Latest News
ਮਰੀਜ਼ਾਂ ਦੀ ਛਾਂਟੀ

Published on 09 Jun, 2021 10:28 AM.


ਇਹ ਆਮ ਗੱਲ ਹੈ ਕਿ ਜਦੋਂ ਉਤਪਾਦ ਦੀ ਮੰਗ ਘਟ ਜਾਵੇ ਤਾਂ ਕਾਰਖਾਨੇਦਾਰ ਮਜ਼ਦੂਰਾਂ ਦੀ ਛਾਂਟੀ ਕਰ ਦਿੰਦਾ ਹੈ | ਇਹ ਕਦੇ ਨਹੀਂ ਹੋਇਆ ਕਿ ਕੋਈ ਹਸਪਤਾਲ ਸਾਧਨ ਦੀ ਕਮੀ ਹੋ ਜਾਣ ਉੱਤੇ ਮਰੀਜ਼ਾਂ ਦੀ ਛਾਂਟੀ ਕਰ ਦੇਵੇ ਤੇ ਉਹ ਵੀ ਉਨ੍ਹਾਂ ਨੂੰ ਮੌਤ ਦੇ ਕੇ | ਇਹ ਸਿਰਫ਼ ਮੋਦੀ-ਯੋਗੀ ਰਾਜ ਵਿੱਚ ਹੀ ਹੋ ਸਕਦਾ ਹੈ ਤੇ ਹੋਇਆ ਹੈ, ਆਗਰਾ ਦੇ ਇੱਕ ਵੱਡੇ ਹਸਪਤਾਲ ਵਿੱਚ |
ਬੀਤੇ ਮੰਗਲਵਾਰ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਆਗਰਾ ਦੇ ਪਾਰਸ ਹਸਪਤਾਲ ਦਾ ਮਾਲਕ ਅਰਿੰਜਿਆ ਜੈਨ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਇੱਕ ਮਾਕਡਿ੍ਲ ਕੀਤੀ ਗਈ ਜਿਸ ਦੌਰਾਨ ਪੰਜ ਮਿੰਟ ਲਈ ਆਕਸੀਜਨ ਬੰਦ ਕੀਤੀ ਗਈ, ਜਿਸ ਨਾਲ ਤੁਰੰਤ 22 ਮਰੀਜ਼ਾਂ ਦੀ ਮੌਤ ਹੋ ਗਈ | ਇਹ ਘਟਨਾ 26 ਅਪ੍ਰੈਲ ਦੀ ਹੈ, ਜਦੋਂ ਕੋਰੋਨਾ ਦੀ ਦੂਜੀ ਲਹਿਰ ਸਿਖਰ ਉੱਤੇ ਸੀ ਤੇ ਵੱਡੀ ਗਿਣਤੀ ਵਿੱਚ ਆਕਸੀਜਨ ਦੀ ਕਮੀ ਕਾਰਨ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਸਨ |
ਆਗਰਾ ਦੇ ਡੀ ਐੱਮ ਨੇ ਕਿਹਾ ਹੈ ਕਿ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਮਾਲਕ ਵਿਰੁੱਧ ਮਹਾਂਮਾਰੀ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ | ਲੋਕਾਂ ਦੀ ਮੰਗ ਹੈ ਕਿ ਹਸਪਤਾਲ ਦੇ ਮਾਲਕ ਵਿਰੁੱਧ ਕਤਲੇਆਮ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ, ਪਰ ਯੋਗੀ ਸਰਕਾਰ ਉਸ ਨੂੰ ਬਚਾਅ ਰਹੀ ਹੈ |
ਇਸ ਅਣਮਨੁੱਖੀ ਕਾਰੇ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ ਉੱਤੇ ਤਿੱਖੀਆਂ ਟਿੱਪਣੀਆਂ ਕਰ ਰਹੇ ਹਨ | ਇਕ ਟਵਿੱਟਰ ਯੂਜ਼ਰ ਨੇ ਲਿਖਿਆ ਹੈ, ਆਗਰਾ ਦੇ ਪਾਰਸ ਹਸਪਤਾਲ ਦੇ ਮਾਲਕ ਲਾਕਡਾਊਨ ਕਾਰਨ ਬੋਰ ਹੋ ਗਏ ਸਨ | ਉਨ੍ਹਾਂ ਇੱਕ ਖੇਡ ਖੇਡੀ ਕਿ ਦੇਖੀਏ ਆਕਸੀਜਨ ਸਪਲਾਈ ਬੰਦ ਕਰਨ ਨਾਲ ਕਿੰਨੇ ਮਰਦੇ ਹਨ |
ਸੋਸ਼ਲ ਮੀਡੀਆ ਉਤੇ ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਮਰੀਜ਼ਾਂ ਦੇ ਪਰਵਾਰਾਂ ਨੇ ਹਸਪਤਾਲ ਪਹੁੰਚ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਪ੍ਰਦਰਸ਼ਨ ਕਰ ਰਹੇ ਪਰਵਾਰਾਂ ਵਿੱਚੋਂ ਇੱਕ ਨੌਜਵਾਨ ਦੀ ਹਸਪਤਾਲ ਦੇ ਕਰਮਚਾਰੀ ਕੁੱਟਮਾਰ ਕਰ ਰਹੇ ਹਨ | ਹਸਪਤਾਲ ਵਿੱਚ ਭਰਤੀ 55 ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ | ਇਸ ਸਮੇਂ ਹਸਪਤਾਲ ਦੇ ਬਾਹਰ ਭਾਰੀ ਗਿਣਤੀ ਵਿੱਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ |
ਇਸ ਦੌਰਾਨ ਕਈ ਪੀੜਤ ਪਰਵਾਰ ਸਾਹਮਣੇ ਆ ਰਹੇ ਹਨ ਤੇ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਆਪਣੇ ਮਰੀਜ਼ ਲਈ ਆਕਸੀਜਨ ਸਿਲੰਡਰ ਖਰੀਦ ਕੇ ਹਸਪਤਾਲ ਨੂੰ ਦਿੱਤਾ ਸੀ, ਪਰ ਫਿਰ ਵੀ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋ ਗਈ | ਵਾਇਰਲ ਵੀਡੀਓ ਵਿੱਚ ਡਾ. ਅਰਿੰਜਿਆ ਜੈਨ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ''ਆਕਸੀਜਨ ਕਿਤੇ ਨਹੀਂ, ਮੁੱਖ ਮੰਤਰੀ ਵੀ ਆਕਸੀਜਨ ਨਹੀਂ ਮੰਗਾ ਸਕਦਾ | ਤੈਅ ਹੋਇਆ ਕਿ ਮਰੀਜ਼ਾਂ ਨੂੰ ਡਿਸਚਾਰਜ ਕਰਨਾ ਸ਼ੁਰੂ ਕੀਤਾ ਜਾਵੇ, ਪਰ ਕੋਈ ਵੀ ਜਾਣ ਲਈ ਤਿਆਰ ਨਹੀਂ ਸੀ | ਅਸੀਂ ਹਰ ਇੱਕ ਨੂੰ ਸਮਝਾਇਆ, ਪਰ ਸਭ ਪੈਂਡੂਲਮ ਬਣੇ ਹੋਏ ਸਨ | ਫਿਰ ਅਸੀਂ ਕਿਹਾ ਕਿ ਦਿਮਾਗ ਲਾਉਣਾ ਛੱਡੋ ਅਤੇ ਉਨ੍ਹਾਂ ਮਰੀਜ਼ਾਂ ਦੀ ਛਾਂਟੀ ਕਰੋ, ਜੋ ਬਿਨਾਂ ਆਕਸੀਜਨ ਰਹਿ ਸਕਦੇ ਹਨ | ਫਿਰ ਪੰਜ ਮਿੰਟ ਲਈ ਆਕਸੀਜਨ ਬੰਦ ਕਰਕੇ ਇੱਕ ਤਜਰਬਾ ਜਾਂ ਮਾਕਡਿ੍ਲ ਕਰਨ ਲਈ ਕਿਹਾ, ਪਤਾ ਲੱਗ ਜਾਵੇਗਾ ਕਿ ਕੌਣ ਮਰੇਗਾ ਤੇ ਕੌਣ ਨਹੀਂ ਮਰੇਗਾ | ਅਸੀਂ ਸਵੇਰੇ 7 ਵਜੇ ਮਾਕਡਿ੍ਲ ਕੀਤੀ, ਸਭ ਨੂੰ ਸੁੰਨ ਕਰਕੇ, ਇਹ ਕਿਸੇ ਨੂੰ ਪਤਾ ਨਹੀਂ | ਫਿਰ ਛਾਂਟੇ ਗਏ 22 ਮਰੀਜ਼ ਤੁਰੰਤ ਬੋਲ ਪਏ | ਪੰਜ ਮਿੰਟਾਂ ਵਿੱਚ ਹੀ ਛਟਪਟਾਏ ਤੇ ਨੀਲੇ ਪੈਣ ਲੱਗੇ | ਹੁਣ 74 ਬਚੇ | ਫਿਰ ਇਨ੍ਹਾਂ ਦੇ ਪਰਵਾਰ ਵਾਲਿਆਂ ਨੂੰ ਆਪਣੇ-ਆਪਣੇ ਮਰੀਜ਼ਾਂ ਲਈ ਸਿਲੰਡਰ ਲਿਆਉਣ ਲਈ ਕਿਹਾ ਗਿਆ | ਸਭ ਤੋਂ ਵੱਡਾ ਪ੍ਰਯੋਗ ਇਹੀ ਰਿਹਾ |''
ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਡਾ. ਅਰਿੰਜਿਆ ਨੇ ਸਫ਼ਾਈ ਦਿੱਤੀ ਹੈ, ''ਆਕਸੀਜਨ ਇੱਕਦਮ ਬੰਦ ਨਹੀਂ ਸੀ ਕੀਤੀ ਗਈ, ਬਲਕਿ ਇੱਕ-ਇੱਕ ਕਰਕੇ ਆਕਸੀਜਨ ਲੈਵਲ ਚੈੱਕ ਕਰਕੇ ਬੈੱਡ ਸਾਈਡ ਅਡਜਸਟ ਕੀਤਾ ਗਿਆ ਸੀ, ਇਹ ਮਾਕਡਿ੍ਲ ਨਹੀਂ ਸੀ, ਉਨ੍ਹਾਂ ਦੇ ਮੂੰਹੋਂ ਗਲਤੀ ਨਾਲ ਇਹ ਕਹਿ ਹੋ ਗਿਆ |'' ਸਵਾਲ ਪੈਦਾ ਹੁੰਦਾ ਹੈ ਕਿ ਵੀਡੀਓ ਵਿੱਚ ਡਾਕਟਰ ਇਹ ਖੁਦ ਕਹਿ ਰਿਹਾ ਹੈ ਕਿ 74 ਬਚ ਗਏ ਤੇ ਉਨ੍ਹਾਂ ਦੇ ਪਰਵਾਰਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਆਕਸੀਜਨ ਸਿਲੰਡਰਾਂ ਦਾ ਬੰਦੋਬਸਤ ਕਰਨ | ਇਹ ਗੱਲ ਉਨ੍ਹਾਂ 22 ਮਰੀਜ਼ਾਂ ਦੇ ਪਰਵਾਰਾਂ ਨੂੰ ਵੀ ਕਹੀ ਜਾ ਸਕਦੀ ਸੀ, ਜਿਨ੍ਹਾਂ ਨੂੰ ਆਕਸੀਜਨ ਬੰਦ ਕਰਕੇ ਕਤਲ ਕਰ ਦਿੱਤਾ ਗਿਆ | ਪਾਰਸ ਹਸਪਤਾਲ ਵਿੱਚ ਵਾਪਰੇ ਇਸ ਕਾਂਡ ਨੇ ਕੋਰੋਨਾ ਕਾਲ ਦੌਰਾਨ ਯੋਗੀ ਸਰਕਾਰ ਦੀ ਘੋਰ ਲਾਪਰਵਾਹੀ ਤੇ ਸਿਹਤ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਯੋਗੀ ਦੇ ਹੁਕਮ ਉੱਤੇ ਆਕਸੀਜਨ ਦੀ ਮਦਦ ਦੇਣ ਵਾਲਿਆਂ ਉੱਤੇ ਕੇਸ ਦਰਜ ਕਰਕੇ ਗਿ੍ਫ਼ਤਾਰ ਕੀਤੇ ਗਏ, ਆਕਸੀਜਨ ਦੀ ਕਿੱਲਤ ਕਹਿਣ ਵਾਲੇ ਹਸਪਤਾਲਾਂ ਉੱਤੇ ਮੁਕੱਦਮੇ ਦਰਜ ਹੋਏ ਤੇ ਸੋਸ਼ਲ ਮੀਡੀਆ ਰਾਹੀਂ ਆਕਸੀਜਨ ਦੀ ਮਦਦ ਮੰਗਣ ਵਾਲਿਆਂ ਨੂੰ ਗਿ੍ਫ਼ਤਾਰ ਕਰਨ ਦੀਆਂ ਧਮਕੀਆਂ ਦੇ ਕੇ ਚੁੱਪ ਰਹਿਣ ਲਈ ਮਜਬੂਰ ਕੀਤਾ ਗਿਆ | ਇਸ ਕਾਂਡ ਵਿੱਚ ਵੀ ਯੋਗੀ ਸਰਕਾਰ ਹਸਪਤਾਲ ਦੇ ਮਾਲਕ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗ ਗਈ ਹੈ | ਡੀ ਐੱਮ ਦਾ ਇਹ ਬਿਆਨ ਕਿ ਉਸ ਦਿਨ ਹਸਪਤਾਲ ਵਿੱਚ 22 ਨਹੀਂ, ਸਿਰਫ਼ 7 ਮੌਤਾਂ ਹੋਈਆਂ ਸਨ, ਇਸੇ ਕੋਸ਼ਿਸ਼ ਦਾ ਹਿੱਸਾ ਹੈ | ਲੋਕ ਮੰਗ ਕਰ ਰਹੇ ਹਨ ਕਿ ਹਸਪਤਾਲ ਦੇ ਮਾਲਕ ਉੱਤੇ ਕਤਲੇਆਮ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ, ਪਰ ਪ੍ਰਸ਼ਾਸਨ ਨੇ ਸਿਰਫ਼ ਮਹਾਂਮਾਰੀ ਐਕਟ ਦੀਆਂ ਨਰਮ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਹੈ |

895 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper