Latest News
ਅਧਿਆਪਕਾਂ ਦਾ ਦਰਦ

Published on 28 May, 2021 09:48 AM.

ਕੇਂਦਰ ਸਰਕਾਰ ਵੱਲੋਂ ਚਲਾਏ ਜਾਂਦੇ ਨਵੋਦਿਆ ਵਿਦਿਆਲਿਆ ਸਮਿਤੀ ਸਕੂਲ (ਐੱਨ ਵੀ ਐੱਸ) ਵਿਚ 32 ਸਾਲ ਦੀ ਸੇਵਾ ਤੋਂ ਬਾਅਦ ਅਧਿਆਪਕ ਸੁਭਾਸ਼ ਚੰਦਰ ਤਿਵਾੜੀ ਪਿਛਲੇ ਸਾਲ ਰਿਟਾਇਰ ਹੋਏ ਤਾਂ ਉਨ੍ਹਾਂ ਨੂੰ ਉੱਕੇ-ਪੁੱਕੇ 16 ਲੱਖ ਰੁਪਏ ਮਿਲੇ | ਯੂ ਪੀ ਦੇ ਸ਼ਿਕੋਹਾਬਾਦ ਦੇ ਮਾਸਟਰ ਤਿਵਾੜੀ ਉਨ੍ਹਾਂ ਕੋਈ 6 ਹਜ਼ਾਰ ਮੁਲਾਜ਼ਮਾਂ ਵਿਚ ਹਨ, ਜਿਹੜੇ 2004 ਤੋਂ ਪਹਿਲਾਂ ਇਨ੍ਹਾਂ ਸਕੂਲਾਂ ਵਿਚ ਲੱਗੇ ਸਨ | ਇਨ੍ਹਾਂ ਦੇ ਕੰਟਰੀਬਿਊਟਰੀ ਪ੍ਰੌਵੀਡੈਂਟ ਫੰਡ (ਸੀ ਪੀ ਐੱਫ) ਤਹਿਤ ਪੈਸੇ ਕੱਟਦੇ ਹਨ ਤੇ ਰਿਟਾਇਰਮੈਂਟ ਤੋਂ ਬਾਅਦ ਇੱਕੋ ਵਾਰੀ ਸਾਰੀ ਰਕਮ ਮਿਲਦੀ ਹੈ, ਮਾਸਕ ਪੈਨਸ਼ਨ ਨਹੀਂ | ਇਸ ਫਾਰਮੂਲੇ ਨਾਲ ਅਜਿਹੇ ਮੁਲਾਜ਼ਮਾਂ ਦਾ ਰਿਟਾਇਰਮੈਂਟ ਤੋਂ ਬਾਅਦ ਕੀ ਹਾਲ ਹੁੰਦਾ ਹੈ, ਮਾਸਟਰ ਤਿਵਾੜੀ ਦੀਆਂ ਸਮੱਸਿਆਵਾਂ ਤੋਂ ਪਤਾ ਲੱਗਦਾ ਹੈ | ਉਨ੍ਹਾ ਦੇ ਬੇਟੇ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ, ਕਿਉਂਕਿ ਕੋਰੋਨਾ ਮਹਾਂਮਾਰੀ ਕਾਰਨ ਉਹ ਪ੍ਰਾਈਵੇਟ ਫਰਮ ਬੰਦ ਹੈ, ਜਿੱਥੇ ਉਹ ਕੰਮ ਕਰਦਾ ਹੈ | ਤਿਵਾੜੀ ਹੁਰਾਂ ਨੂੰ ਬੁਢਾਪੇ ਵਾਲੇ ਕਈ ਰੋਗ ਵੀ ਹਨ | ਮਾਸਟਰ ਤਿਵਾੜੀ ਆਪਣਾ ਘਰ ਵੀ ਨਹੀਂ ਬਣਾ ਸਕੇ | ਪਿਤਾ ਵੱਲੋਂ ਬਣਾਏ ਪੁਰਾਣੇ ਘਰ ਵਿਚ ਹੀ ਰਹਿੰਦੇ ਹਨ | ਉਨ੍ਹਾ ਨੂੰ ਕੋਈ ਹੈਲਥ ਕੇਅਰ ਸਹੂਲਤ ਵੀ ਨਹੀਂ ਮਿਲਦੀ | ਰਿਟਾਇਰਮੈਂਟ ਤੋਂ ਬਾਅਦ ਮਿਲੇ ਪੈਸਿਆਂ ਵਿੱਚੋਂ ਹੀ ਬੇਟੇ ਦਾ ਵਿਆਹ ਕਰਨਾ ਹੈ | ਕੇਂਦਰ ਸਰਕਾਰ ਦੀ ਸੰਸਥਾ ਹੋਣ ਦੇ ਬਾਵਜੂਦ ਐੱਨ ਵੀ ਐੱਸ 2004 ਤੋਂ ਪਹਿਲਾਂ ਲੱਗੇ ਮੁਲਾਜ਼ਮਾਂ ਨੂੰ ਮਾਸਕ ਪੈਨਸ਼ਨ ਨਹੀਂ ਦਿੰਦੀ, ਜਦਕਿ ਕੇਂਦਰ ਦੀ ਇਕ ਹੋਰ ਵਿਦਿਅਕ ਸੰਸਥਾ ਕੇਂਦਰੀ ਵਿਦਿਆਲਿਆ ਸੰਗਠਨ ਸਕੂਲ ਦੇ ਸਟਾਫ ਨੂੰ ਮਾਸਕ ਪੈਨਸ਼ਨ ਅਤੇ ਕੇਂਦਰ ਸਰਕਾਰ ਦੀ ਸਿਹਤ ਸੇਵਾ ਸਕੀਮ ਤਹਿਤ ਡਾਕਟਰੀ ਸਹੂਲਤਾਂ ਮਿਲਦੀਆਂ ਹਨ | ਇਸੇ ਤਰ੍ਹਾਂ ਜਵਾਹਰ ਨਵੋਦਿਆ ਵਿਦਿਆਲਿਆ ਰਾਂਚੀ ਤੋਂ ਸੁਪਰਡੰਟ ਵਜੋਂ 2012 ਵਿਚ ਰਿਟਾਇਰ ਹੋਏ ਪੰਚਾਨੰਦ ਮਿਸ਼ਰਾ ਨੂੰ ਸੀ ਪੀ ਐੱਫ ਤਹਿਤ 5 ਲੱਖ ਰੁਪਏ ਤੋਂ ਵੀ ਘੱਟ ਮਿਲੇ | ਇਹ ਪੈਸੇ ਖਤਮ ਹੋ ਚੁੱਕੇ ਹਨ ਅਤੇ ਇਲਾਜ ਤੇ ਹੋਰ ਖਰਚਿਆਂ ਲਈ ਉਹ ਬੇਟਿਆਂ ਦੇ ਆਸਰੇ ਹਨ | ਮਿਸ਼ਰਾ ਕਹਿੰਦੇ ਹਨ-ਪੈਨਸ਼ਨ ਸੁਰੱਖਿਆ ਮੁਹੱਈਆ ਕਰਦੀ ਹੈ | ਇੱਜ਼ਤ ਨਾਲ ਰਹਿਣ ਵਿਚ ਮਦਦ ਕਰਦੀ ਹੈ | ਮੈਂ ਜਦੋਂ ਬੇਟਿਆਂ ਤੋਂ ਪੈਸੇ ਮੰਗਦਾ ਹਾਂ ਤਾਂ ਉਹ ਦੇ ਤਾਂ ਦਿੰਦੇ ਹਨ, ਪਰ ਮੈਂ ਅਸਹਿਜ ਮਹਿਸੂਸ ਕਰਦਾ ਹਾਂ | ਆਪਣੇ ਸਵੈ-ਮਾਣ 'ਤੇ ਸੱਟ ਸਮਝਦਾ ਹਾਂ |
35 ਸਾਲ ਪਹਿਲਾਂ ਹੋਂਦ ਵਿਚ ਆਈ ਐੱਨ ਵੀ ਐੱਸ ਦੇ ਦੇਸ਼ ਵਿਚ ਕਰੀਬ 600 ਸਕੂਲ ਹਨ ਅਤੇ ਇੱਥੇ ਗਰੀਬ ਪਰ ਹੋਣਹਾਰ ਵਿਦਿਆਰਥੀਆਂ ਨੂੰ ਹੋਸਟਲਾਂ ਵਿਚ ਰੱਖ ਕੇ ਪੜ੍ਹਾਇਆ ਜਾਂਦਾ ਹੈ | ਇਨ੍ਹਾਂ ਸਕੂਲਾਂ ਵਿਚ ਕਰੀਬ 2004 ਤੋਂ ਪਹਿਲਾਂ ਰੱਖੇ ਲੱਗਭੱਗ 6 ਹਜ਼ਾਰ ਅਧਿਆਪਕਾਂ ਸਮੇਤ 15 ਹਜ਼ਾਰ ਮੁਲਾਜ਼ਮ ਹਨ | 2004 ਵਿਚ ਕੇਂਦਰ ਸਰਕਾਰ ਨੇ ਨਵੀਂ ਭਰਤੀ ਲਈ ਕੌਮੀ ਪੈਨਸ਼ਨ ਸਕੀਮ ਤਹਿਤ ਰੈਗੂਲਰ ਪੈਨਸ਼ਨ ਦੀ ਥਾਂ ਕੰਟਰੀਬਿਊਟਰੀ ਪੈਨਸ਼ਨ ਲਾਗੂ ਕੀਤੀ | ਭਾਵੇਂ ਨਾਰਮਲ ਪੈਨਸ਼ਨ ਦਾ ਬਦਲ ਉਪਲੱਬਧ ਸੀ ਪਰ ਐੱਨ ਵੀ ਐੱਸ ਦੀ ਨੌਕਰਸ਼ਾਹੀ ਨੇ 2004 ਤੋਂ ਪਹਿਲੇ ਮੁਲਾਜ਼ਮਾਂ ਨੂੰ ਨਵੀਂ ਸਕੀਮ ਦੇ ਘੇਰੇ ਵਿਚ ਰੱਖ ਦਿੱਤਾ | ਕਈ ਸੰਸਦ ਮੈਂਬਰਾਂ ਨੇ ਇਨ੍ਹਾਂ ਦਾ ਮੁੱਦਾ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਕੋਲ ਉਠਾਇਆ ਤਾਂ ਉਨ੍ਹਾਂ ਮਾਮਲੇ ਦਾ ਅਧਿਅਨ ਕਰਨ ਲਈ ਕਮੇਟੀ ਬਣਾ ਦਿੱਤੀ, ਪਰ ਇਸ ਕਮੇਟੀ ਦੀ ਰਿਪੋਰਟ ਅਜੇ ਤੱਕ ਨਹੀਂ ਆਈ ਹੈ | ਜਦੋਂ ਤੱਕ ਹੱਕ ਵਿਚ ਰਿਪੋਰਟ ਨਹੀਂ ਆਉਂਦੀ, ਰਿਟਾਇਰ ਹੋਣ ਵਾਲਿਆਂ ਨੂੰ ਮਾਸਟਰ ਤਿਵਾੜੀ ਵਰਗੀਆਂ ਸਮੱਸਿਆਵਾਂ ਵਿੱਚੋਂ ਹੀ ਲੰਘਣਾ ਪਵੇਗਾ |

731 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper