Latest News
ਬੇਸ਼ਰਮੀ ਦੀ ਹੱਦ

Published on 31 May, 2021 10:21 AM.


ਤਾਨਾਸ਼ਾਹ ਨਿਰਦਈ ਹੁੰਦੇ ਹਨ ਇਹ ਤਾਂ ਪਤਾ ਸੀ, ਪਰ ਬੇਸ਼ਰਮ ਵੀ ਹੁੰਦੇ ਹਨ, ਇਸ ਗੱਲ ਦਾ ਪਤਾ 30 ਮਈ ਦੀ ਨਰਿੰਦਰ ਮੋਦੀ ਦੀ 'ਮਨ ਕੀ ਬਾਤ' ਸੁਣ ਕੇ ਲੱਗਾ | ਇਸ ਤੋਂ ਪਹਿਲਾਂ 25 ਅਪ੍ਰੈਲ ਨੂੰ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਕੀਤੀ ਸੀ | ਇਸ ਇੱਕ ਮਹੀਨੇ ਪੰਜ ਦਿਨਾਂ ਦੇ ਅਰਸੇ ਦੌਰਾਨ ਦੇਸ਼ ਨੇ ਜਿਹੜੀ ਤਬਾਹੀ ਦੇਖੀ, ਉਹ ਦਿਲ ਦਹਿਲਾਅ ਦੇਣ ਵਾਲੀ ਸੀ | ਲੋਕ ਆਪਣੇ ਮਰੀਜ਼ਾਂ ਨੂੰ ਚੁੱਕੀ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਵੱਲ ਦੌੜ ਰਹੇ ਸਨ, ਪਰ ਬੈੱਡ ਨਹੀਂ ਸੀ ਮਿਲ ਰਹੇ | ਲੋਕ ਸੜਕਾਂ 'ਤੇ ਦਮ ਤੋੜ ਰਹੇ ਸਨ | ਹਸਪਤਾਲਾਂ ਬਾਹਰ ਖੜ੍ਹੇ ਮਰੀਜ਼ ਇਹ ਇੰਤਜ਼ਾਰ ਕਰ ਰਹੇ ਸਨ ਅੰਦਰ ਕੋਈ ਮਰੇ ਤਾਂ ਜੋ ਉਸ ਨੂੰ ਬੈੱਡ ਮਿਲ ਸਕੇ | ਹਸਪਤਾਲਾਂ ਵਿੱਚ ਪਏ ਮਰੀਜ਼ਾਂ ਦੇ ਸਾਹ ਆਕਸੀਜਨ ਨਾ ਮਿਲਣ ਕਾਰਨ ਮੁੱਕ ਰਹੇ ਸਨ | ਬਿਜਲਈ ਸ਼ਮਸ਼ਾਨਘਾਟਾਂ ਦੀਆਂ ਚਿਮਨੀਆਂ ਲਗਾਤਾਰ ਚਿਖਾਵਾਂ ਜਲਦੇ ਰਹਿਣ ਕਾਰਨ ਪਿਘਲ ਗਈਆਂ ਸਨ | ਸ਼ਮਸ਼ਾਨਘਾਟਾਂ ਦੇ ਬਾਹਰ ਲਾਸ਼ਾਂ ਦੀਆਂ ਲਾਈਨਾਂ ਲੱਗ ਗਈਆਂ ਸਨ ਤੇ ਅੰਤਮ ਸੰਸਕਾਰ ਲਈ 16-16 ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਸੀ | ਗੰਗਾ ਦੇ ਘਾਟ ਵੀ ਜਦੋਂ ਲਾਸ਼ਾਂ ਸਾਂਭਣ ਤੋਂ ਅਸਮਰੱਥ ਹੋ ਗਏ ਤਾਂ ਸੈਂਕੜੇ ਲਾਸ਼ਾਂ ਗੰਗਾ ਵਿੱਚ ਤੈਰਦੀਆਂ ਦੇਖ ਕੇ ਪੂਰਾ ਸੰਸਾਰ ਸਦਮੇ ਵਿੱਚ ਆ ਗਿਆ ਸੀ | ਇਸ ਅਰਸੇ ਨੇ ਕਰੋੜਾਂ ਪਰਵਾਰਾਂ ਨੂੰ ਅਜਿਹੇ ਡੰੂਘੇ ਜ਼ਖਮ ਦਿੱਤੇ, ਜੋ ਉਨ੍ਹਾਂ ਦੀਆਂ ਕਈ ਪੀੜ੍ਹੀਆਂ ਤੱਕ ਰਿਸਦੇ ਰਹਿਣਗੇ | ਅਜਿਹੇ ਵਿੱਚ ਆਸ ਕੀਤੀ ਜਾ ਰਹੀ ਸੀ ਕਿ ਪ੍ਰਧਾਨ ਮੰਤਰੀ 'ਮਨ ਕੀ ਬਾਤ' ਵਿੱਚ ਇਸ ਦਰਦ ਨੂੰ ਮਹਿਸੂਸ ਕਰਦਿਆਂ ਅਜਿਹੀਆਂ ਗੱਲਾਂ ਕਰਨਗੇ, ਜਿਸ ਨਾਲ ਲੋਕਾਂ ਦੇ ਟੁੱਟ ਚੁੱਕੇ ਹੌਸਲੇ ਨੂੰ ਕੁਝ ਸਹਾਰਾ ਮਿਲੇ, ਪਰ ਹੈਰਾਨੀ ਹੋਈ ਜਦੋਂ ਪ੍ਰਧਾਨ ਮੰਤਰੀ ਨੇ ਆਪਣੀਆਂ ਸੱਤ ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਣੀਆਂ ਸ਼ੁਰੂ ਕਰ ਦਿੱਤੀਆਂ |
ਇਹ ਠੀਕ ਹੈ ਕਿ 26 ਮਈ ਨੂੰ ਮੋਦੀ ਸਰਕਾਰ ਦੇ ਸੱਤ ਸਾਲ ਪੂਰੇ ਹੋਏ ਸਨ, ਪਰ ਸਵਾਲ ਇਹ ਹੈ ਕਿ ਜਦੋਂ ਸਾਰਾ ਦੇਸ਼ ਲਾਸ਼ਾਂ ਗਿਣ-ਗਿਣ ਕੇ ਥੱਕ ਚੁੱਕਾ ਹੋਵੇ ਤੇ ਦੇਸ਼ ਦਾ ਮੁਖੀ ਆਪਣੀ ਪਿੱਠ ਥਾਪੜਣ ਲੱਗ ਪਏ, ਤਦ ਲਾਹਨਤ ਪਾਈ ਜਾਵੇ ਜਾਂ ਤਾੜੀ ਵਜਾਈ ਜਾਵੇ? ਇਹ ਵੀ ਉਦੋਂ ਜਦੋਂ ਹਾਲੇ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਲਾ ਰੁਕਿਆ ਨਾ ਹੋਵੇ | ਇਸ ਸਾਰੀ ਹਾਲਤ ਬਾਰੇ ਮੋਦੀ ਦੇ ਮਨ ਵਿੱਚੋਂ ਇੱਕ ਸ਼ਬਦ ਵੀ ਨਹੀਂ ਨਿਕਲਿਆ |
ਨਰਿੰਦਰ ਮੋਦੀ ਨੇ ਆਯੂਸ਼ਮਾਨ ਭਾਰਤ, ਡਿਜੀਟਲ ਇੰਡੀਆ ਤੇ ਕੌਮੀ ਸੁਰੱਖਿਆ ਦੇ ਮੁੱਦਿਆਂ 'ਤੇ ਆਪਣੀ ਸਰਕਾਰ ਦੀ ਰੱਜ ਕੇ ਪ੍ਰਸੰਸਾ ਕੀਤੀ | ਇਹੋ ਨਹੀਂ, ਮੋਦੀ ਨੇ ਇਹ ਫੜ੍ਹ ਵੀ ਮਾਰ ਦਿੱਤੀ ਕਿ ਅਸੀਂ ਆਕਸੀਜਨ ਉਤਪਾਦਨ ਵਿੱਚ ਵੀ ਕਮਾਲ ਕਰ ਦਿੱਤੀ ਹੈ | ਅਸੀਂ 900 ਟਨ ਦੀ ਥਾਂ 9500 ਟਨ ਉਤਪਾਦਨ ਕਰਨ ਲੱਗ ਪਏ ਹਾਂ | ਇਹ ਗੱਲ ਕਹਿ ਕੇ ਪ੍ਰਧਾਨ ਮੰਤਰੀ ਨੇ ਦਿੱਲੀ ਦੇ ਬਤਰਾ ਹਸਪਤਾਲ, ਗੰਗਾ ਰਾਮ ਹਸਪਤਾਲ, ਗੋਲਡਨ ਹਸਪਤਾਲ, ਗੋਆ ਦੇ ਮੈਡੀਕਲ ਕਾਲਜ ਤੇ ਦੇਸ਼ ਦੇ ਅਨੇਕਾਂ ਹੋਰ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਕਾਰਨ ਤੜਫ-ਤੜਫ ਕੇ ਜਾਨਾਂ ਗੁਆ ਚੁੱਕੇ ਸੈਂਕੜੇ ਲੋਕਾਂ ਦੇ ਪਰਵਾਰਾਂ ਨਾਲ ਕੋਝਾ ਮਜ਼ਾਕ ਕੀਤਾ ਹੈ |
ਮੋਦੀ ਨੇ ਕੋਰੋਨਾ ਬਾਰੇ ਸਿਰਫ਼ ਇਹ ਕਿਹਾ ਕਿ ਅਸੀਂ ਪਹਿਲੀ ਲਹਿਰ ਦੌਰਾਨ ਹੌਸਲੇ ਨਾਲ ਲੜੇ ਸੀ ਤੇ ਹੁਣ ਵੀ ਭਾਰਤ ਜਿੱਤੇਗਾ | ਕਿਹੜੀ ਜਿੱਤ, ਸਰਕਾਰ ਦੀ ਬਦਇੰਤਜ਼ਾਮੀ ਤੇ ਹੱਠਧਰਮੀ ਨੇ ਜਿਨ੍ਹਾਂ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ, ਉਨ੍ਹਾਂ ਦੇ ਕਰੋੜਾਂ ਪਰਵਾਰਕ ਮੈਂਬਰਾਂ ਲਈ ਤਾਂ ਲੜਾਈ ਮੁੱਕ ਚੁੱਕੀ ਹੈ | ਉਹ ਸਿਰਫ਼ ਹਾਰੇ ਹੀ ਨਹੀਂ, ਟੁੱਟ ਵੀ ਚੁੱਕੇ ਹਨ |
ਮੋਦੀ ਸਾਹਿਬ ਨੂੰ ਇਹ ਅਹਿਸਾਸ ਹੀ ਨਹੀਂ ਕਿ ਇਸ ਮਹਾਂਮਾਰੀ ਦੌਰਾਨ ਕਿੰਨੇ ਪਰਵਾਰ ਤਬਾਹ ਹੋ ਚੁੱਕੇ ਹਨ | ਜਿਹੜੇ ਪਰਵਾਰ ਆਪਣੇ ਜੀਆਂ ਦਾ ਸਨਮਾਨ-ਪੂਰਵਕ ਅੰਤਮ ਸੰਸਕਾਰ ਵੀ ਨਹੀਂ ਕਰ ਸਕੇ, ਉਨ੍ਹਾਂ ਨੂੰ ਰਹਿੰਦੀ ਉਮਰ ਤੱਕ ਇਸ ਦਾ ਮਲਾਲ ਰਹੇਗਾ | ਇਨ੍ਹਾਂ ਲੋਕਾਂ ਨੇ ਜਦੋਂ ਇਹ ਸੁਣਿਆ ਹੋਵੇਗਾ ਕਿ ਮੋਦੀ ਸਰਕਾਰ ਨੇ ਪਿਛਲੇ 7 ਸਾਲਾਂ ਵਿੱਚ ਦੇਸ਼ ਦਾ ਨਕਸ਼ਾ ਹੀ ਬਦਲ ਦਿੱਤਾ ਹੈ ਤਾਂ ਇਨ੍ਹਾਂ ਨੂੰ ਕਿਹੋ ਜਿਹਾ ਲੱਗਾ ਹੋਵੇਗਾ, ਕੋਈ ਸੰਵੇਦਨਸ਼ੀਲ ਵਿਅਕਤੀ ਹੀ ਸਮਝ ਸਕਦਾ ਹੈ | ਤਾਨਾਸ਼ਾਹਾਂ ਦੇ ਸਿਰ ਵਿੱਚ ਤਾਂ ਸੰਵੇਦਨਾ ਵਾਲਾ ਖਾਨਾ ਹੀ ਨਹੀਂ ਹੁੰਦਾ |
ਪ੍ਰਧਾਨ ਮੰਤਰੀ ਨੂੰ ਚਾਹੀਦਾ ਸੀ ਕਿ ਇਸ ਮੌਕੇ ਉੱਤੇ ਦੇਸ਼ ਦੇ ਲੋਕਾਂ ਤੋਂ ਮਾਫ਼ੀ ਮੰਗਦੇ ਕਿ ਉਨ੍ਹਾ ਦੀਆਂ ਗਲਤੀਆਂ ਕਾਰਨ ਹੀ ਦੇਸ਼ ਨੂੰ ਇਹ ਦਿਨ ਦੇਖਣੇ ਪਏ | ਫਰਵਰੀ ਵਿੱਚ ਕੋਰੋਨਾ ਦੀ ਜਿੱਤ ਦਾ ਐਲਾਨ ਕਰਨਾ, ਪੰਜ ਰਾਜਾਂ ਦੇ ਲੋਕਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਝੋਕਣਾ ਤੇ ਆਪਣੇ ਲੋਕਾਂ ਲਈ ਵੈਕਸੀਨ ਦਾ ਪ੍ਰਬੰਧ ਕਰਨ ਦੀ ਥਾਂ ਬਾਹਰਲੇ ਦੇਸ਼ਾਂ ਨੂੰ ਵੈਕਸੀਨ ਭੇਜਣਾ, ਅਜਿਹੀਆਂ ਅਹਿਮਕਾਨਾ ਗਲਤੀਆਂ ਸਨ, ਜਿਹੜੀਆਂ ਲੱਖਾਂ ਲੋਕਾਂ ਦੀ ਮੌਤ ਦਾ ਕਾਰਨ ਬਣੀਆਂ |
ਹਾਲੇ ਕੋਰੋਨਾ ਖ਼ਤਮ ਨਹੀਂ ਹੋਇਆ | ਸੂਬੇ ਵੈਕਸੀਨ ਲੈਣ ਲਈ ਹਾਲ-ਦੁਹਾਈ ਪਾ ਰਹੇ ਹਨ | ਵੈਕਸੀਨ ਹਰ ਇੱਕ ਨੂੰ ਲੱਗਣ ਵਿੱਚ ਕਿੰਨਾ ਸਮਾਂ ਲੱਗੇਗਾ, ਕੋਈ ਨਹੀਂ ਜਾਣਦਾ | ਸਿਹਤ ਮੰਤਰਾਲਾ ਕਹਿ ਰਿਹਾ ਕਿ ਦਸੰਬਰ ਤੱਕ 216 ਕਰੋੜ ਡੋਜ਼ ਮਿਲ ਜਾਵੇਗੀ, ਪਰ ਕਿੱਥੋਂ ਇਹ ਕੋਈ ਨਹੀਂ ਦੱਸ ਰਿਹਾ | ਇਸ ਦੌਰਾਨ ਕਿੰਨੇ ਹੋਰ ਲੋਕ ਕੋਰੋਨਾ ਦੀ ਭੇਟ ਚੜ੍ਹ ਜਾਣਗੇ, ਉਨ੍ਹਾਂ ਦਾ ਫਿਕਰ ਘੱਟੋ-ਘੱਟ ਪ੍ਰਧਾਨ ਮੰਤਰੀ ਨੂੰ ਤਾਂ ਹੈ ਨਹੀਂ |
ਅਸਲ ਵਿੱਚ ਨਰਿੰਦਰ ਮੋਦੀ ਤੇ ਉਸ ਦੀ ਪਾਰਟੀ ਭਾਜਪਾ ਆਪਣੇ ਤੈਅਸ਼ੁਦਾ ਏਜੰਡੇ ਮੁਤਾਬਕ ਚੱਲ ਰਹੇ ਹਨ | ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਅਸੀਂ 7 ਸਾਲਾਂ ਵਿੱਚ ਉਹ ਕਰ ਦਿਖਾਇਆ ਹੈ, ਜੋ 70 ਸਾਲਾਂ ਵਿੱਚ ਨਹੀਂ ਹੋਇਆ | ਝਗੜਿਆਂ ਨੂੰ ਅਮਨ-ਪੂਰਵਕ ਨਿਬੇੜਿਆ ਕਹਿ ਕੇ ਮੰਦਰ-ਮਸਜਿਦ ਵੱਲ ਇਸ਼ਾਰਾ ਕਰ ਦਿੱਤਾ | ਇਸ਼ਾਰਿਆਂ-ਇਸ਼ਾਰਿਆਂ ਵਿੱਚ ਕਸ਼ਮੀਰ ਦਾ ਨਾਂਅ ਲੈ ਕੇ ਧਾਰਾ 370 ਦੀ ਵੀ ਗੱਲ ਕਰ ਦਿੱਤੀ | ਏਅਰ ਫੋਰਸ ਦੇ ਕੈਪਟਨ ਦੀ ਪ੍ਰਸੰਸਾ ਕਰਕੇ ਗੱਲਬਾਤ ਨੂੰ ਰਾਸ਼ਟਰਵਾਦ ਦਾ ਵੀ ਤੁੜਕਾ ਲਾ ਦਿੱਤਾ |
ਅਸਲ ਵਿੱਚ ਦੇਸ਼ ਦੀ ਜਨਤਾ ਪ੍ਰਧਾਨ ਮੰਤਰੀ ਦੇ ਏਜੰਡੇ ਵਿੱਚ ਹੀ ਨਹੀਂ ਹੈ | ਪ੍ਰਧਾਨ ਮੰਤਰੀ ਨੇ ਜਨਤਾ ਨੂੰ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਸ ਨੂੰ ਆਤਮਨਿਰਭਰ ਬਣਨਾ ਪਵੇਗਾ | ਹੁਣ ਦੁਬਾਰਾ ਫਿਰ ਉਨ੍ਹਾ ਕਹਿ ਦਿੱਤਾ ਹੈ ਕਿ ਕਈ ਇਮਤਿਹਾਨ ਆਏ ਤੇ ਅਸੀਂ ਉਨ੍ਹਾਂ 'ਚੋਂ ਨਿਕਲੇ, ਕੋਰੋਨਾ ਵੀ ਇਮਤਿਹਾਨ ਹੈ, ਇਸ ਵਿੱਚੋਂ ਵੀ ਨਿਕਲਣਾ ਹੈ | ਕਮਾਲ ਹੈ ਨਾ ਕੋਰੋਨਾ ਨਾਲ ਲੜਨਾ ਸਰਕਾਰ ਦਾ ਕੰਮ ਸੀ, ਸਰਕਾਰ ਉਸ ਵਿੱਚ ਫੇਲ੍ਹ ਹੋਈ, ਪਰ ਮੋਦੀ ਇਸ ਅਸਫਲਤਾ ਨੂੰ ਵੀ ਲੋਕਾਂ ਦੇ ਸਿਰ ਮੜ੍ਹ ਰਹੇ ਹਨ |
-ਚੰਦ ਫਤਿਹਪੁਰੀ

939 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper