੂੰ ਵਾਪਸ ਲੈਣ | ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਨੇ ਵੀ ਇਸ ਸੱਦੇ ਨੂੰ ਆਪਣੀ ਹਮਾਇਤ ਦੇ ਦਿੱਤੀ |
ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕਿਸਾਨ ਅੰਦੋਲਨ ਦੀ ਇਹ ਦੂਜੀ ਲਹਿਰ ਦਾ ਅਗਾਜ਼ ਸੀ, ਜਿਸ ਨੇ ਬਿਖਰੀ ਵਿਰੋਧੀ ਧਿਰ ਨੂੰ ਤਾਨਾਸ਼ਾਹ ਹਾਕਮਾਂ ਵਿਰੁੱਧ ਇੱਕ ਮੰਚ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ | ਇਸ ਸੱਦੇ ਨੂੰ ਸਮੁੱਚੇ ਦੇਸ਼ ਵਾਸੀਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ | ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਬੰਗਾਲ, ਮਹਾਰਾਸ਼ਟਰ, ਰਾਜਸਥਾਨ, ਛਤੀਸਗੜ੍ਹ, ਉਤਰਾਖੰਡ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਝਾਰਖੰਡ ਸਮੇਤ ਦੇਸ਼ ਦੇ ਹਰ ਸੂਬੇ ਵਿੱਚ ਲੋਕਾਂ ਵੱਲੋਂ ਕਾਲੇ ਝੰਡੇ ਲੈ ਕੇ ਥਾਂ-ਥਾਂ ਪ੍ਰਦਰਸ਼ਨ ਕਰਕੇ ਮੋਦੀ ਦੇ ਪੁਤਲੇ ਸਾੜੇ ਗਏ | ਪੰਜਾਬ ਤੇ ਹਰਿਆਣਾ ਵਿੱਚ ਤਾਂ ਸ਼ਾਇਦ ਹੀ ਕੋਈ ਪਿੰਡ ਬਚਿਆ ਹੋਵੇ, ਜਿਥੇ ਮੋਦੀ ਦੇ ਪੁਤਲਿਆਂ ਨੂੰ ਅਗਨ ਭੇਟ ਨਾ ਕੀਤਾ ਹੋਵੇ | ਹਰਿਆਣੇ ਦੇ ਕਿਸਾਨਾਂ ਵੱਲੋਂ ਤਾਂ ਹਿਸਾਰ ਵਿੱਚ ਮਿਲੀ ਜਿੱਤ ਦੇ ਜਸ਼ਨ ਵਜੋਂ ਇਸ ਦਿਨ ਨੂੰ ਹੋਰ ਵੀ ਜ਼ੋਰ-ਸ਼ੋਰ ਨਾਲ ਮਨਾਇਆ ਗਿਆ | ਵਰਨਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟੜਾ ਦੀ ਆਮਦ ਦਾ ਵਿਰੋਧ ਕਰਨ ਕਾਰਨ ਪ੍ਰਸ਼ਾਸਨ ਨੇ 350 ਕਿਸਾਨਾਂ ਉਤੇ ਸੰਗੀਨ ਧਾਰਾਵਾਂ ਲਾ ਕੇ ਕੇਸ ਦਰਜ ਕਰ ਲਏ ਸਨ | ਇਸ ਦੇ ਵਿਰੋਧ ਵਜੋਂ 24 ਮਈ ਨੂੰ ਕਿਸਾਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਹਿਸਾਰ ਪੁੱਜ ਕੇ ਪੁਲਸ ਕਮਿਸ਼ਨਰ ਦੇ ਘਿਰਾਓ ਦਾ ਐਲਾਨ ਕਰ ਦਿੱਤਾ | ਪੁਲਸ ਦਾ ਬੰਦੋਬਸਤ ਪੂਰਾ ਸੀ, ਪਰ ਕਿਸਾਨਾਂ ਦੀ ਗਿਣਤੀ ਤੇ ਜੋਸ਼ ਨੂੰ ਦੇਖ ਕੇ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ | ਆਖਰ ਦੋ ਘੰਟੇ ਚੱਲੀ ਗਲਬਾਤ ਤੋਂ ਬਾਅਦ ਸਰਕਾਰ ਨੂੰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣੀਆਂ ਪਈਆਂ | ਕਿਸਾਨਾਂ ਦੀ ਇਸ ਜਿੱਤ ਦਾ ਵੱਡਾ ਮਹੱਤਵ ਸੀ, ਕਿਉਂਕਿ ਪ੍ਰਧਾਨ ਮੰਤਰੀ ਦੇ ਸੱਤ ਸਾਲਾਂ ਦੇ ਰਾਜ ਦੌਰਾਨ ਇਹ ਪਹਿਲਾ ਮੌਕਾ ਸੀ, ਜਦੋਂ ਭਾਜਪਾ ਦੇ ਰਾਜ ਵਾਲੇ ਕਿਸੇ ਸੂਬੇ ਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਹੋਣਾ ਪਿਆ ਸੀ |
ਪੰਜਾਬ ਦੇ ਇਸ ਦਿਨ ਰੰਗ ਹੀ ਨਿਆਰੇ ਸਨ | ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਆਗੂ ਇੱਕ-ਦੂਜੇ ਤੋਂ ਵੱਧ ਕੇ ਆਪਣੇ ਘਰਾਂ ਉੱਤੇ ਕਾਲੇ ਝੰਡੇ ਲਾ ਕੇ ਕਿਸਾਨ ਅੰਦੋਲਨ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਸਨ | ਕਿਸਾਨ ਹੀ ਨਹੀਂ, ਮਜ਼ਦੂਰ, ਮੁਲਾਜ਼ਮ ਤੇ ਦੁਕਾਨਦਾਰਾਂ ਵੱਲੋਂ ਮੋਦੀ ਦੇ ਏਨੇ ਪੁਤਲੇ ਸਾੜ ਦਿੱਤੇ ਗਏ, ਜਿੰਨੇ ਪੰਜਾਬ ਵਿੱਚ ਦੁਸਹਿਰੇ ਵਾਲੇ ਦਿਨ ਰਾਵਣ ਦੇ ਵੀ ਨਹੀਂ ਫੂਕੇ ਜਾਂਦੇ | ਪੰਜਾਬ ਤੇ ਹਰਿਆਣਾ ਦੇ ਸੰਦਰਭ ਵਿੱਚ ਇਸ ਅੰਦੋਲਨ ਦੀ ਇੱਕ ਵੱਡੀ ਪ੍ਰਾਪਤੀ ਇਹ ਰਹੀ ਹੈ ਕਿ ਬੁਨਿਆਦੀ ਤੌਰ ਉੱਤੇ ਖਾੜਕੂ ਸੁਭਾਅ ਦੇ ਸਾਡੇ ਲੋਕਾਂ ਨੂੰ ਇਸ ਨੇ ਲੋਕਤੰਤਰ ਵਿੱਚ ਸ਼ਾਂਤਮਈ ਅੰਦੋਲਨ ਦੀ ਤਾਕਤ ਦਾ ਅਹਿਸਾਸ ਕਰਾਇਆ ਹੈ | ਪੌਣੇ ਪੰਜ ਸੌ ਕਿਸਾਨਾਂ ਦੀਆਂ ਸ਼ਹੀਦੀਆਂ ਦੇ ਬਾਵਜੂਦ ਅੰਦੋਲਨ ਨਾਲ ਜੁੜੇ ਹਰ ਉਮਰ ਦੇ ਅੰਦੋਲਨਕਾਰੀਆਂ ਨੇ ਅਮਨ-ਪੂਰਵਕ ਰਹਿਣ ਦੇ ਆਪਣੀ ਅਕੀਦੇ 'ਤੇ ਸਖ਼ਤੀ ਨਾਲ ਪਹਿਰਾ ਦਿੱਤਾ ਹੈ |
ਛੇ ਮਹੀਨਿਆਂ ਦਾ ਸਮਾਂ ਥੋੜ੍ਹਾ ਨਹੀਂ ਹੁੰਦਾ, ਇਸ ਦੌਰਾਨ ਪੋਹ-ਮਾਘ ਦੀਆਂ ਖੂਨ ਜਮਾਂ ਦੇਣ ਵਾਲੀਆਂ ਰਾਤਾਂ, ਮੀਂਹ, ਹਨੇਰੀ ਤੇ ਤੂਫਾਨ ਨੂੰ ਆਪਣੇ ਪਿੰਡੇ ਉੱਤੇ ਝੱਲਦੇ ਅੰਦੋਲਨਕਾਰੀ ਰੱਤੀ-ਭਰ ਵੀ ਡੋਲੇ ਨਹੀਂ | ਉਹ ਲਗਾਤਾਰ ਸਰਕਾਰ ਦੀਆਂ ਸਾਜ਼ਿਸ਼ਾਂ ਦਾ ਮੁਕਾਬਲਾ ਕਰਦੇ ਆਪਣੇ ਅੰਦੋਲਨ ਨੂੰ ਫੈਲਾਉਂਦੇ ਰਹੇ | ਇਸ ਸਭ ਦਾ ਸਿਹਰਾ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਜਾਂਦਾ ਹੈ, ਜਿਨ੍ਹਾਂ ਦੀ ਯੋਗ ਅਗਵਾਈ ਤੇ ਦੂਰਅੰਦੇਸ਼ੀ ਸੋਚ ਦੇ ਸਿੱਟੇ ਵਜੋਂ ਅੱਜ ਅੰਦੋਲਨ ਇੱਥੋਂ ਤੱਕ ਪੁੱਜਾ ਹੈ |
ਇਸ ਦੇ ਉਲਟ ਕੇਂਦਰ ਦੀ ਸੱਤਾ ਉੱਤੇ ਬੈਠੇ ਤਾਨਾਸ਼ਾਹ ਹਾਕਮਾਂ ਦਾ ਰਵੱਈਆ ਇਹ ਰਿਹਾ ਕਿ ਇੱਕ ਨਾ ਇੱਕ ਦਿਨ ਥੱਕ ਕੇ ਕਿਸਾਨ ਵਾਪਸ ਮੁੜ ਜਾਣਗੇ | ਸਰਕਾਰ ਨੇ ਸੜਕਾਂ 'ਤੇ ਕਿੱਲ ਗੱਡ ਕੇ ਤਾਕਤ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ, ਅੰਦੋਲਨ ਨੂੰ ਬਦਨਾਮ ਕਰਨ ਲਈ ਵੀ ਕਈ ਹੱਥਕੰਡੇ ਵਰਤੇ, ਪਰ ਹਰ ਵਾਰੀ ਨਾਕਾਮ ਹੋਣ ਦੇ ਬਾਵਜੂਦ ਅੱਖਾਂ ਬੰਦ ਕਰਕੇ ਸਮੱਸਿਆ ਨੂੰ ਨਜ਼ਰ-ਅੰਦਾਜ਼ ਕਰਨਾ ਹੀ ਉਸ ਨੂੰ ਇਸ ਦਾ ਇੱਕੋ-ਇੱਕ ਹੱਲ ਜਾਪਦਾ ਹੈ | ਉਸ ਨੇ ਕਿਸਾਨਾਂ ਦੀ ਇਸ ਚੇਤਾਵਨੀ ਕਿ ਜਦੋਂ ਤੱਕ ਕਾਨੂੰਨ ਵਾਪਸੀ ਨਹੀਂ, ਉਦੋਂ ਤੱਕ ਘਰ ਵਾਪਸੀ ਨਹੀਂ, ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ | ਕੇਂਦਰ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਜਿਹੇ ਵਿਸ਼ਾਲ ਦਾਇਰੇ ਵਾਲੇ ਅੰਦੋਲਨ ਕਦੇ ਵੀ ਫੇਲ੍ਹ ਨਹੀਂ ਹੁੰਦੇ | ਇਸ ਸਮੇਂ ਇਸ ਅੰਦੋਲਨ ਨਾਲ ਸਮੁੱਚੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਜੁੜ ਚੁੱਕੀਆਂ ਹਨ | ਇਹ ਅੰਦੋਲਨ ਹੁਣ ਸਿਰਫ਼ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਸੀਮਤ ਨਹੀਂ ਰਿਹਾ, ਇਹ ਅੰਦੋਲਨ ਸਮੁੱਚੇ ਮਿਹਨਤਕਸ਼ ਲੋਕਾਂ ਦੇ ਹੱਕਾਂ ਦੀ ਲੜਾਈ ਲਈ ਇੱਕ ਚਾਨਣ ਮੁਨਾਰੇ ਦਾ ਰੂਪ ਲੈ ਚੁੱਕਾ ਹੈ | ਕਿਸਾਨ ਸੰਘਰਸ਼ ਦੇ ਆਗੂਆਂ ਦਾ ਇਹ ਕਹਿਣਾ ਕਿ ਉਹ ਅੰਦੋਲਨ ਨੂੰ 2024 ਤੱਕ ਚਲਾ ਸਕਦੇ ਹਨ, ਸਿੱਧੇ ਤੌਰ 'ਤੇ ਤਾਨਾਸ਼ਾਹੀ ਹਾਕਮਾਂ ਨੂੰ ਚੁਣੌਤੀ ਹੈ | ਇਸ ਲਈ ਹਾਕਮਾਂ ਦਾ ਭਲਾ ਏਸੇ ਵਿੱਚ ਹੈ ਕਿ ਉਹ ਕਿਸਾਨ ਆਗੂਆਂ ਨਾਲ ਤੁਰੰਤ ਗੱਲਬਾਤ ਸ਼ੁਰੂ ਕਰਕੇ ਮਸਲੇ ਨੂੰ ਨਿਬੇੜਣ, ਨਹੀਂ ਤਾਂ ਜਾਗਦੀਆਂ ਕੌਮਾਂ ਚੋਣਾਂ ਦੀ ਉਡੀਕ ਨਹੀਂ ਕਰਦੀਆਂ ਹੁੰਦੀਆਂ | ਉਨ੍ਹਾਂ ਨੂੰ ਇਸ ਗੱਲ ਤੋਂ ਹੀ ਸਬਕ ਸਿੱਖ ਲੈਣਾ ਚਾਹੀਦਾ ਹੈ ਕਿ ਅੱਜ ਹਰਿਆਣਾ ਵਿੱਚ ਭਾਜਪਾ ਤੇ ਜਜਪਾ ਦਾ ਕੋਈ ਆਗੂ ਕਿਸੇ ਪਿੰਡ ਵਿੱਚ ਵੀ ਨਹੀਂ ਵੜ ਸਕਦਾ | ਇਹੋ ਹਾਲਤ ਕੱਲ੍ਹ ਨੂੰ ਸਮੁੱਚੇ ਦੇਸ਼ ਵਿੱਚ ਭਾਜਪਾ ਆਗੂਆਂ ਦੀ ਹੋ ਸਕਦੀ ਹੈ |
-ਚੰਦ ਫਤਿਹਪੁਰੀ

877 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper