Latest News
ਪਰਦਾਪੋਸ਼ੀ

Published on 07 Jun, 2021 10:45 AM.


ਅਖਬਾਰਾਂ ਵਾਲੇ ਝੂਠ ਫੜ ਹੀ ਲੈਂਦੇ ਹਨ | ਦੇਸ਼ ਦੀ ਇਕ ਸਰਕਰਦਾ ਹਿੰਦੀ ਅਖਬਾਰ ਨੇ ਗੁਜਰਾਤ ਸਰਕਾਰ ਦਾ ਜਿਹੜਾ ਝੂਠ ਫੜਿਆ ਹੈ, ਉਹ ਪਾਰਦਰਸ਼ਤਾ ਦੇ ਦਾਅਵੇ ਕਰਨ ਵਾਲੇ ਮੌਜੂਦਾ ਹਾਕਮਾਂ ਦੀ ਅਸਲੀਅਤ ਸਾਹਮਣੇ ਲਿਆਉਂਦਾ ਹੈ | ਅਖਬਾਰ ਨੇ ਗੁਜਰਾਤ ਦੇ 1200 ਬੈੱਡ ਵਾਲੇ ਸਿਵਲ ਕੋਵਿਡ ਹਸਪਤਾਲ ਦੇ 10 ਅਪ੍ਰੈਲ ਤੋਂ 9 ਮਈ ਤੱਕ ਹੋਣ ਵਾਲੀਆਂ ਮੌਤਾਂ ਦੇ ਰਿਕਾਰਡ ਤੱਕ ਪਹੁੰਚ ਕਰਕੇ ਪਤਾ ਲਾਇਆ ਕਿ ਉਥੇ 3416 ਮੌਤਾਂ ਹੋਈਆਂ, ਜਦਕਿ ਸਰਕਾਰੀ ਅੰਕੜਿਆਂ ਵਿਚ ਸਿਰਫ 698 ਤੇ ਪੂਰੇ ਗੁਜਰਾਤ ਵਿਚ 3578 ਮੌਤਾਂ ਹੀ ਦੱਸੀਆਂ ਗਈਆਂ | ਅਖਬਾਰ ਦੇ ਰਿਪੋਰਟਰਾਂ ਨੇ ਪੂਰੇ ਮਹੀਨੇ ਦੇ ਵੇਰਵੇ ਬਰੀਕੀ ਨਾਲ ਖੰਘਾਲੇ | ਮਿ੍ਤਕਾਂ ਦੀ ਇਕ ਸ਼ੀਟ ਬਣਾਈ ਗਈ ਸੀ, ਜਿਸ ਵਿਚ ਮਿ੍ਤਕ ਦਾ ਨਾਂਅ, ਫੋਨ ਨੰਬਰ, ਭਰਤੀ ਹੋਣ ਦੀ ਤਰੀਕ, ਮੌਤ ਦੀ ਤਰੀਕ ਤੇ ਮੌਤ ਦਾ ਕਾਰਨ ਲਿਖਿਆ ਗਿਆ ਸੀ | ਇਹ ਸ਼ੀਟ ਸਵੇਰੇ 8 ਵਜੇ ਤੋਂ ਅਗਲੇ ਦਿਨ ਸਵੇਰੇ 8 ਵਜੇ ਤੱਕ ਅਪਡੇਟ ਕੀਤੀ ਜਾਂਦੀ ਸੀ | 10 ਅਪ੍ਰੈਲ ਤੋਂ 9 ਮਈ ਤੱਕ 11 ਦਿਨ ਅਜਿਹੇ ਸਨ, ਜਦੋਂ ਰੋਜ਼ਾਨਾ ਮੌਤਾਂ ਦਾ ਅੰਕੜਾ ਪੂਰੇ ਰਾਜ ਦੇ ਰੋਜ਼ਾਨਾ ਅੰਕੜੇ ਨਾਲੋਂ ਟੱਪ ਜਾਂਦਾ ਸੀ | ਇਸ ਤੋਂ ਸਾਫ ਹੈ ਕਿ ਰਾਜ ਸਰਕਾਰ ਨੇ ਅੰਕੜੇ ਲੁਕੋਏ | ਲੋਕਾਂ ਤੋਂ ਤਾਂ ਅੰਕੜੇ ਲੁਕੋਏ ਹੀ ਗਏ, ਜਦੋਂ ਇਕ ਜਨਹਿਤ ਪਟੀਸ਼ਨ 'ਤੇ ਗੁਜਰਾਤ ਹਾਈ ਕੋਰਟ ਨੇ ਪੁੱਛਿਆ ਕਿ ਕੀ ਅੰਕੜੇ ਲੁਕੋਏ ਜਾ ਰਹੇ ਹਨ ਤਾਂ ਉਦੋਂ ਵੀ ਸਰਕਾਰ ਨੇ ਆਪਣੇ ਹਲਫਨਾਮੇ ਵਿਚ ਸਰਕਾਰੀ ਅੰਕੜੇ ਪੇਸ਼ ਕੀਤੇ | ਸਾਫ ਹੈ ਕਿ ਕੋਰਟ ਨੂੰ ਵੀ ਗਲਤ ਅੰਕੜੇ ਦੱਸੇ ਗਏ | ਪੱਤਰਕਾਰਾਂ ਦੀ ਟੀਮ ਨੇ ਫੋਨ ਨੰਬਰਾਂ ਦੇ ਆਧਾਰ 'ਤੇ 100 ਮਰੀਜ਼ਾਂ ਦੇ ਘਰਦਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਵਾਰਕ ਮੈਂਬਰ ਕੋਰੋਨਾ ਦੇ ਗੰਭੀਰ ਲੱਛਣਾਂ ਦੇ ਬਾਅਦ ਹੀ ਸਿਵਲ ਕੋਵਿਡ ਹਸਪਤਾਲ ਵਿਚ ਭਰਤੀ ਕੀਤੇ ਗਏ ਸਨ, ਪਰ ਮੌਤ ਦੇ ਸਰਟੀਫਿਕੇਟਾਂ ਵਿਚ ਕੋਰੋਨਾ ਦੀ ਥਾਂ ਹੋਰ ਬਿਮਾਰੀਆਂ ਨਾਲ ਮੌਤਾਂ ਲਿਖ ਦਿੱਤੀਆਂ ਗਈਆਂ | ਸ਼ੀਟ ਦੀ ਜਾਂਚ ਕਰਨ 'ਤੇ ਪਤਾ ਲੱਗਿਆ ਕਿ 90 ਫੀਸਦੀ ਤੋਂ ਵੱਧ ਮੌਤਾਂ ਦੇ ਮਾਮਲੇ ਵਿਚ ਕਾਰਨ ਨਹੀਂ ਲਿਖਿਆ ਗਿਆ | ਕੁਝ ਮਾਮਲਿਆਂ ਵਿਚ ਹੋਰ ਬਿਮਾਰੀਆਂ ਲਿਖ ਕੇ ਛੱਡ ਦਿੱਤਾ ਗਿਆ | ਕਈ ਮਰੀਜ਼ ਅਜਿਹੇ ਸਨ, ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋਈ, ਪਰ ਅਚਾਨਕ ਕੋਰੋਨਾ ਰਿਪੋਰਟ ਨੈਗੇਟਿਵ ਦੱਸ ਕੇ ਹਾਰਟ ਅਟੈਕ ਜਾਂ ਕਿਡਨੀ ਫੇਲ੍ਹ ਹੋਣੀ ਲਿਖ ਦਿੱਤਾ ਗਿਆ |
ਮੱਧ ਪ੍ਰਦੇਸ਼ ਵਿਚ ਵੀ ਕੋਰੋਨਾ ਨਾਲ ਮੌਤਾਂ ਦਾ ਸੱਚ ਛੁਪਾਇਆ ਗਿਆ | ਇਕ ਵਾਰ ਭੋਪਾਲ ਦੇ ਸ਼ਮਸ਼ਾਨਘਾਟ ਵਿਚ 37 ਲਾਸ਼ਾਂ ਦਾ ਅੰਤਮ ਸੰਸਕਾਰ ਕੀਤਾ ਗਿਆ, ਜਦਕਿ ਸਰਕਾਰ ਨੇ ਪੂਰੇ ਰਾਜ ਵਿਚ ਮੌਤਾਂ ਦੀ ਗਿਣਤੀ 37 ਦੱਸੀ | 8 ਅਪ੍ਰੈਲ ਨੂੰ 41 ਲਾਸ਼ਾਂ ਦਾ ਸਸਕਾਰ ਕੀਤਾ ਗਿਆ ਤਾਂ ਪੂਰੇ ਰਾਜ ਵਿਚ 27 ਮੌਤਾਂ ਦੱਸੀਆਂ ਗਈਆਂ | 9 ਅਪ੍ਰੈਲ ਨੂੰ ਭੋਪਾਲ ਵਿਚ ਹੀ 35 ਲਾਸ਼ਾਂ ਦਾ ਸਸਕਾਰ ਕੀਤਾ ਗਿਆ, ਪਰ ਪੂਰੇ ਰਾਜ ਦਾ ਅੰਕੜਾ 23 ਦੱਸਿਆ ਗਿਆ | 10 ਅਪ੍ਰੈਲ ਨੂੰ 56 ਲਾਸ਼ਾਂ ਦਾ ਸਸਕਾਰ ਕੀਤਾ ਗਿਆ, ਪਰ ਰਾਜ ਦਾ ਅੰਕੜਾ 24 ਦੱਸਿਆ ਗਿਆ | ਸਰਕਾਰ ਖੰਡਨ ਕਰਦੀ ਰਹੀ, ਪਰ ਅੰਤਮ ਰਸਮਾਂ ਨਿਭਾਉਣ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਇਸ ਤੋਂ ਪਹਿਲਾਂ ਏਨੇ ਅੰਤਮ ਸੰਸਕਾਰ 1984 ਦੀ ਭੋਪਾਲ ਗੈਸ ਤ੍ਰਾਸਦੀ ਦੌਰਾਨ ਕੀਤੇ ਸਨ |
ਗੁਜਰਾਤ ਤੇ ਮੱਧ ਪ੍ਰਦੇਸ਼ ਵਿਚ ਭਾਜਪਾ ਦੀਆਂ ਸਰਕਾਰਾਂ ਹਨ | ਯੂ ਪੀ ਵਿਚ ਵੀ ਯੋਗੀ ਆਦਿਤਿਆ ਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹੈ | ਉਥੇ ਵੀ ਲੋਕਾਂ ਨੇ ਨਦੀਆਂ ਵਿਚ ਲਾਸ਼ਾਂ ਤਰਦੀਆਂ ਦੇਖੀਆਂ ਹਨ | ਅੰਕੜਿਆਂ ਨੂੰ ਲੁਕੋਣ ਦੀ ਕਾਰਸਤਾਨੀ ਸਭ ਤੋਂ ਵੱਧ ਇਨ੍ਹਾਂ ਰਾਜਾਂ ਵਿਚ ਹੀ ਕੀਤੀ ਗਈ ਹੈ | ਸ਼ਾਇਦ ਇਨ੍ਹਾਂ ਵੱਡੇ ਰਾਜਾਂ ਦੇ ਸਰਕਾਰੀ ਅੰਕੜਿਆਂ ਦੇ ਆਧਾਰ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਦਿਨੀਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੋਰੋਨਾ ਦੀ ਦੂਜੀ ਲਹਿਰ 'ਤੇ ਛੇਤੀ ਤੇ ਕਾਰਗਰ ਢੰਗ ਨਾਲ ਕਾਬੂ ਪਾ ਲਿਆ ਗਿਆ | ਪਿਛਲੇ ਵਰਿ੍ਹਆਂ ਵਿਚ ਲੋਕ ਮੋਦੀਬਾਣੀ ਤੇ ਸ਼ਾਹਬਾਣੀ 'ਤੇ ਭਰੋਸਾ ਕਰਦੇ ਰਹੇ, ਪਰ ਹੁਣ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਜੋ ਦੇਖ ਲਿਆ ਹੈ, ਅੱਗੇ ਤੋਂ ਇਨ੍ਹਾਂ ਦੀ ਬਾਣੀ ਨੂੰ ਸਤਵਚਨ ਕਹਿ ਕੇ ਸਵੀਕਾਰ ਨਹੀਂ ਕਰਨ ਲੱਗੇ |

943 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper