Latest News
ਨਫ਼ਰਤ ਦਾ ਵਾਇਰਸ

Published on 30 May, 2021 10:25 AM.


ਪੱਛਮੀ ਬੰਗਾਲ ਵਿੱਚ ਮਮਤਾ ਹੱਥੋਂ ਮਾਰ ਖਾਣ ਤੋਂ ਬਾਅਦ ਭਾਜਪਾ ਦਾ ਅਗਲਾ ਇਮਤਿਹਾਨ ਫਰਵਰੀ-ਮਾਰਚ 2022 ਵਿੱਚ ਹੋਣ ਵਾਲੀਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਵੇਗਾ | ਇਨ੍ਹਾਂ ਚੋਣਾਂ ਵਾਲੇ ਸੂਬਿਆਂ ਵਿੱਚੋਂ ਉਤਰ ਪ੍ਰਦੇਸ਼, ਉਤਰਾਖੰਡ, ਗੋਆ ਤੇ ਮਨੀਪੁਰ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ ਤੇ ਪੰਜਾਬ ਵਿੱਚ ਕਾਂਗਰਸ ਦੀ | ਭਾਜਪਾ ਲਈ ਸਭ ਤੋਂ ਅਹਿਮ ਸੂਬਾ ਉੱਤਰ ਪ੍ਰਦੇਸ਼ ਹੈ, ਜਿੱਥੋਂ ਦੀਆਂ ਅੱਸੀ ਸੰਸਦੀ ਸੀਟਾਂ ਕੇਂਦਰ ਵਿੱਚ ਰਾਜ ਕਰਨ ਲਈ ਅਹਿਮ ਮੰਨੀਆਂ ਜਾਂਦੀਆਂ ਹਨ | ਕੋਰੋਨਾ ਦੀ ਦੂਜੀ ਲਹਿਰ ਨੇ ਇਸ ਰਾਜ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਮਧੋਲਿਆ ਹੈ | ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪੰਚਾਇਤ ਚੋਣਾਂ ਕਰਾਉਣ ਦੀ ਮੂਰਖਾਨਾ ਸਨਕ ਨੇ ਕੋਰੋਨਾ ਦੀ ਲਾਗ ਨੂੰ ਪਿੰਡ-ਪਿੰਡ ਤੱਕ ਪੁਚਾ ਦਿੱਤਾ | ਗੰਗਾ ਦੇ ਘਾਟਾਂ ਕਿਨਾਰੇ ਵਿਛੀ ਰੇਤ ਵੀ ਜਦੋਂ ਲਾਸ਼ਾਂ ਦਫਨਾਉਣ ਲਈ ਛੋਟੀ ਪੈ ਗਈ ਤਾਂ ਗੰਗਾ ਵਿੱਚ ਤੈਰਦੀਆਂ ਲਾਸ਼ਾਂ ਨੇ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ | ਯੋਗੀ ਸਰਕਾਰ ਨੇ ਸੋਚਿਆ ਤਾਂ ਇਹ ਸੀ ਕਿ ਪੰਚਾਇਤ ਚੋਣਾਂ ਜਿੱਤ ਕੇ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਮਜ਼ਬੂਤ ਅਧਾਰ ਤਿਆਰ ਕਰ ਲਵੇਗੀ, ਪਰ ਹੋਇਆ ਇਸ ਦੇ ਉਲਟ | ਭਾਜਪਾ ਨੂੰ ਪੰਚਾਇਤ ਚੋਣਾਂ ਵਿੱਚ ਪੇਂਡੂ ਖੇਤਰ ਨੇ ਬੁਰੀ ਤਰ੍ਹਾਂ ਨਕਾਰ ਕੇ ਮੂਰਛਿਤ ਹੋ ਚੁੱਕੀਆਂ ਸਪਾ ਤੇ ਬਸਪਾ ਵਿੱਚ ਨਵੀਂ ਰੂਹ ਫੂਕ ਦਿੱਤੀ |
ਇਸ ਸਥਿਤੀ ਵਿੱਚ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤੇ ਆਰ ਐੱਸ ਐੱਸ ਦਾ ਚਿੰਤਤ ਹੋਣਾ ਕੁਦਰਤੀ ਸੀ | ਇਸ ਮਸਲੇ 'ਤੇ ਵਿਚਾਰ ਕਰਨ ਲਈ ਬੀਤੀ 24 ਮਈ ਨੂੰ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ ਪੀ ਨੱਢਾ ਤੇ ਆਰ ਐੱਸ ਐੱਸ ਦੇ ਆਗੂ ਦੱਤਾਤੇ੍ਰਅ ਹੋਸਬੋਲੇ ਸ਼ਾਮਲ ਸਨ |
ਇਸ ਸਮੇਂ ਇੱਕ ਪਾਸੇ ਯੂ ਪੀ ਦੇ ਆਮ ਲੋਕ ਯੋਗੀ ਆਦਿੱਤਿਆ ਨਾਥ ਦੀ ਸਰਕਾਰ ਵਿਰੁੱਧ ਗੁੱਸੇ ਨਾਲ ਭਰੇ ਹੋਏ ਹਨ, ਦੂਜੇ ਪਾਸੇ ਉਤਰ-ਪੱਛਮੀ ਯੂ ਪੀ ਦੀ ਜਾਟ ਬੈਲਟ ਵਿੱਚ ਕਿਸਾਨ ਅੰਦੋਲਨ ਦੇ ਉਭਾਰ ਨੇ ਸਰਕਾਰ ਨੂੰ ਤਰੇਲੀਆਂ ਲਿਆਂਦੀਆਂ ਹੋਈਆਂ ਹਨ | ਇਸ ਸਥਿਤੀ ਵਿੱਚ ਕੁਝ ਸਮੇਂ ਤੋਂ ਰਾਜ ਵਿੱਚ ਵਾਪਰੀਆਂ ਕੁਝ ਘਟਨਾਵਾਂ ਤੋਂ ਜਾਪਦਾ ਹੈ ਕਿ ਭਾਜਪਾ ਸੂਬੇ ਵਿੱਚ ਆਪਣੀ ਹਾਲਤ ਨੂੰ ਸੁਧਾਰਨ ਲਈ ਮੁੜ ਨਫ਼ਰਤ ਦੇ ਵਾਇਰਸ ਦਾ ਸਹਾਰਾ ਲੈਣ ਦੇ ਰਾਹ ਪੈ ਚੁੱਕੀ ਹੈ | ਪਿਛਲੇ ਕੁਝ ਸਮੇਂ ਤੋਂ ਰਾਜ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ |
ਨਿਊਜ਼ ਕਲਿਕ ਦੀ ਰਿਪੋਰਟ ਮੁਤਾਬਕ 20 ਮਈ ਨੂੰ ਆਜ਼ਮਗੜ ਜ਼ਿਲ੍ਹੇ ਵਿੱਚ ਯਾਸਿਰ ਅਰਾਫਾਤ ਨਾਂਅ ਦੇ ਨੌਜਵਾਨ ਨੂੰ ਇਸ ਲਈ ਗਿ੍ਫ਼ਤਾਰ ਕਰ ਲਿਆ ਗਿਆ, ਕਿਉਂਕਿ ਉਸ ਨੇ ਸੋਸ਼ਲ ਮੀਡੀਆ ਉੱਤੇ ਪਾਏ ਇੱਕ ਸੁਨੇਹੇ ਵਿੱਚ ਫਲਸਤੀਨੀ ਲੋਕਾਂ ਦਾ ਸਮਰੱਥਨ ਕੀਤਾ ਸੀ | ਪੁਲਸ ਵੱਲੋਂ ਉਸ ਨਾਲ ਏਨਾ ਬਰਬਰਤਾਪੂਰਨ ਵਿਹਾਰ ਕੀਤਾ ਗਿਆ ਕਿ ਜ਼ਮਾਨਤ ਮਿਲ ਜਾਣ ਦੇ ਬਾਵਜੂਦ ਉਹ ਸਦਮੇ ਵਿੱਚੋਂ ਬਾਹਰ ਨਹੀਂ ਆ ਰਿਹਾ | ਇਸ ਤੋਂ ਇੱਕ ਦਿਨ ਪਹਿਲਾਂ ਸਿਧਾਰਥਨਗਰ ਦੇ ਇੱਕ ਸਥਾਨਕ ਟੀ ਵੀ ਚੈਨਲ ਪੱਤਰਕਾਰ ਅਮੀਨ ਫਾਰੂਕੀ ਨੂੰ ਇਲਾਕੇ ਦੇ ਭਾਜਪਾ ਵਿਧਾਇਕ ਤੇ ਐੱਸ ਡੀ ਐੱਮ ਦੇ ਇਸ਼ਾਰੇ 'ਤੇ ਬੁਰੀ ਤਰ੍ਹਾਂ ਕੁੱਟਿਆ ਗਿਆ | 21 ਮਈ ਨੂੰ ਉਨਾਵ ਦੇ ਇੱਕ ਸਬਜ਼ੀ ਵੇਚਣ ਵਾਲੇ ਨਬਾਲਗ ਮੁਸਲਿਮ ਲੜਕੇ ਫੈਸਲ ਹੁਸੈਨ ਨੂੰ ਕਰਫਿਊ ਉਲੰਘਣਾ ਦਾ ਦੋਸ਼ ਲਾ ਕੇ ਏਨਾ ਕੁੱਟਿਆ ਗਿਆ ਕਿ ਇੱਕ ਘੰਟੇ ਵਿੱਚ ਹੀ ਪੁਲਸ ਹਿਰਾਸਤ ਵਿੱਚ ਉਸ ਦੀ ਮੌਤ ਹੋ ਗਈ | ਫੈਸਲ ਛੇ ਵਿਅਕਤੀਆਂ ਦੇ ਪਰਵਾਰ ਦਾ ਇੱਕੋ-ਇੱਕ ਕਮਾਊ ਮੈਂਬਰ ਸੀ | ਸਬਜ਼ੀ ਮੰਡੀ ਵਿੱਚ ਹੋਰ ਵਿਅਕਤੀ ਵੀ ਸਨ, ਜੋ ਸਬਜ਼ੀ ਵੇਚ ਰਹੇ ਸਨ, ਪਰ ਮੌਤ ਦੀ ਸਜ਼ਾ ਫੈਸਲ ਨੂੰ ਦਿੱਤੀ ਗਈ, ਕਿਉਂਕਿ ਉਹ ਮੁਸਲਮਾਨ ਸੀ |
24 ਮਈ ਨੂੰ ਮੁਰਾਦਾਬਾਦ ਵਿੱਚ ਇੱਕ ਭੀੜ ਨੇ ਇੱਕ ਮੀਟ ਦੁਕਾਨਦਾਰ ਨੂੰ ਦਿਨ-ਦਿਹਾੜੇ ਬੁਰੀ ਤਰ੍ਹਾਂ ਕੁੱਟ ਸੱੁਟਿਆ | ਭੀੜ ਦੀ ਅਗਵਾਈ ਭਾਰਤੀ ਗਊ ਰਕਸ਼ਾ ਵਾਹਿਨੀ ਦਾ ਮੀਤ ਪ੍ਰਧਾਨ ਮਨੋਜ ਠਾਕੁਰ ਕਰ ਰਿਹਾ ਸੀ | ਏਨਾ ਹੀ ਨਹੀਂ, ਪੁਲਸ ਨੇ ਪੀੜਤ ਵਿਰੁੱਧ ਜਾਨਵਰ ਦੀ ਹੱਤਿਆ ਕਰਨ ਤੇ ਕੋਰੋਨਾ ਲਾਗ ਫੈਲਾਉਣ ਦੇ ਦੋਸ਼ ਵਿੱਚ ਕੇਸ ਦਰਜ ਕਰ ਲਿਆ |
ਇਹੋ ਹੀ ਨਹੀਂ ਰਾਜਧਾਨੀ ਲਖਨਊ ਦੇ ਨਾਲ ਲਗਦੇ ਬਾਰਾਬੰਕੀ ਵਿੱਚ ਸਥਾਨਕ ਪ੍ਰਸ਼ਾਸਨ ਨੇ ਹਾਈ ਕੋਰਟ ਦੇ ਹੁਕਮ ਦੀ ਪਰਵਾਹ ਨਾ ਕਰਦਿਆਂ ਇੱਕ ਸੌ ਸਾਲ ਪੁਰਾਣੀ ਮਸਜਿਦ ਨੂੰ ਢਹਿ-ਢੇਰੀ ਕਰ ਦਿੱਤਾ | ਅਲਾਹਾਬਾਦ ਹਾਈ ਕੋਰਟ ਦਾ ਹੁਕਮ ਸੀ ਕਿ ਕੋਰੋਨਾ ਮਹਾਂਮਾਰੀ ਦੌਰਾਨ ਕਿਸੇ ਕਿਸਮ ਦੀ ਵੀ ਤੋੜ-ਫੋੜ ਦੀ ਕਾਰਵਾਈ ਨਾ ਕੀਤੀ ਜਾਵੇ | ਇਹੋ ਹੀ ਨਹੀਂ ਮਸਜਿਦ ਦੀ ਪ੍ਰਬੰਧਕ ਕਮੇਟੀ ਦੇ ਕਈ ਮੈਂਬਰਾਂ ਉੱਤੇ ਕੇਸ ਵੀ ਦਰਜ ਕਰ ਲਏ ਗਏ ਹਨ |
ਉਪਰੋਕਤ ਘਟਨਾਵਾਂ ਤੋਂ ਜ਼ਾਹਰ ਹੈ ਕਿ ਯੋਗੀ ਸਰਕਾਰ ਨੇ ਪੁਲਸ ਤੇ ਪ੍ਰਸ਼ਾਸਨ ਨੂੰ ਮੁਸਲਮਾਨ ਭਾਈਚਾਰੇ ਵਿਰੁੱਧ ਕਾਰਵਾਈਆਂ ਲਈ ਖੱੁਲ੍ਹੀ ਛੱੁਟੀ ਦੇ ਦਿੱਤੀ ਹੈ | ਇਸ ਦੇ ਨਾਲ ਹੀ ਹਿੰਦੂਤਵੀ ਦੰਗੇਬਾਜ਼ਾਂ ਨੇ ਵੀ ਭਾਈਚਾਰਕ ਅਮਨ ਨੂੰ ਤੀਲੀ ਲਾਉਣ ਲਈ ਕਮਰਕੱਸੇ ਕਰ ਲਏ ਹਨ | ਚੋਣਾਂ ਵਿੱਚ 7 ਮਹੀਨੇ ਬਾਕੀ ਹਨ | ਕੋਰੋਨਾ ਦੀ ਦੂਜੀ ਲਹਿਰ ਨੇ ਸੂਬੇ ਵਿੱਚ ਬਹੁਤ ਤਾਂਡਵ ਮਚਾਇਆ ਹੈ | ਜਾਪਦਾ ਹੈ ਯੂ ਪੀ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਦੇ ਨਾਲ-ਨਾਲ ਨਫ਼ਰਤ ਦੇ ਵਾਇਰਸ ਦੀ ਲਹਿਰ ਦਾ ਵੀ ਸਾਹਮਣਾ ਕਰਨਾ ਪਵੇਗਾ |
-ਚੰਦ ਫਤਿਹਪੁਰੀ

837 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper