Latest News
ਅਣਮਨੁੱਖੀ ਸਲੂਕ

Published on 04 Jun, 2021 10:44 AM.

ਪੰਜਾਬ ਸਰਕਾਰ ਤਰ੍ਹਾਂ-ਤਰ੍ਹਾਂ ਦੇ ਤਜਰਬੇ ਕਰ ਰਹੀ ਹੈ | ਆਂਗਣਵਾੜੀ ਵਰਕਰਾਂ ਨੂੰ ਇਸ ਨੇ ਕਿਹਾ ਹੈ ਕਿ ਆਂਗਣਵਾੜੀ ਕੇਂਦਰਾਂ ਵਿਚ ਸਬਜ਼ੀਆਂ ਤੇ ਹੋਰ ਆਈਟਮਾਂ ਬੀਜਣ | ਦਰਅਸਲ ਆਂਗਣਵਾੜੀ ਕੇਂਦਰਾਂ ਵਿਚ 'ਪੋਸ਼ਣ ਵਾਟਿਕਾ' ਬਣਾਉਣ ਦੀ ਕੇਂਦਰ ਦੀ 'ਪੋਸ਼ਣ ਅਭਿਆਨ' ਨਾਂਅ ਦੀ ਸਕੀਮ ਹੈ, ਜਿਸ ਤਹਿਤ ਸਬਜ਼ੀਆਂ ਲਾਈਆਂ ਜਾਣੀਆਂ ਹਨ | ਪੰਜਾਬ ਸਰਕਾਰ ਨੇ ਇਹ ਕੰਮ ਆਂਗਣਵਾੜੀ ਵਰਕਰਾਂ ਦੇ ਜ਼ਿੰਮੇ ਲਾ ਦਿੱਤਾ ਹੈ | ਆਂਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਮੰਨਣ ਦੀ ਥਾਂ ਉਨ੍ਹਾਂ ਨੂੰ ਹੋਰ ਹੀ ਪਾਸੇ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਸਰਕਾਰ ਨੇ ਬੀਜਾਂ ਦੀਆਂ ਕਿੱਟਾਂ ਭਿਜਵਾ ਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ 'ਪੋਸ਼ਣ ਵਾਟਿਕਾ' ਬਣਾਉਣ ਲਈ ਕਿਹਾ ਹੈ | ਵਰਕਰਾਂ ਦਾ ਕਹਿਣਾ ਹੈ ਕਿ ਨਿੱਕੀਆਂ-ਨਿੱਕੀਆਂ ਥਾਂਵਾਂ 'ਤੇ ਕੇਂਦਰ ਚੱਲ ਰਹੇ ਹਨ, ਉਹ ਭਲਾ ਸਬਜ਼ੀਆਂ ਕਿੱਥੇ ਲਾਉਣਗੀਆਂ | ਜੇ ਲਾ ਵੀ ਦਿੱਤੇ ਤਾਂ ਪੁੰਗਰਨ ਤੋਂ ਬਾਅਦ ਬੂਟਿਆਂ ਦੀ ਰਾਖੀ ਕੌਣ ਕਰੇਗਾ | ਆਂਗਣਵਾੜੀ ਵਰਕਰਜ਼ ਯੂਨੀਅਨ ਨੇ ਵੀਰਵਾਰ ਇਸ ਨਾਦਰਸ਼ਾਹੀ ਹੁਕਮ ਦੇ ਖਿਲਾਫ ਜ਼ਿਲ੍ਹਾ ਪੱਧਰ 'ਤੇ ਮੁਜ਼ਾਹਰੇ ਕਰਕੇ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਨੂੰ ਮੈਮੋਰੰਡਮ ਪਹੁੰਚਾਏ ਹਨ ਕਿ ਇਹ ਕੰਮ ਉਨ੍ਹਾਂ ਨੇ ਨਹੀਂ ਕਰਨਾ ਤੇ ਉਨ੍ਹਾਂ 'ਤੇ ਦਬਾਅ ਨਾ ਪਾਇਆ ਜਾਵੇ |
ਇਸੇ ਤਰ ੍ਹਾਂ ਟੀਚਰਾਂ ਨੇ ਵੀ ਵੀਰਵਾਰ ਟੂ-ਵ੍ਹੀਲਰਾਂ 'ਤੇ ਮਾਰਚ ਕਰਕੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਪੁਤਲੇ ਸਾੜੇ | ਉਹ ਇਸ ਕਰਕੇ ਔਖੇ ਹਨ ਕਿ ਛੁੱਟੀਆਂ ਵਿਚ ਵੀ ਉਨ੍ਹਾਂ ਨੂੰ ਆਨਲਾਈਨ ਕਲਾਸਾਂ ਲਾਉਣ, ਮੀਟਿੰਗਾਂ ਤੇ ਟਰੇਨਿੰਗ ਪ੍ਰੋਗਰਾਮ ਅਟੈਂਡ ਕਰਨ, ਕਿਤਾਬਾਂ ਤੇ ਖੁਰਾਕੀ ਆਈਟਮਾਂ ਵੰਡਣ ਅਤੇ ਦਾਖਲੇ ਕਰਾਉਣ ਆਦਿ ਵਿਚ ਉਲਝਾਇਆ ਜਾ ਰਿਹਾ ਹੈ | ਸਰਕਾਰ ਨਵੇਂ-ਨਵੇਂ ਕੰਮ ਕੱਢ ਰਹੀ ਹੈ ਪਰ ਦੇਰੀ ਨਾਲ ਆਈ ਛੇਵੇਂ ਵੇਤਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕਰ ਰਹੀ, ਕਈ ਸਾਲਾਂ ਤੋਂ ਠੇਕੇ 'ਤੇ ਕੰਮ ਕਰ ਰਹੇ ਟੀਚਰਾਂ ਨੂੰ ਪੱਕੇ ਨਹੀਂ ਕਰ ਰਹੀ | ਟੀਚਰਾਂ ਦਾ ਇਹ ਵੀ ਦੋਸ਼ ਹੈ ਕਿ ਸਰਕਾਰ ਸਕੂਲਾਂ ਨੂੰ ਰਲਾ ਕੇ ਟੀਚਰਾਂ ਦੀ ਗਿਣਤੀ ਘਟਾਉਣ 'ਤੇ ਵੀ ਲੱਗੀ ਹੋਈ ਹੈ |
ਆਂਗਣਵਾੜੀ ਵਰਕਰਾਂ ਨੂੰ ਨਿਗੂਣਾ ਜਿਹਾ ਭੱਤਾ ਮਿਲਦਾ ਹੈ, ਗਰੀਬੀ ਤੇ ਬੇਰੁਜ਼ਗਾਰੀ ਹੀ ਉਨ੍ਹਾਂ ਨੂੰ ਇਹ ਕੰਮ ਕਰਨ ਲਈ ਮਜਬੂਰ ਕਰਦੀ ਹੈ | ਇਸੇ ਤਰ੍ਹਾਂ ਟੀਚਰ ਵੀ ਪੱਕੇ ਸਰਕਾਰੀ ਮੁਲਾਜ਼ਮਾਂ ਨੂੰ ਮਿਲਦੀਆਂ ਸਹੂਲਤਾਂ ਤੋਂ ਬਿਨਾਂ ਠੇਕੇ 'ਤੇ ਕੰਮ ਕਰਨ ਲਈ ਮਜਬੂਰ ਹਨ | ਸਰਕਾਰ ਇਨ੍ਹਾਂ ਨੂੰ ਮਾਣਯੋਗ ਵੇਤਨ ਦੇਣ ਲਈ ਲਾਰਿਆਂ ਤੋਂ ਇਲਾਵਾ ਕੁਝ ਕਰ ਨਹੀਂ ਰਹੀ | ਇਹ ਵੀ ਇਨਸਾਨ ਹਨ | ਇਨ੍ਹਾਂ 'ਤੇ ਖੱਚਰ-ਰੇਹੜਿਆਂ ਵਾਂਗ ਭਾਰ ਲੱਦਣਾ ਠੀਕ ਨਹੀਂ |

773 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper