Latest News
ਮੋਦੀ ਦੀ ਗਿਣਤੀ-ਮਿਣਤੀ

Published on 10 Jun, 2021 10:55 AM.


ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦੀ ਗਊ ਕਲਿਆਣ ਸਕੀਮ ਨੂੰ ਜ਼ੋਰ-ਸ਼ੋਰ ਨਾਲ ਲਾਗੂ ਕਰਨ ਵਾਲਾ ਆਈ ਏ ਐੱਸ ਅਫਸਰ ਅਨੂਪ ਚੰਦਰ ਪਾਂਡੇ ਹੁਣ ਅਗਲੇ ਸਾਲ ਯੂ ਪੀ ਅਸੰਬਲੀ ਚੋਣਾਂ ਕਰਾਉਣ ਵਿਚ ਮਦਦ ਕਰੇਗਾ | ਉਸ ਨੇ ਚੋਣ ਕਮਿਸ਼ਨਰ ਵਜੋਂ ਬੁੱਧਵਾਰ ਅਹੁਦਾ ਸੰਭਾਲਿਆ | 2018 ਵਿਚ ਯੋਗੀ ਦੇ 613 ਕਰੋੜ ਦੇ ਗਊ ਕਲਿਆਣ ਪ੍ਰੋਜੈਕਟ ਨੂੰ ਲਾਗੂ ਕਰਨ ਵਾਲੇ ਪਾਂਡੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਿਆਸੀ ਮਾਸਟਰ ਦਾ ਮਨ ਬਹੁਤ ਵਧੀਆ ਪੜ੍ਹਦਾ ਹੈ | ਦਸੰਬਰ 2018 ਵਿਚ ਉਹ ਆਗਰਾ ਦੀ ਸ਼ਕਲੋ-ਸੂਰਤ ਬਦਲਣ ਵਾਲੇ ਇਕ ਪ੍ਰੋਜੈਕਟ ਉਤੇ ਕੰਮ ਕਰ ਰਿਹਾ ਸੀ, ਪਰ ਉਸ ਨੇ ਉਹ ਪ੍ਰੋਜੈਕਟ ਚਾਣਚੱਕ ਬੰਦ ਕਰ ਦਿੱਤਾ, ਕਿਉਂਕਿ ਉਸ ਨੇ ਭਾਂਪ ਲਿਆ ਕਿ ਮੁਸਲਮਾਨ ਯਾਦਗਾਰ ਤਾਜ ਮਹਿਲ ਦੇ ਸ਼ਹਿਰ ਲਈ ਅਜਿਹਾ ਪ੍ਰੋਜੈਕਟ ਯੋਗੀ ਨੂੰ ਪਸੰਦ ਨਹੀਂ | ਗਊ ਕਲਿਆਣ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਪਾਂਡੇ ਜ਼ਿਲ੍ਹਾ ਅਧਿਕਾਰੀਆਂ ਨਾਲ ਨਿਰੰਤਰ ਬੈਠਕਾਂ ਕਰਦਾ ਸੀ | 2018-19 ਵਿਚ ਗਊਆਂ ਨਾਲ ਸੰਬੰਧਤ ਅਪਰਾਧਾਂ ਦੇ ਦੋਸ਼ ਵਿਚ 100 ਤੋਂ ਵੱਧ ਲੋਕ ਗਿ੍ਫਤਾਰ ਕੀਤੇ ਗਏ | 1984 ਬੈਚ ਦੇ ਅਫਸਰ ਪਾਂਡੇ ਦੇ 31 ਅਗਸਤ 2019 ਨੂੰ ਰਿਟਾਇਰ ਹੋਣ ਦੇ ਬਾਅਦ ਸੂਬੇ ਦੀਆਂ 600 ਗਊਸ਼ਾਲਾਵਾਂ ਫੰਡ ਜਾਰੀ ਨਾ ਹੋਣ ਕਰਕੇ ਬੰਦ ਕਰਨੀਆਂ ਪੈ ਗਈਆਂ ਸਨ | ਪਾਂਡੇ, ਜਿਹੜਾ 30 ਜੂਨ 2018 ਨੂੰ ਯੂ ਪੀ ਦਾ ਮੁੱਖ ਸਕੱਤਰ ਬਣਿਆ ਸੀ, ਨੇ ਵੱਖ-ਵੱਖ ਮਹਿਕਮਿਆਂ ਵਿਚ 37 ਸਾਲ ਕੰਮ ਕੀਤਾ | ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਪਾਂਡੇ ਦੀ ਨਿਯੁਕਤੀ ਦਰਸਾਉਂਦੀ ਹੈ ਕਿ ਮੋਦੀ ਨੇ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ | ਯੂ ਪੀ ਦੇ ਨਤੀਜਿਆਂ ਤੋਂ ਕਾਫੀ ਹੱਦ ਤੱਕ ਪਤਾ ਲੱਗ ਜਾਣਾ ਕਿ 2024 'ਚ ਕਿਹੋ ਜਿਹੇ ਨਤੀਜੇ ਨਿਕਲਣੇ | ਸੁਨੀਲ ਅਰੋੜਾ ਦੇ ਰਿਟਾਇਰ ਹੋਣ ਤੋਂ ਬਾਅਦ ਸੁਸ਼ੀਲ ਚੰਦਰ ਨੇ 12 ਅਪ੍ਰੈਲ ਨੂੰ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਿਆ | ਤੀਜਾ ਕਮਿਸ਼ਨਰ ਝਾਰਖੰਡ ਕਾਡਰ ਦਾ ਰਿਟਾਇਰ ਆਈ ਏ ਐੱਸ ਅਫਸਰ ਰਾਜੀਵ ਕੁਮਾਰ ਹੈ | ਸੁਨੀਲ ਚੰਦਰ ਨੇ ਯੂ ਪੀ ਚੋਣਾਂ ਤੋਂ ਬਾਅਦ ਮਈ 2022 ਵਿਚ ਰਿਟਾਇਰ ਹੋ ਜਾਣਾ ਹੈ | ਫਿਰ ਰਾਜੀਵ ਕੁਮਾਰ ਨੇ ਮੁੱਖ ਚੋਣ ਕਮਿਸ਼ਨਰ ਬਣਨਾ ਹੈ | ਪਾਂਡੇ ਦੀ ਮਿਆਦ (65 ਸਾਲ ਦੀ ਉਮਰ ਤੱਕ) ਫਰਵਰੀ 2024 ਤੱਕ ਹੈ | ਇਸ ਤੋਂ ਪਹਿਲਾਂ ਚੋਣ ਕਮਿਸ਼ਨਰ ਬਣਨ ਵਾਲਾ ਕੋਈ ਮੁੱਖ ਸਕੱਤਰ ਗੁਜਰਾਤ ਦਾ ਅਚਲ ਕੁਮਾਰ ਜੋਤੀ ਸੀ | ਉਸ ਦੀ ਨਿਯੁਕਤੀ 2015 ਵਿਚ ਹੋਈ ਸੀ ਤੇ 2017 ਦੀਆਂ ਗੁਜਰਾਤ ਚੋਣਾਂ ਉਸ ਦੇ ਮੁੱਖ ਚੋਣ ਕਮਿਸ਼ਨਰ ਹੁੰਦਿਆਂ ਹੋਈਆਂ ਸਨ | ਉਸ 'ਤੇ ਦੋਸ਼ ਲੱਗੇ ਸਨ ਕਿ ਉਸ ਨੇ ਭਾਜਪਾ ਆਗੂਆਂ ਖਿਲਾਫ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕੀਤਾ | ਪਿਛਲੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਅਰੋੜਾ ਨੇ ਜਿਵੇਂ ਪੱਛਮੀ ਬੰਗਾਲ ਦੀਆਂ ਚੋਣਾਂ ਕਰਾਈਆਂ, ਉਸ ਨੇ ਵੀ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਕਈ ਸੁਆਲ ਖੜ੍ਹੇ ਕੀਤੇ | ਪਾਂਡੇ ਦੀ ਕਾਰਗੁਜ਼ਾਰੀ ਅਜੇ ਪਰਖੀ ਜਾਣੀ ਹੈ, ਪਰ ਮੋਦੀ ਸਰਕਾਰ ਚੋਣ ਕਮਿਸ਼ਨ ਵਿਚ ਜਿਸ ਤਰ੍ਹਾਂ ਨਿਯੁਕਤੀਆਂ ਕਰਦੀ ਹੈ, ਉਸ ਤੋਂ ਸਾਫ ਝਲਕਦਾ ਹੈ ਕਿ ਉਹ ਹੁਕਮਰਾਨ ਭਾਜਪਾ ਨੂੰ ਫਾਇਦਾ ਪਹੁੰਚਾਉਣ ਵਾਲੇ ਅਫਸਰਾਂ ਦੀ ਹੀ ਚੋਣ ਕਰਦੀ ਹੈ | ਇਸੇ ਕਾਰਨ ਕਦੇ ਦੁਨੀਆ ਵਿਚ ਨਾਂਅ ਕਮਾਉਣ ਵਾਲਾ ਭਾਰਤ ਦਾ ਚੋਣ ਕਮਿਸ਼ਨ ਆਪਣਾ ਮਾਣ ਕਾਫੀ ਘਟਾ ਚੁੱਕਾ ਹੈ |

836 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper