Latest News
ਕੀ ਆਤਮਨਿਰਭਰ ਦਾ ਮਤਲਬ ਨਿੱਜੀਕਰਨ ਹੈ

Published on 03 Jun, 2021 11:45 AM.


ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਰਜ਼ੀ 'ਤੇ ਸੁਣਵਾਈ ਦੌਰਾਨ ਕੇਂਦਰ ਸ਼ਾਸਤ ਚੰਡੀਗੜ੍ਹ ਦੇ ਪ੍ਰਸ਼ਾਸਨ ਦੀ ਖਿਚਾਈ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਦੇ ਆਤਮ ਨਿਰਭਰ ਭਾਰਤ ਦੇ ਨਾਅਰੇ ਉੱਤੇ ਵੀ ਤਲਖ ਟਿੱਪਣੀ ਕੀਤੀ ਹੈ |
ਯੂ ਟੀ ਪਾਵਰਮੈਨ ਯੂਨੀਅਨ ਨੇ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਕਿਹਾ ਸੀ ਕਿ ਇਸ ਸਮੇਂ ਜਦੋਂ ਲੋਕ ਕੋਰੋਨਾ ਕਾਰਨ ਮਰ ਰਹੇ ਹਨ ਤਾਂ ਚੰਡੀਗੜ੍ਹ ਪ੍ਰਸ਼ਾਸਨ ਬਿਜਲੀ ਵਿਭਾਗ ਦੇ ਨਿੱਜੀਕਰਨ ਨੂੰ ਤੇਜ਼ੀ ਨਾਲ ਅੱਗੇ ਵਧਾ ਰਿਹਾ ਹੈ | ਯੂਨੀਅਨ ਨੇ ਕਿਹਾ ਸੀ ਕਿ ਚੰਡੀਗੜ੍ਹ ਵਿੱਚ ਬਿਜਲੀ ਗੁਆਂਢੀ ਰਾਜਾਂ ਨਾਲੋਂ ਸਸਤੀ ਹੈ | ਬਿਜਲੀ ਵਿਭਾਗ ਲਗਾਤਾਰ ਲਾਭ ਕਮਾ ਰਿਹਾ ਹੈ | ਬਿਜਲੀ ਮੁਲਾਜ਼ਮ ਵਧੀਆ ਸੇਵਾਵਾਂ ਦੇ ਰਹੇ ਹਨ, ਪਰ ਵਿਭਾਗ ਜਾਣਬੁੱਝ ਕੇ ਕਰਮਚਾਰੀਆਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ | ਇਸ ਹਾਲਤ ਵਿੱਚ ਲੋਕਾਂ ਦੇ ਹਿੱਤ ਲਈ ਬਿਜਲੀ ਵਿਭਾਗ ਦੇ ਨਿੱਜੀਕਰਨ ਉੱਤੇ ਰੋਕ ਲਾਈ ਜਾਵੇ |
ਇਸ ਅਰਜ਼ੀ ਉੱਤੇ ਸੁਣਵਾਈ ਦੌਰਾਨ ਜਸਟਿਸ ਜਤੇਂਦਰ ਚੌਹਾਨ ਤੇ ਜਸਟਿਸ ਵਿਵੇਕ ਪੁਰੀ ਦੀ ਖੰਡਪੀਠ ਨੇ ਕਿਹਾ ਕਿ ਅੱਜ ਜਦੋਂ ਹਸਪਤਾਲਾਂ ਵਿੱਚ ਥਾਂ ਨਹੀਂ, ਸ਼ਮਸ਼ਾਨਘਾਟਾਂ ਵਿੱਚ ਲਾਈਨਾਂ ਲੱਗੀਆਂ ਹੋਈਆਂ ਹਨ, ਹਸਪਤਾਲਾਂ ਵਿੱਚ ਆਕਸੀਜਨ ਤੇ ਆਈ ਸੀ ਯੂ 'ਚ ਬੈੱਡ ਨਹੀਂ ਮਿਲ ਰਹੇ ਤੇ ਮਾਨਵਜਾਤੀ ਇੱਕ ਬੁਰੇ ਦੌਰ ਵਿੱਚੋਂ ਗੁਜ਼ਰ ਰਹੀ ਹੈ, ਤਦ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਜਲੀ ਵਿਭਾਗ ਦੇ ਨਿੱਜੀਕਰਨ ਲਈ ਵਰਤੀ ਜਾ ਰਹੀ ਕਾਹਲੀ ਸਮਝੋਂ ਬਾਹਰ ਹੈ |
ਇਸ ਦੌਰਾਨ ਖੰਡਪੀਠ ਨੇ ਆਤਮ ਨਿਰਭਰ ਭਾਰਤ ਉੱਤੇ ਵੀ ਤਲਖ ਟਿੱਪਣੀ ਕੀਤੀ | ਖੰਡਪੀਠ ਨੇ ਕਿਹਾ ਕਿ ਪ੍ਰਸ਼ਾਸਨ ਦੀ ਦਲੀਲ ਕਿ ਆਤਮ ਨਿਰਭਰ ਭਾਰਤ ਅਧੀਨ ਬਿਜਲੀ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ | ਕੀ ਆਤਮਨਿਰਭਰ ਦਾ ਅਰਥ ਨਿੱਜੀਕਰਣ ਹੈ | ਖੰਡਪੀਠ ਨੇ ਕਿਹਾ ਕਿ ਅਜਿਹਾ ਅਦਾਰਾ, ਜੋ ਭਾਰਤੀਆਂ ਰਾਹੀਂ ਚਲਾਇਆ ਜਾ ਰਿਹਾ ਹੋਵੇ, ਜੋ ਭਾਰਤੀਆਂ ਨੂੰ ਰੁਜ਼ਗਾਰ ਦਿੰਦਾ ਹੋਵੇ ਤੇ ਭਾਰਤ ਨੂੰ ਮੁਨਾਫ਼ਾ ਦਿੰਦਾ ਹੋਵੇ, ਇਸ ਤੋਂ ਵੱਧ ਆਤਮ-ਨਿਰਭਰ ਹੋਰ ਕੀ ਹੋ ਸਕਦਾ ਹੈ | ਹਾਈ ਕੋਰਟ ਨੇ ਕਿਹਾ ਕਿ ਨਿੱਜੀਕਰਨ ਅਤੇ 'ਸਭ ਕਾ ਵਿਕਾਸ' ਵਿੱਚ ਵਿਰੋਧਾਭਾਸ ਦਿਖਾਈ ਦਿੰਦਾ ਹੈ |
ਅਦਾਲਤ ਨੇ ਕਿਹਾ ਕਿ ਇਹ ਸਮਝੋਂ ਬਾਹਰ ਹੈ ਕਿ ਲੋਕਾਂ ਨੂੰ ਬੇਹਤਰ ਸਹੂਲਤਾਂ ਤੇ ਮੁਨਾਫ਼ੇ ਦੇ ਬਾਵਜੂਦ ਨਿੱਜੀਕਰਨ ਦਾ ਫ਼ੈਸਲਾ ਕੀਤਾ ਜਾ ਰਿਹਾ ਹੈ | ਬਿਜਲੀ ਮੁਲਾਜ਼ਮ ਸ਼ਹਿਰ ਵਿੱਚ ਬਿਨਾਂ ਰੋਕ ਦੇ ਬਿਜਲੀ ਮਿਲਦੀ ਰਹੇ, ਲਈ ਹਮੇਸ਼ਾ ਤਤਪਰ ਰਹਿੰਦੇ ਹਨ ਤੇ ਇਸ ਲਈ ਉਹ ਪ੍ਰਸੰਸਾ ਦੇ ਹੱਕਦਾਰ ਹਨ | ਇਸ ਮੁਸ਼ਕਲ ਦੌਰ ਵਿੱਚ ਵੀ ਬਿਜਲੀ ਵਿਭਾਗ ਹਸਪਤਾਲਾਂ ਨੂੰ ਬਿਨਾਂ ਰੋਕ-ਟੋਕ ਦੇ ਬਿਜਲੀ ਸਪਲਾਈ ਕਰ ਰਿਹਾ ਹੈ | ਹਾਈ ਕੋਰਟ ਨੇ ਕਿਹਾ ਕਿ ਉਨ੍ਹਾਂ ਦੀ ਸਮਝ ਹੈ ਕਿ ਨਿੱਜੀਕਰਨ ਸਾਰੀਆਂ ਸਮੱਸਿਆਵਾਂ ਦਾ ਰਾਮਬਾਣ ਇਲਾਜ ਨਹੀਂ ਹੋ ਸਕਦਾ | ਜਦੋਂ ਵਿਭਾਗ ਮੁਨਾਫ਼ੇ 'ਚ ਹੈ, ਲੋਕਾਂ ਦੀ ਕੋਈ ਸ਼ਿਕਾਇਤ ਨਹੀਂ, ਸਭ ਅਦਾਰਿਆਂ ਨੂੰ ਬਿਨਾਂ ਰੋਕ ਬਿਜਲੀ ਮਿਲ ਰਹੀ ਹੈ ਤਾਂ ਇਸ ਦੌਰ ਵਿੱਚ ਆਖਰ ਕਿਉਂ ਵਿਭਾਗ ਦੇ ਨਿੱਜੀਕਰਨ ਲਈ ਏਨੀ ਜਲਦਬਾਜ਼ੀ ਦਿਖਾਈ ਜਾ ਰਹੀ ਹੈ |
ਮਾਣਯੋਗ ਜੱਜਾਂ ਨੇ ਬਿਜਲੀ ਵਿਭਾਗ ਦੇ ਨਿੱਜੀਕਰਨ ਉੱਤੇ ਰੋਕ ਲਾਉਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 1963 ਵਿੱਚ ਭਾਖੜਾ ਨੰਗਲ ਡੈਮ ਦੇ ਉਦਘਾਟਨ ਮੌਕੇ ਕਿਹਾ ਸੀ ਕਿ ਇਹ ਆਧੁਨਿਕ ਭਾਰਤ ਦਾ ਮੰਦਰ ਹੈ | ਉਨ੍ਹਾ ਇਸ ਨੂੰ ਦੇਸ਼ ਦੀ ਦੁਨੀਆ ਉੱਤੇ ਨਿਰਭਰਤਾ ਦੇ ਖਾਤਮੇ ਵਜੋਂ ਦੇਖਿਆ ਸੀ | ਹਾਈ ਕੋਰਟ ਨੇ ਨਿੱਜੀਕਰਨ ਬਾਰੇ ਬਾਬਾ ਸਾਹਿਬ ਅੰਬੇਡਕਰ ਦੀਆਂ ਟਿੱਪਣੀਆਂ ਸ਼ਾਮਲ ਕਰਦਿਆਂ ਕਿਹਾ ਕਿ ਸੰਵਿਧਾਨ ਅਨੁਸਾਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਅਜਿਹੇ ਅਦਾਰਿਆਂ ਨੂੰ ਬਚਾ ਕੇ ਰੱਖੇ, ਜੋ ਲੋਕਾਂ ਨੂੰ ਰੁਜ਼ਗਾਰ ਤੇ ਸਮਾਜ ਨੂੰ ਸਹਾਰਾ ਦਿੰਦੇ ਹੋਣ, ਤਾਂ ਜੋ ਗ਼ਰੀਬ ਤੋਂ ਗ਼ਰੀਬ ਵਿਅਕਤੀ ਵੀ ਵਧੀਆ ਭਵਿੱਖ ਦਾ ਸੁਫ਼ਨਾ ਦੇਖ ਸਕੇ |
ਦਰਅਸਲ ਚੰਡੀਗੜ੍ਹ ਪ੍ਰਸ਼ਾਸਨ ਨੇ ਬਿਜਲੀ ਵਿਭਾਗ ਦੇ ਨਿੱਜੀਕਰਨ ਦਾ ਫ਼ੈਸਲਾ ਲਿਆ ਸੀ | ਇਸ ਫੈਸਲੇ ਵਿਰੁੱਧ ਯੂਨੀਅਨ ਹਾਈ ਕੋਰਟ ਚਲੀ ਗਈ ਤਾਂ ਹਾਈ ਕੋਰਟ ਨੇ ਇਸ ਫੈਸਲੇ ਉੱਤੇ ਰੋਕ ਲਾ ਦਿੱਤੀ | ਇਸ ਵਿਰੁੱਧ ਚੰਡੀਗੜ੍ਹ ਪ੍ਰਸ਼ਾਸਨ ਸੁਪਰੀਮ ਕੋਰਟ ਚਲਾ ਗਿਆ | ਸੁਪਰੀਮ ਕੋਰਟ ਨੇ ਹਾਈੋ ਕੋਰਟ ਨੂੰ ਤਿੰਨ ਮਹੀਨਿਆਂ ਵਿੱਚ ਕੇਸ ਦੇ ਨਿਪਟਾਰੇ ਦਾ ਆਦੇਸ਼ ਦੇ ਦਿੱਤਾ | ਹਾਈ ਕੋਰਟ ਨੇ ਦੋ-ਤਿੰਨ ਸੁਣਵਾਈਆਂ ਤੋਂ ਬਾਅਦ ਅਗਸਤ ਦੀ ਤਰੀਕ ਤੈਅ ਕਰ ਦਿੱਤੀ | ਇਸ ਦੌਰਾਨ ਪ੍ਰਸ਼ਾਸਨ ਨੇ ਨਿੱਜੀਕਰਨ ਦੀ ਪ੍ਰਕ੍ਰਿਆ ਤੇਜ਼ ਕਰ ਦਿੱਤੀ | ਇਸ ਵਿਰੁੱਧ ਯੂਨੀਅਨ ਨੇ ਅਰਜ਼ੀ ਦਾਖਲ ਕਰ ਦਿੱਤੀ, ਜਿਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਨਿੱਜੀਕਰਨ ਦੀ ਪ੍ਰਕ੍ਰਿਆ ਉੱਤੇ ਰੋਕ ਲਾ ਦਿੱਤੀ ਹੈ |

788 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਜਿਹ...

e-Paper